ਜੈਸ਼ੰਕਰ ਤੇ ਬਲਿੰਕਨ ਵੱਲੋਂ ਮਿਆਂਮਾਰ ਦੇ ਮੁੱਦੇ ’ਤੇ ਰਾਬਤਾ

ਨਿਊਯਾਰਕ (ਸਮਾਜ ਵੀਕਲੀ) : ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਆਪਣੇ ਭਾਰਤੀ ਹਮਰੁਤਬਾ ਐੱਸ. ਜੈਸ਼ੰਕਰ ਨਾਲ ਮਿਆਂਮਾਰ ਮੁੱਦੇ ’ਤੇ ਵਿਚਾਰ-ਚਰਚਾ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਦੋਵਾਂ ਆਗੂਆਂ ਨੇ ਭਾਰਤ-ਅਮਰੀਕਾ ਰਿਸ਼ਤਿਆਂ ਦੀ ਮਜ਼ਬੂਤੀ ਤੇ ਸਾਂਝੇ ਹਿੱਤਾਂ ਦੇ ਕਈ ਹੋਰ ਮੁੱਦੇ ਵਿਚਾਰੇ ਹਨ। ਇਸ ਦੌਰਾਨ ਫ਼ੌਜੀ ਰਾਜ ਪਲਟੇ ਤੋਂ ਬਾਅਦ ਬਰਮਾ (ਮਿਆਂਮਾਰ) ਦੀ ਸਥਿਤੀ ਉਤੇ ਵੀ ਦੋਵਾਂ ਆਗੂਆਂ ਨੇ ਫ਼ਿਕਰ ਜ਼ਾਹਿਰ ਕੀਤਾ ਹੈ।

ਮਿਆਂਮਾਰ ’ਚ ਕਾਨੂੰਨ ਦੇ ਰਾਜ ਤੇ ਲੋਕਤੰਤਰ ਕਾਇਮ ਰੱਖਣ ਦੀ ਪ੍ਰਕਿਰਿਆ ਦੇ ਮਹੱਤਵ ’ਤੇ ਦੋਵਾਂ ਆਗੂਆਂ ਨੇ ਸਹਿਮਤੀ ਪ੍ਰਗਟਾਈ। ਜੈਸ਼ੰਕਰ ਤੇ ਬਲਿੰਕਨ ਨੇ ਖੇਤਰੀ ਮੁੱਦਿਆਂ, ਭਾਰਤੀ-ਪ੍ਰਸ਼ਾਂਤ ਖਿੱਤੇ ਵਿਚ ਦੋਵਾਂ ਮੁਲਕਾਂ ਦੇ ਸਹਿਯੋਗ ਦਾ ਵਿਸਤਾਰ ਕਰਨ ਬਾਰੇ ਵੀ ਗੱਲਬਾਤ ਕੀਤੀ। ਮਹਾਮਾਰੀ ਤੇ ਜਲਵਾਯੂ ਤਬਦੀਲੀ ਦੇ ਮੁੱਦੇ ਵੀ ਗੱਲਬਾਤ ਦੌਰਾਨ ਉੱਭਰ ਕੇ ਸਾਹਮਣੇ ਆਏ। ਭਾਰਤੀ-ਪ੍ਰਸ਼ਾਂਤ ਖੇਤਰ ਵਿਚ ਚੀਨ ਦੀ ਹਮਲਾਵਰ ਪਹੁੰਚ ਦਾ ਟਾਕਰਾ ਕਰਨ ਲਈ ਕਾਇਮ ਕੀਤੇ ਗਏ ਅਮਰੀਕਾ, ਜਾਪਾਨ, ਆਸਟਰੇਲੀਆ ਤੇ ਭਾਰਤ ਦੇ ਸਮੂਹ ਰਾਹੀਂ ਖੇਤਰੀ ਤਾਲਮੇਲ ’ਚ ਵਾਧਾ ਕਰਨ ’ਤੇ ਵੀ ਦੋਵਾਂ ਆਗੂਆਂ ਨੇ ਸਹਿਮਤੀ ਪ੍ਰਗਟ ਕੀਤੀ।

Previous articleਸਰਕਾਰ ਨਵੇਂ ਖੇਤੀ ਕਾਨੂੰਨ ਲਾਗੂ ਕਰਨ ਲਈ ਵਚਨਬੱਧ: ਸੰਜੀਵ ਸਾਨਿਆਲ
Next article‘ਟਾਈ’ ਨਾ ਬੰਨ੍ਹਣ ਕਾਰਨ ਮਾਓਰੀ ਆਗੂ ਨੂੰ ਸੰਸਦ ’ਚੋਂ ਕੱਢਿਆ