ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇੱਥੇ ਥਾਈਲੈਂਡ, ਜਾਪਾਨ, ਨਿਊਜ਼ੀਲੈਂਡ ਅਤੇ ਯੂਰਪੀ ਯੂਨੀਅਨ ਦੇ ਵਿਦੇਸ਼ ਮੰਤਰੀਆਂ ਦੇ ਨਾਲ ਦੁਵੱਲੇ ਮੁੱਦਿਆਂ ਸਮੇਤ ਅਨੇਕਾਂ ਅਹਿਮ ਮੁੱਦੇ ਵਿਚਾਰੇ। ਇਸ ਦੌਰਾਨ ਉਨ੍ਹਾਂ ਨੇ ਇੰਡੋ-ਪ੍ਰਸ਼ਾਂਤ ਅਤੇ ਸਾਗਰਾਂ ਸਬੰਧੀ ਭਾਈਵਾਲੀ ਦੇ ਮੁੱਦਿਆਂ ਉੱਤੇ ਵੀ ਚਰਚਾ ਕੀਤੀ। ਸ੍ਰੀ ਜੈਸ਼ੰਕਰ ਇੱਥੇ ਅਨੇਕਾਂ ਕੌਮਾਂਤਰੀ ਕਾਨਫਰੰਸਾਂ ਦੇ ਵਿੱਚ ਹਿੱਸਾ ਲੈਣ ਲਈ ਆਏ ਹਨ। ਉਹ ਆਸੀਆਨ- ਇੰਡੀਆ ਮੰਤਰੀਆਂ ਦੀ ਮੀਟਿੰਗ, ਪੂਰਬੀ ਏਸ਼ੀਆ ਦੇ ਵਿਦੇਸ਼ ਮੰਤਰੀਆਂ ਦੀ 9ਵੀਂ ਮੀਟਿੰਗ, ਅਸਿਆਨ ਖੇਤਰੀ ਫੋਰਮ ਦੀ 29ਵੀਂ ਮੀਟਿੰਗ ਅਤੇ ਮੇਕੋਂਗ- ਗਾ ਸਹਿਯੋਗ ਦੇ ਮੰਤਰੀਆਂ ਦੀ 10ਵੀਂ ਮੀਟਿੰਗ ਵਿੱਚ ਹਿੱਸਾ ਲੈ ਰਹੇ ਹਨ। ਸ੍ਰੀ ਜੈਸ਼ੰਕਰ ਨੇ ਟਵੀਟ ਕਰਕੇ ਦੱਸਿਆ ਕਿ ਮੀਟਿੰਗਾਂ ਸਵੇਰੇ ਸ਼ੁਰੂ ਹੋਈਆਂ ਅਤੇ ਥਾਈਲੈਂਡ ਦੇ ਵਿਦੇਸ਼ ਮੰਤਰੀ ਡਾਨ ਪਰਾਮੁਦਵਿਨਾਈ ਦੇ ਨਾਲ ਨਿੱਘੇ ਮਾਹੌਲ ਵਿੱਚ ਮੀਟਿੰਗ ਹੋਈ। ਦੋਵਾਂ ਧਿਰਾਂ ਵਿਚਕਾਰ ਸਾਗਰੀ ਸਹਿਯੋਗ ਵਧਾਉਣ ਲਈ ਗੰਭੀਰ ਵਿਚਾਰਾਂ ਹੋਈਆਂ। ਉਨ੍ਹਾਂ ਨੇ ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਵਿੰਸਟਨ ਪੀਟਰ ਦੇ ਨਾਲ ਭਾਰਤ- ਪ੍ਰਸ਼ਾਂਤ ਖਿੱਤੇ ਦੇ ਮੁੱਦੇ ਵਿਚਾਰੇ। ਉਨ੍ਹਾਂ ਨੇ ਟਵੀਟ ਕਰਕੇ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵਾਂ ਆਗੂਆਂ ਵਿਚਾਲੇ ਬਹੁਤ ਹੀ ਚੰਗੇ ਮਾਹੌਲ ਵਿੱਚ ਮੀਟਿੰਗ ਹੋਈ ਅਤੇ ਰਾਜਸੀ ਤੇ ਆਰਥਿਕ ਸਬੰਧ ਹੋਰ ਮਜ਼ਬੂਤ ਕਰਨ ਲਈ ਸਹਿਮਤੀ ਬਣੀ। ਉਹ ਯੂਰਪੀ ਯੂਨੀਅਨ ਦੇ ਨੁਮਾਇੰਦੇ ਫੇਡਰਿਕਾ ਮੋਗੇਰਿਨੀ ਨੂੰ ਵੀ ਮਿਲੇ। ਉਨ੍ਹਾਂ ਨੇ ਜਾਪਾਨ ਦੇ ਵਿਦੇਸ਼ ਮੰਤਰੀ ਤਾਰੋ ਕੋਨੋ ਦੇ ਨਾਲ ਵੀ ਮੀਟਿੰਗ ਕੀਤੀ। ਦੋਵਾਂ ਨੇ ਦੁਵੱਲੇ ਮੁੱਦਿਆਂ ਉੱਤੇ ਚਰਚਾ ਕੀਤੀ। ਸ੍ਰੀ ਜੈਸ਼ੰਕਰ ਨੇ ਸਾਰੇ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੇ ਨਾਲ ਹੋਈਆਂ ਮੀਟਿੰਗਾਂ ਦੇ ਬਾਰੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ।
INDIA ਜੈਸ਼ੰਕਰ ਨੇ ਥਾਈਲੈਂਡ, ਨਿਊਜ਼ੀਲੈਂਡ, ਜਾਪਾਨ ਦੇ ਵਿਦੇਸ਼ ਮੰਤਰੀਆਂ ਨਾਲ ਦੁਵੱਲੇ ਮੁੱਦੇ ਵਿਚਾਰੇ