ਪੰਜਾਬ-ਜੰਮੂ ਸਰਹੱਦ ’ਤੇ ਲਖਨਪੁਰ ਤੋਂ ਟਰੱਕ ਸਮੇਤ ਫੜੇ
ਜੰਮੂ-ਕਸ਼ਮੀਰ ਪੁਲੀਸ ਨੇ ਅੱਜ ਸਵੇਰੇ ਪੰਜਾਬ ਦੀ ਹੱਦ ਵਿੱਚੋਂ ਦਾਖ਼ਲ ਹੋਏ ਟਰੱਕ ਵਿੱਚ ਸਵਾਰ ਜੈਸ਼-ਏ-ਮੁਹੰਮਦ ਜਥੇਬੰਦੀ ਨਾਲ ਸਬੰਧਤ ਤਿੰਨ ਦਹਿਸ਼ਤਗਰਦਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਟਰੱਕ ਵਿੱਚੋਂ ਚਾਰ ਏਕੇ-56, ਦੋ ਏਕੇ-47 ਰਾਈਫਲਾਂ, 6 ਮੈਗਜ਼ੀਨ ਅਤੇ 180 ਕਾਰਤੂਸ ਬਰਾਮਦ ਕੀਤੇ ਹਨ। ਟਰੱਕ ਦਿੱਲੀ ਤੋਂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵੱਲ ਨੂੰ ਜਾ ਰਿਹਾ ਸੀ ਅਤੇ ਇਹ ਸੇਬਾਂ ਨੂੰ ਪੈਕ ਕਰਨ ਲਈ ਵਰਤੇ ਜਾਂਦੇ ਗੱਤੇ ਦੇ ਖਾਲੀ ਡੱਬਿਆਂ ਨਾਲ ਭਰਿਆ ਹੋਇਆ ਸੀ। ਸਾਰਾ ਅਸਲਾ ਇਨ੍ਹਾਂ ਡੱਬਿਆਂ ਹੇਠਾਂ ਲੁਕੋ ਕੇ ਲਿਜਾਇਆ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਜੰਮੂ ਕਸ਼ਮੀਰ ਪੁਲੀਸ ਨੂੰ ਹਥਿਆਰਾਂ ਦੀ ਤਸਕਰੀ ਬਾਰੇ ਪਹਿਲਾਂ ਹੀ ਖੁਫ਼ੀਆ ਜਾਣਕਾਰੀ ਸੀ। ਇਹ ਟਰੱਕ ਜਿਉਂ ਹੀ ਪੰਜਾਬ ਦੇ ਅਖੀਰਲੇ ਕਸਬੇ ਮਾਧੋਪੁਰ ਨੂੰ ਪਾਰ ਕਰਕੇ ਜੰਮੂ ਕਸ਼ਮੀਰ ਦੇ ਲਖਨਪੁਰ ਥਾਣੇ ਦੀ ਹੱਦ ਵਿੱਚ ਦਾਖਲ ਹੋਇਆ ਤਾਂ ਜੰਮੂ ਕਸ਼ਮੀਰ ਪੁਲੀਸ ਨੇ ਟਰੱਕ ਦੀ ਤਲਾਸ਼ੀ ਦੌਰਾਨ ਅਸਲਾ ਬਰਾਮਦ ਕਰ ਲਿਆ।
ਇਸ ਤੋਂ ਇਲਾਵਾ 11 ਹਜ਼ਾਰ ਰੁਪਏ ਦੀ ਨਗ਼ਦੀ ਵੀ ਬਰਾਮਦ ਕੀਤੀ ਗਈ। ਪੁਲੀਸ ਨੇ ਟਰੱਕ ਵਿੱਚ ਸਵਾਰ ਤਿੰਨ ਵਿਅਕਤੀਆਂ, ਜਿਨ੍ਹਾਂ ਦੀ ਪਛਾਣ ਡਰਾਈਵਰ ਸਬੀਲ ਅਹਿਮਦ ਬਾਬਾ ਵਾਸੀ ਪੁਲਵਾਮਾ, ਕਲੀਨਰ ਜਹਾਂਗੀਰ ਅਹਿਮਦ ਪਾਰੇ ਵਾਸੀ ਬਡਗਾਮ ਅਤੇ ਉਬੈਦ-ਉਲ-ਇਸਲਾਮ ਵਾਸੀ ਪੁਲਵਾਮਾ ਵਜੋਂ ਦੱਸੀ ਗਈ ਹੈ, ਨੂੰ ਕਾਬੂ ਕਰ ਲਿਆ। ਇਨ੍ਹਾਂ ਤਿੰਨਾਂ ਖਿਲਾਫ਼ ਲਖਨਪੁਰ ਥਾਣੇ ਵਿੱਚ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂਏਪੀਏ) ਸਮੇਤ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਮਨਸੂਖ਼ ਕੀਤੇ ਜਾਣ ਮਗਰੋਂ ਕਸ਼ਮੀਰ ਵਾਦੀ ਵਿੱਚ ਦਹਿਸ਼ਤਗਰਦਾਂ ਨੂੰ ਪੰਜਾਬ ਰਾਹੀਂ ਹਥਿਆਰ ਭੇਜਣ ਦਾ ਇਹ ਪਹਿਲਾ ਮਾਮਲਾ ਹੈ। ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਐਸਐਸਪੀ ਸ਼੍ਰੀਧਰ ਪਾਟਿਲ ਨੇ ਕਿਹਾ ਕਿ ਖ਼ਫੀਆ ਏਜੰਸੀਆਂ ਦੇ ਮਜ਼ਬੂਤ ਨੈੱਟਵਰਕ ਕਰ ਕੇ ਟਰੱਕ ਸਵਾਰ ਤਿੰਨ ਵਿਅਕਤੀਆਂ ਨੂੰ ਅਸਲੇ ਸਮੇਤ ਕਾਬੂ ਕਰਨ ’ਚ ਸਫ਼ਲਤਾ ਮਿਲੀ ਹੈ। ਇਸ ਦੌਰਾਨ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਉਨ੍ਹਾਂ ਐਸਐਸਓਸੀ ਅੰਮ੍ਰਿਤਸਰ ਤੋਂ ਇਕ ਅਧਿਕਾਰੀ ਭੇਜਿਆ ਹੈ, ਜੋ ਜੰਮੂ ਕਸ਼ਮੀਰ ਪੁਲੀਸ ਨੂੰ ਜਾਂਚ ਵਿੱਚ ਸਹਿਯੋਗ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀ ਜੰਮੂ ਕਸ਼ਮੀਰ ਪੁਲੀਸ ਦੇ ਸੰਪਰਕ ਵਿੱਚ ਹਨ।