ਜੋਕ ਰਾਜ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

ਗ਼ੈਰ ਕਾਨੂੰਨੀ ਨਸ਼ੇ ਵੇਚਦੇ ਵੱਡੀਆਂ ਕਾਰਾਂ ਵਾਲ਼ੇ।

ਫੋਟੋਆਂ ਦਸਦੀਆਂ ਇਹ ਵਿਕਾਉਂਦੇ ਨੇ ਸਰਕਾਰਾਂ ਵਾਲ਼ੇ।

ਪਹਿਲਾਂ ਭਾਵੇਂ ਹਿੱਸੇ ਪੱਤੀਆਂ ਰਹਿੰਦੇ ਹੋਣ ਵੰਡਾਉਂਦੇ,

ਪਰ ਮੌਕੇ ‘ਤੇ ਮੁੱਕਰ ਜਾਂਦੇ ਨੇ ਖਰੇ ਪਿਆਰਾਂ ਵਾਲ਼ੇ।

ਫੜਨ ਵਾਲ਼ਿਆਂ ਨਾਲ਼ੋਂ ਹਮੇਸ਼ਾ ਛੱਡਣ ਵਾਲ਼ੇ ਤਕੜੇ ਨੇ,

ਨਾਲ਼ ਅੰਦਰੋ ਅੰਦਰੀ ਪੱਖ ਪੂਰਨ ਨੋਟਾਂ ਦੇ ਹਾਰਾਂ ਵਾਲ਼ੇ।

 

ਸ਼ਰਮੇਂ ਰੰਚਣਾਂ ਵਾਲ਼ੇ ਵਰਗੇ ਲੁਟਦੇ ਸੁਰਗ਼ ਨਜ਼ਾਰੇ ,

ਰੁਲਦੂ ਵਰਗੇ ਧੰਦ ਪਿਟਦੇ ਨੇ ਸੋਚ ਵਿਚਾਰਾਂ ਵਾਲ਼ੇ।

ਲੋਕਰਾਜ ਨਾ ਆਖੋ ਇਸਨੂੰ ਇਹ ਰਾਜ ਹੈ ਜੋਕਾਂ ਦਾ ,

ਧੱਕੇ ਨਾਲ਼ ਜਿੱਤ ਜਾਂਦੇ ਨੇ ਵੱਡੀਆਂ ਦਸਤਾਰਾਂ ਵਾਲ਼ੇ।

ਲੋਕੀ ਕੁੱਝ ਦਿਨ ਰੌਲ਼ਾ ਪਾ ਕੇ ਭੁੱਲ ਭੁਲਾ ਨੇ ਜਾਂਦੇ,

ਰੌਲ਼ਾ ਪਾਉਂਦੇ ਰਹਿੰਦੇ ਚੈਨਲ ਤੇ ਅਖ਼ਬਾਰਾਂ ਵਾਲ਼ੇ।

ਆਖ਼ਰ ਇੱਕ ਦਿਨ ਲੋਕਾਂ ਨੂੰ ਹੀ ‘ਕੱਠੇ ਹੋਣਾ ਪੈਣਾਂ ,

ਛੱਡ ਕੇ ਝਗੜੇ ਝੇੜੇ ਨਿੱਜੀ ਕੰਮਾਂ ਕਾਰਾਂ ਵਾਲ਼ੇ ।

ਛੱਡ ਕੇ ਝਗੜੇ ਝੇੜੇ ਨਿੱਜੀ ਕੰਮਾਂ ਕਾਰਾਂ ਵਾਲ਼ੇ ।

ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ(ਸੰਗਰੂਰ)
ਪੰਜਾਬ 148024

Previous articleNeha Sharma is ‘trying to lose all the Covid weight’
Next articleਪੰਜਾਬੀ ਸਾਹਿਤ ਵੱਲ ਵੱਧਦੇ ਬੀਬੀਆਂ ਭੈਣਾਂ ਦੇ ਕਦਮਾਂ ਦਾ ਕੱਚ ਤੇ ਸੱਚ