(ਸਮਾਜ ਵੀਕਲੀ)
ਨੌਂ ਗ੍ਰਹਿ, ਨਛੱਤਰ ਸਾਰੇ
ਅੱਜ ਓਸ ਨੇ ਭੁੰਜੇ ‘ਤਾਰੇ
ਸੂਰਜ,ਚੰਦ ਅਨੇਕਾਂ ਤਾਰੇ
ਜਾਣ ਓਸ ‘ਤੋਂ ਵਾਰੇ ਵਾਰੇ
ਕਾਇਨਾਤ ਪਈ ਗੀਤ ਗਾਂਵਦੀ
ਕੈਸੀ ਓਹਦੀ ਮਾਇਆ ?
ਜੋਗੀ ਉੱਤਰ ਪਹਾੜੋਂ ਆਇਆ!
ਪਾਸੋਂ ਇੰਦਰ ਕਮਾਨ ਦੇ
ਲੈ ਰੰਗ ਨਿੰਮਲ ਅਸਮਾਨ ਦੇ
ਪਾਏ ਵਸਤਰ ਅਜਬ ਇਮਾਨ ਦੇ
ਹੈਰਤ ਵਿੱਚ ਦੇਵ ਜਹਾਨ ਦੇ
ਹੈ ਅਚੰਭਾ ਜਾਂ ਹਕੀਕਤ,
ਕੈਸਾ ਸਵਾਂਗ ਰਚਾਇਆ ?
ਜੋਗੀ ਉੱਤਰ ਪਹਾੜੋਂ ਆਇਆ!
ਘੜੇ ਸੁਦਰਸ਼ਨ ਨਕਸ਼ ਨੇ
ਬ੍ਰਹਿਮੰਡੋਂ ਵੱਢੇ ਲਕਸ਼ ਨੇ
ਸ਼ੈਤਾਨ ਕਰੇਂਦੇ ਰਕਸ ਨੇ
ਕਣ ਕਣ ਵਿੱਚ ਦਿੱਸਦੇ ਅਕਸ ਨੇ
ਤੈਅ ਹੈ ਮੁਕਤੀ ਓਸ ਮਾਨਸ ਦੀ
ਪੈ ਜਾਏ ਜਿਸ ਤੇ ਸਾਇਆ
ਜੋਗੀ ਉੱਤਰ ਪਹਾੜੋਂ ਆਇਆ!
ਹੱਥ ਅਨੇਕਾਂ ਪੈਰ ਅਨੇਕਾਂ ਸੋਝੀ ਅਪਰੰਪਾਰ
ਤੀਜੇ ਨੇਤਰ ਦੇ ਤਾਂਡਵ ਤੋਂ ਤੇਜ ਓਸਦਾ ਪਾਰ
ਤ੍ਰੀ ਲੋਕ ਜੇ ਰਲ਼ ਕੇ ਆਵਣ ਝੱਲ ਪਾਉਣ ਨਾ ਵਾਰ
ਨਾ ਕਿਸੇ ਦਾ ਦੁਸ਼ਮਣ ਹੈ ਤੇ ਨਾ ਕਿਸੇ ਦਾ ਯਾਰ
ਹੈ ਕੌਣ ਓਹ ਨੂਰ?
ਜਿਹਦਾ ਹੈ ਗੀਤ “ਵਿਰਕ” ਨੇ ਗਾਇਆ
ਜੋਗੀ ਉੱਤਰ ਪਹਾੜੋਂ ਆਇਆ!
ਰਣਧੀਰ ਵਿਰਕ