ਜੋਅ ਬਾਇਡਨ ਅਮਰੀਕਾ ਦੇ ਨਵੇਂ ਰਾਸ਼ਟਰਪਤੀ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੇ ਕਈ ਮੁੱਖ ਟੈਲੀਵਿਜ਼ਨ ਨੈੱਟਵਰਕਾਂ ਨੇ ਦਾਅਵਾ ਕੀਤਾ ਹੈ ਕਿ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਹੋਣਗੇ। ਮੀਡੀਆ ਹਾਊਸਾਂ ਨੇ ਇਹ ਦਾਅਵਾ ਪੈਨਸਿਲਵੇਨੀਆ ’ਚ ਬਾਇਡਨ ਨੂੰ ਮਿਲੀ ਜਿੱਤ ਦੇ ਆਧਾਰ ’ਤੇ ਕੀਤਾ ਹੈ।

ਐਡੀਸਨ ਰਿਸਰਚ ਅਨੁਸਾਰ ਬਾਇਡਨ ਨੇ ਕੁੱਲ 290 ਇਲੈਕਟੋਰਲ ਕਾਲਜ ਵੋਟਾਂ ਜਿੱਤ ਲਈਆਂ ਹਨ, ਜਿਸ ਨਾਲ ਊਨ੍ਹਾਂ ਦੀ ਜਿੱਤ ਨਿਰਧਾਰਿਤ ਹੁੰਦੀ ਹੈ। ਸੂਬੇ ਪੈਨਸਿਲਵੇਨੀਆ ਵਿੱਚ ਮਿਲੀ ਸੱਜਰੀ ਜਿੱਤ ਨਾਲ ਬਾਇਡਨ ਨੂੰ 20 ਹੋਰ ਵੋਟਾਂ ਮਿਲੀਆਂ ਹਨ, ਜਿਸ ਨਾਲ ਊਹ ਵਾਈਟ ਹਾਊਸ ਲਈ ਲੋੜੀਂਦਾ 270 ਦਾ ਕ੍ਰਿਸ਼ਮਈ ਅੰਕੜਾ ਪਾਰ ਕਰ ਗਏ ਹਨ। ਊਧਰ, ਰਿਪਬਲਿਕਨ ਊਮੀਦਵਾਰ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਹੁਣ ਤੱਕ 214 ਵੋਟਾਂ ਜਿੱਤੀਆਂ ਹਨ।

ਭਾਵੇਂ ਅਜੇ ਕੁਝ ਸੂਬਿਆਂ ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਨਤੀਜੇ ਆਊਣੇ ਅਜੇ ਬਾਕੀ ਹਨ ਪਰ ਬਾਇਡਨ ਨੂੰ ਬਹੁਮਤ ਮਿਲ ਜਾਣ ਕਰਕੇ ਊਹ ਰਾਸ਼ਟਰਪਤੀ ਚੋਣ ਜਿੱਤ ਗਏ ਹਨ।  ਵਾਈਟ ਹਾਊਸ ਵਿੱਚ 20 ਜਨਵਰੀ ਨੂੰ ਬਾਇਡਨ ਅਮਰੀਕਾ ਦੇ ਸਭ ਤੋਂ ਵਡੇਰੀ ਊਮਰ ਦੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣਗੇ। ਊਦੋਂ ਊਹ 78 ਵਰ੍ਹਿਆਂ ਦੇ ਹੋ ਜਾਣਗੇ। ਪਹਿਲਾਂ ਸ਼ੁੱਕਰਵਾਰ ਦੇੇੇਰ ਰਾਤ ਜੋਅ ਬਾਇਡਨ ਨੇ ਵਿਲਮਿੰਗਟਨ ਵਿੱਚ ਆਪਣੇ ਪ੍ਰਚਾਰ ਹੈੱਡਕੁਆਰਟਰ ਤੋਂ ਸੰਬੋਧਨ ਕਰਦਿਆਂ ਨੇ ਕਿਹਾ ਕਿ ਇਹ ‘ਸਪੱਸ਼ਟ ਅਤੇ ਯਕੀਨੀ’ ਹੋ ਗਿਆ ਹੈ ਕਿ ਊਹ ਰਿਪਬਲਿਕਨ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਵਾਈਟ ਹਾਊਸ ਦੀ ਚੋਣ ਜਿੱਤਣ ਜਾ ਰਹੇ ਹਨ।

ਮੁੱਖ ਸੂਬਿਆਂ ਵਿੱਚ ਵੋਟਾਂ ਦੀ ਗਿਣਤੀ ਚੱਲ ਰਹੀ ਹੋਣ ਕਾਰਨ ਬਾਇਡਨ ਨੇ ਜਿੱਤ ਦਾ ਐਲਾਨ ਕਰਨ ਤੋਂ ਗੁਰੇਜ਼ ਕੀਤਾ ਪ੍ਰੰਤੂ ਭਰੋਸਾ ਪ੍ਰਗਟਾਇਆ ਕਿ ਜਦੋਂ ਅੰਤਿਮ ਨਤੀਜੇ ਆਊਣਗੇ ਤਾਂ ਊਹ ਜੇਤੂ ਹੋਣਗੇ। ਬਾਇਡਨ ਨੇ ਕਿਹਾ, ‘‘ਮੇਰੇ ਅਮਰੀਕੀ ਸਾਥੀਓ, ਸਾਡੇ ਕੋਲ ਹਾਲੇ ਤੱਕ ਜਿੱਤ ਲਈ ਅੰਤਿਮ ਨਤੀਜਾ ਨਹੀਂ ਹੈ, ਪ੍ਰੰਤੂ ਅੰਕੜੇ ਸਾਨੂੰ ਸਪੱਸ਼ਟ ਅਤੇ ਯਕੀਨੀ ਤਸਵੀਰ ਦਿਖਾ ਰਹੇ ਹਨ: ਅਸੀਂ ਇਹ ਮੁਕਾਬਲਾ ਜਿੱਤਣ ਜਾ ਰਹੇ ਹਾਂ।’’ ਇਸ ਮੌਕੇ ਪਾਰਟੀ ਦੀ ਊਪ-ਰਾਸ਼ਟਰਪਤੀ ਅਹੁਦੇ ਲਈ ਊਮੀਦਵਾਰ ਕਮਲਾ ਹੈਰਿਸ (56) ਵੀ ਮੰਚ ’ਤੇ ਮੌਜੂਦ ਸੀ ਪ੍ਰੰਤੂ ਊਨ੍ਹਾਂ ਨੇ ਸੰਬੋਧਨ ਨਹੀਂ ਕੀਤਾ।

ਪਿਛਲੇ 24 ਘੰਟਿਆਂ ਦੌਰਾਨ ਪੈਨਸਿਲਵੇਨੀਆ, ਐਰੀਜ਼ੋਨਾ, ਨੇਵਾਡਾ ਅਤੇ ਜੌਰਜੀਆ ਸੂਬਿਆਂ ਵਿੱਚ ਚੱਲ ਰਹੀ ਵੋਟਾਂ ਦੀ ਗਿਣਤੀ ’ਤੇ ਝਾਤ ਪਾਉਂਦਿਆਂ ਬਾਇਡਨ ਨੇ ਜ਼ੋਰ ਦੇ ਕੇ ਕਿਹਾ ਕਿ ਊਹ 300 ਤੋਂ ਵੱਧ ਇਲੈਕਟੋਰਲ ਕਾਲਜ ਵੋਟਾਂ ਪ੍ਰਾਪਤ ਕਰਨ ਦੀ ਰਾਹ ’ਤੇ ਹਨ। ਬਾਇਡਨ ਨੇ ਆਪਣੇ ਸੰਬੋਧਨ ਵਿੱਚ ਮੰਨਿਆ ਕਿ ਵੋਟਾਂ ਦੀ ਗਿਣਤੀ ਧੀਮੀ ਗਤੀ ਨਾਲ ਚੱਲ ਰਹੀ ਹੈ ਪ੍ਰੰਤੂ ਊਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਹਰੇਕ ਵੋਟ ਗਿਣੀ ਜਾਵੇਗੀ ਭਾਵੇਂ ਕੋਈ ਗਿਣਤੀ ਰੋਕਣ ਲਈ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲਵੇ। ਬਾਇਡਨ ਨੇ ਐਲਾਨ ਕੀਤਾ ਕਿ ਊਹ ਆਪਣੇ ਦਫ਼ਤਰ ਦੇ ਪਹਿਲੇ ਦਿਨ ਕੋਵਿਡ-19 ਮਹਾਮਾਰੀ ਦਾ ਫੈਲਾਅ ਰੋਕਣ ਲਈ ਯੋਜਨਾਵਾਂ ਲੈ ਕੇ ਆਊਣਗੇ।

ਦੂਜੇ ਪਾਸੇ, ਟਰੰਪ ਨੇ ਹਾਲੇ ਹਾਰ ਨਹੀਂ ਸਵੀਕਾਰੀ ਹੈ ਬਲਕਿ ਊਹ ਇੱਥੋਂ ਤੱਕ ਕਹਿ ਰਹੇ ਹਨ ਕਿ ਡੈਮੋਕਰੈਟਿਕ ਊਮੀਦਵਾਰ ਨੂੰ ਜਿੱਤ ਦੇ ਗਲਤ     ਦਾਅਵੇ ਨਹੀਂ ਕਰਨੇ ਚਾਹੀਦੇ। ਟਰੰਪ ਨੇ ਟਵੀਟ ਕੀਤਾ, ‘‘ਜੋਅ ਬਾਇਡਨ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਗਲਤ ਦਾਅਵੇ ਨਹੀਂ ਕਰਨੇ ਚਾਹੀਦੇ। ਮੈਂ ਵੀ ਅਜਿਹੇ ਦਾਅਵੇ ਕਰ ਸਕਦਾ ਹਾਂ। ਕਾਨੂੰਨੀ ਕਾਰਵਾਈ ਹੁਣੇ ਹੀ ਸ਼ੁਰੂ ਹੋਣ ਜਾ ਰਹੀ ਹੈ!’’

Previous articleਵੱਡੀਆ ਉਮਰਾਂ ਵਾਲ਼ਾ ਸ਼ਾਇਰ
Next articleਕਮਲਾ ਹੈਰਿਸ ਨੇ ਸਿਰਜਿਆ ਇਤਿਹਾਸ