ਪਿੰਡਾਂ ਵਿੱਚ ਪੰਚਾਇਤੀ ਚੋਣਾਂ ਦਾ ਅਖਾੜਾ ਭਖਿਆ ਹੋਇਆ ਹੈ। ਪਿੰਡ ਜੋਧਪੁਰ ਪਾਖਰ ਦੀ ਮਹਿਲਾਵਾਂ ਲਈ ਰਾਖਵੇਂ ਸਰਪੰਚੀ ਦੇ ਅਹੁਦੇ ਲਈ ਕਾਂਗਰਸ ਦੇ ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ ਅਤੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਭਲੇਰੀਆ ਆਹਮੋ ਸਾਹਮਣੇ ਆ ਗਏ ਹਨ। ਇਨ੍ਹਾਂ ਦੋਵੇਂ ਕਾਂਗਰਸੀਆਂ ਦਾ ਇਹ ਮਾਮਲਾ ਪੰਜਾਬ ਪ੍ਰਧਾਨ ਸਨੀਲ ਜਾਖੜ ਦੀ ਕਚਹਿਰੀ ਵਿੱਚ ਪਹੁੰਚਣ ਦੀ ਚਰਚਾ ਹੈ। ਤਲਵੰਡੀ ਬਲਾਕ ਵਿੱਚ ਪੈਂਦੇ ਪਿੰਡ ਜੋਧਪੁਰ ਪਾਖਰ ਵਿੱਚ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਰਾਜਿੰਦਰ ਸਿੰਘ ਦੀ ਪਤਨੀ ਛਿੰਦਰ ਕੌਰ ਕਾਂਗਰਸ ਵੱਲੋਂ ਚੋਣ ਮੈਦਾਨ ਵਿੱਚ ਕੁੱਦੇ ਹੋਏ ਹਨ, ਦੂਜੇ ਪਾਸੇ ਕਪੂਰ ਸਿੰਘ ਦੀ ਪਤਨੀ ਸ਼ਿੰਦਰ ਪਾਲ ਕੌਰ ਮੈਦਾਨ ਵਿੱਚ ਹੈ। ਦੋਵਾਂ ਉਮੀਦਵਾਰਾਂ ਨੂੰ ਕਾਂਗਰਸ ਦਾ ਸਮਰਥਨ ਪ੍ਰਾਪਤ ਹੈ। ਕਪੂਰ ਸਿੰਘ ਦੀ ਪਤਨੀ ਸ਼ਿੰਦਰ ਪਾਲ ਕੌਰ ਦੇ ਹੱਕ ਵਿੱਚ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਪ੍ਰਚਾਰ ਕਰ ਰਹੇ ਹਨ, ਦੂਜੇ ਪਾਸੇ ਕਾਂਗਰਸ ਦੇ ਬਲਾਕ ਪ੍ਰਧਾਨ ਰਾਜਿੰਦਰ ਸਿੰੰਘ ਦੀ ਪਤਨੀ ਲਈ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਭਲੇਰੀਆ ਵੱਲੋਂ ਵੋਟਾਂ ਮੰਗੀਆ ਜਾ ਰਹੀ ਹਨ।ਚੋਣ ਵਿੱਚ ਕਾਂਗਰਸ ਪਾਰਟੀ ਦੇ ਉਲਟ ਪ੍ਰਚਾਰ ਕਰਨ ’ਤੇ ਜਦੋਂ ਹਰਮੰਦਰ ਸਿੰਘ ਜੱਸੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਚੰਗੇ ਪਾਰਟੀ ਉਮੀਦਵਾਰ ਲਈ ਪ੍ਰਚਾਰ ਕਰ ਰਹੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਇਹ ਉਮੀਦਵਾਰ ਤਾਂ ਕਾਂਗਰਸ ਪਾਰਟੀ ਦਾ ਮੁੱਢਲਾ ਮੈਂਬਰ ਵੀ ਨਹੀ ਜਦੋਂ ਕਿ ਦੂਜੀ ਉਮੀਦਵਾਰ ਦੇ ਪਤੀ ਕਾਂਗਰਸ ਦਾ ਬਲਾਕ ਪ੍ਰਧਾਨ ਹੈ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਹਿਸਾਬ ਨਾਲ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਨ ਉਹ ਇਸ ਗੱਲ ਨੂੰ ਨਹੀਂ ਮੰਨਦੇ। ਦੂਜੇ ਪਾਸੇ ਕਾਂਗਰਸ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਭਲੇਰੀਆ ਦਾ ਕਹਿਣਾ ਸੀ ਕਿ ਜੱਸੀ ਕਾਂਗਰਸ ਪਾਰਟੀ ਖਿਲਾਫ਼ ਚੱਲ ਰਹੇ ਹਨ ਜੋ ਬਹੁਤ ਮਾੜੀ ਗੱਲ ਹੈ। ਸੂਤਰਾਂ ਅਨੁਸਾਰ ਇਹ ਮਾਮਲੇ ਨੂੰ ਜਿਲ੍ਹਾ ਪ੍ਰਧਾਨ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਸਨੀਲ ਜਾਖੜ ਦੇ ਦਰਬਾਰ ਵਿੱਚ ਪਹੁੰਚਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿੰਡ ਸਿਵੀਆ ਵਿੱਚ ਕਾਂਗਰਸ ਦੇ ਬਲਾਕ ਪ੍ਰਧਾਨ ਬਲਕਰਨ ਸਿੰਘ ਵੱਲੋਂ ਵੀ ਆਜ਼ਾਦ ਚੋਣ ਲੜਨਾ ਕਾਂਗਰਸ ਵਿੱਚ ਸਭ ਅੱਛਾ ਨਾ ਹੋਣ ਦੇ ਸੰਕੇਤ ਹਨ।
INDIA ਜੋਧਪੁਰ ਪਾਖਰ ਦੀ ਸਰਪੰਚੀ ਵੱਡੇ ਕਾਂਗਰਸੀ ਆਗੂਆਂ ਦੀ ਮੁੱਛ ਦਾ ਸਵਾਲ ਬਣੀ