ਜੈਟ ਏਅਰਵੇਜ਼ ਅਗਲੇ ਸਾਲ ਮੁੜ ਉਡਾਣ ਭਰੇਗੀ

ਨਵੀਂ ਦਿੱਲੀ। ਜੈਟ ਏਅਰਵੇਜ਼ ਛੇਤੀ ਹੀ ਉਡਾਣ ਭਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ 2022 ਦੀ ਪਹਿਲੀ ਤਿਮਾਹੀ ਤਕ ਘਰੇਲੂ ਹਵਾਈ ਸੇਵਾਵਾਂ ਮੁੜ ਸ਼ੁਰੂ ਕਰੇਗੀ। ਇਸ ਪਿੱਛੋਂ 2022 ਦੇ ਅਖੀਰ ਤਕ ਛੋਟੀ ਦੂਰੀ ਦੀਆਂ ਕੌਮਾਂਤਰੀ ਉਡਾਣਾਂ ਦੀ ਵੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਇਸ ਏਅਰਲਾਈਨ ਨੂੰ ਐਕਵਾਇਰ ਕਰਨ ਲਈ ਸਫਲ ਬੋਲੀ ਲਾਉਣ ਵਾਲੇ ਜਾਲਾਨ ਕਾਲਰਾਕ ਕੰਸੋਰਟੀਅਮ ਨੇ ਇਹ ਜਾਣਕਾਰੀ ਦਿੱਤੀ ਹੈ। ਜੈਟ ਏਅਰਵੇਜ਼ ਦੀ ਪਹਿਲੀ ਉਡਾਣ ਦਿੱਲੀ-ਮੁੰਬਈ ਮਾਰਗ ਉੱਤੇ ਹੋਵੇਗੀ ਤੇ ਇਸ ਦਾ ਮੁੱਖ ਦਫ਼ਤਰ ਮੁੰਬਈ ਦੀ ਬਜਾਏ ਦਿੱਲੀ ਵਿੱਚ ਹੋਵੇਗਾ। ਵਰਨਣ ਯੋਗ ਹੈ ਕਿ ਨੈਸ਼ਨਲ ਕੰਪਨੀ ਲਾਅ ਟਿ੍ਰਬਿਊਨਲ (ਐਨ ਸੀ ਐਲ ਟੀ) ਨੇ ਇਸ ਸਾਲ ਜੂਨ ਵਿੱਚ ਜੈਟ ਏਅਰਵੇਜ਼ ਲਈ ਜਾਲਾਨ ਕਾਲਰਾਕ ਗਠਜੋੜ ਦੀ ਸਲਿਊਸ਼ਨ ਯੋਜਨਾ ਮਨਜ਼ੂਰ ਕਰ ਲਈ ਸੀ। ਆਪ੍ਰੇਟਿੰਗ ਮੁੜ ਸ਼ੁਰੂ ਕਰਨ ਦੀਆਂ ਖ਼ਬਰਾਂ ਨਾਲ ਜੈਟ ਏਅਰਵੇਜ਼ ਦੇ ਸ਼ੇਅਰਾਂ ਵਿੱਚ ਕੱਲ੍ਹ 4.97 ਫ਼ੀਸਦੀ ਦਾ ਉਛਾਲ ਆਇਆ। ਕੰਪਨੀ ਦਾ ਸ਼ੇਅਰ ਬੀ ਐਸ ਈ ਉੱਤੇ 4.97 ਫ਼ੀਸਦੀ ਦੇਵਾਧੇ ਨਾਲ 83.50 ਰੁਪਏ ਉੱਤੇ ਪਹੁੰਚ ਗਿਆ।ਜਾਲਾਨ ਕਾਲਰਾਕ ਕੰਸੋਰਟੀਅਮ ਦੇ ਪ੍ਰਮੁੱਖ ਮੈਂਬਰ ਮੁਰਾਰੀ ਲਾਲ ਜਾਲਾਨ ਨੇ ਕਿਹਾ ਕਿ ਜੈਟ ਏਅਰਵੇਜ਼ 2.0 ਦਾ ਟੀਚਾ 2022 ਦੀ ਪਹਿਲੀ ਤਿਮਾਹੀ ਤਕ ਘਰੇਲੂ ਆਪ੍ਰੇਟਿੰਗ ਅਤੇ 2022 ਦੀ ਤੀਜੀ/ਚੌਥੀ ਤਿਮਾਹੀ ਤਕ ਕੌਮਾਂਤਰੀ ਆਪ੍ਰੇਟਿੰਗ ਨੂੰ ਮੁੜ ਸ਼ੁਰੂ ਕਰਨਾ ਹੈ।ਉਨ੍ਹਾਂ ਨੇ ਕਿਹਾ ਕਿ ਜਾਲਾਨ ਦੀ ਯੋਜਨਾ ਤਿੰਨ ਸਾਲ ਵਿੱਚ 50 ਤੋਂ ਵੱਧ ਜਹਾਜ਼ ਅਤੇ ਪੰਜ ਸਾਲ ਵਿੱਚ 100 ਤੋਂ ਵੱਧ ਜਹਾਜ਼ਾਂ ਦਾ ਬੇੜਾ ਤਿਆਰ ਕਰਨ ਦੀ ਹੈ, ਜੋ ਗਠਜੋੜ ਦੀ ਛੋਟੀ ਅਤੇ ਲੰਮੀ ਮਿਆਦ ਦੀ ਕਾਰੋਬਾਰੀ ਯੋਜਨਾ ਲਈ ਪੂਰੀ ਤਰ੍ਹਾਂ ਅਨੁਕੂਲ ਹੈ। ਹਵਾਬਾਜ਼ੀ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਡਾਣਾਂ ਲਈ ਏਅਰ ਆਪ੍ਰੇਟਰ ਸਰਟੀਫਿਕੇਟ ਹਾਸਲ ਕਰਨ ਦਾ ਅਮਲ ਵੀ ਚੱਲ ਰਿਹਾ ਹੈ। ਸਾਲ 2019 ਵਿੱਚ ਜੈਟ ਏਅਰਵੇਜ਼ ਨੂੰ ਆਪਣੀਆਂ ਸਾਰੀਆਂ ਫਲਾਈਟਾਂ ਬੰਦ ਕਰਨੀਆਂ ਪਈਆਂ ਸਨ। ਨੈਸ਼ਨਲ ਕੰਪਨੀ ਲਾਅ ਟਿ੍ਰਬਿਊਨਲ (ਐਨ ਸੀ ਐਲ ਟੀ) ਨੇ ਇਸ ਸਾਲ ਜੂਨ ਵਿੱਚ ਜੈਟ ਏਅਰਵੇਜ਼ ਲਈ ਜਾਲਾਨ ਕਾਲਕਾਰ ਕੰਸੋਰਟੀਅਮ ਦੀ ਸਲਿਊਸ਼ਨ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ। ਦੋ ਸਾਲ ਪਹਿਲਾਂ ਕੰਪਨੀ ਦੇ ਦਿਵਾਲੀਆ ਸਲਿਊਸ਼ਨ ਲਈ ਕਾਰਵਾਈ ਸ਼ੁਰੂ ਹੋਈ ਸੀ। ਜਾਲਾਨ ਨੇ ਕਿਹਾ ਕਿ ਇਹ ਹਵਾਬਾਜ਼ੀ ਉਦਯੋਗ ਦੇ ਖੇਤਰ ਦਾ ਇੱਕ ਇਤਿਹਾਸ ਹੈ ਕਿ ਕੋਈ ਹਵਾਬਾਜ਼ੀ ਕੰਪਨੀ ਜੋ ਦੋ ਸਾਲ ਪਹਿਲਾਂ ਕਾਰੋਬਾਰ ਬੰਦ ਕਰ ਚੁੱਕੀ ਹੈ, ਉਸ ਨੂੰ ਮੁੜ ਬਹਾਲ ਕੀਤਾ ਜਾ ਰਿਹਾ ਹੈ।

Previous articleਮੱਧ ਪ੍ਰਦੇਸ ਦੀ ਇਕ ਖਾਣ ’ਚ ਮਿਲਿਆ ਬੇਸ਼ਕੀਮਤੀ ਹੀਰਾ
Next articleयूपी एटीएस द्वारा लखनऊ से उठाए गए आमिर जावेद के परिजनों से रिहाई मंच ने की मुलाक़ात, उठाए सवाल