ਭਾਜਪਾ ਨੇ ਯੂਪੀ ਦੀਆਂ 29 ਸੀਟਾਂ ਲਈ ਉਮੀਦਵਾਰ ਐਲਾਨੇ; ਸੂਚੀ ’ਚ ਮੇਨਕਾ, ਵਰੁਣ ਤੇ ਜੈਪ੍ਰਦਾ ਸ਼ਾਮਲ
ਭਾਜਪਾ ਨੇ ਅਗਾਮੀ ਲੋਕ ਸਭਾ ਚੋਣਾਂ ਲਈ ਅੱਜ ਯੂਪੀ ਤੋਂ 29 ਉਮੀਦਵਾਰਾਂ ਦੀ ਨਵੀਂ ਸੂਚੀ ਐਲਾਨ ਦਿੱਤੀ ਹੈ। ਇਸ ਸੂਚੀ ਵਿੱਚ ਕੇਂਦਰੀ ਮੰਤਰੀ ਮੇਨਕਾ ਗਾਂਧੀ, ਉਨ੍ਹਾਂ ਦੇ ਪੁੱਤਰ ਤੇ ਸੰਸਦ ਮੈਂਬਰ ਵਰੁਣ ਗਾਂਧੀ ਤੇ ਅਦਾਕਾਰ ਜੈਪ੍ਰਦਾ ਦੇ ਨਾਂ ਸ਼ਾਮਲ ਹਨ। ਨਵੀਂ ਸੂਚੀ ਮੁਤਾਬਕ ਮੇਨਕਾ ਤੇ ਵਰੁਣ ਨੇ ਹੁਣ ਇਕ ਦੂਜੇ ਨਾਲ ਸੀਟ ਦਾ ਤਬਾਦਲਾ ਕੀਤਾ ਹੈ। ਜੈਪ੍ਰਦਾ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਦੇ ਘੰਟਿਆਂ ਅੰਦਰ ਹੀ ਰਾਮਪੁਰ ਤੋਂ ਉਮੀਦਵਾਰ ਐਲਾਨਿਆ ਗਿਆ ਹੈ।
ਇਸ ਦੌਰਾਨ ਭਾਜਪਾ ਨੇ ਸਾਬਕਾ ਕੇਂਦਰੀ ਮੰਤਰੀ ਅਨੰਤ ਕੁਮਾਰ ਦੀ ਵਿਧਵਾ ਤੇਜਸਵਨੀ ਨੂੰ ਟਿਕਣ ਦੇਣ ਤੋਂ ਇਨਕਾਰ ਕਰਦਿਆਂ ਇਸ ਲੋਕ ਸਭਾ ਹਲਕੇ ਤੋਂ ਯੁਵਾ ਵਿੰਗ ਦੇ ਆਗੂ ਤੇਜਸਵੀ ਸੂਰਿਆ ਨੂੰ ਮੈਦਾਨ ’ਚ ਉਤਾਰਿਆ ਹੈ। ਕੁਮਾਰ ਇਸ ਲੋਕ ਸਭਾ ਹਲਕੇ ਤੋਂ ਛੇ ਵਾਰ ਸੰਸਦ ਮੈਂਬਰ ਰਹੇ ਹਨ। ਭਾਜਪਾ ਦੇ ਜਨਰਲ ਸਕੱਤਰ ਅਰੁਣ ਸਿੰਘ ਨੇ ਯੂਪੀ ਦੀਆਂ 29 ਸੰਸਦੀ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰਦਿਆਂ ਕਿਹਾ ਕਿ ਕੇਂਦਰੀ ਮੰਤਰੀ ਮਨੋਜ ਸਿਨਹਾ ਗਾਜ਼ੀਪੁਰ ਤੋਂ ਚੋਣ ਲੜਨਗੇ ਜਦੋਂਕਿ ਯੂਪੀ ਸਰਕਾਰ ’ਚ ਮੰਤਰੀ ਰੀਟਾ ਬਹੁਗੁਣਾ ਜੋਸ਼ੀ ਤੇ ਸੱਤਿਆਦੇਵ ਪਚੌਰੀ ਕ੍ਰਮਵਾਰ ਅਲਾਹਾਬਾਦ ਤੇ ਕਾਨਪੁਰ ਸੀਟਾਂ ਤੋਂ ਚੋਣ ਮੈਦਾਨ ਵਿੱਚ ਨਿੱਤਰਨਗੇ। ਸੀਨੀਅਰ ਭਾਜਪਾ ਆਗੂ ਮੁਰਲੀ ਮਨੋਹਰ ਜੋਸ਼ੀ (85) ਨੇ 2014 ਵਿਚ ਕਾਨਪੁਰ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਸੀ। ਯੂਪੀ ਭਾਜਪਾ ਦੇ ਮੁਖੀ ਮਹਿੰਦਰ ਨਾਥ ਪਾਂਡੇ ਮੁੜ ਚੰਦੌਲੀ ਸੀਟ ਤੋਂ ਉਮੀਦਵਾਰ ਹੋਣਗੇ।