ਸਵੱਛ ਭਾਰਤ ਅਭਿਆਨ ਤਹਿਤ ਸਵੱਛ ਜ਼ਿਲ੍ਹੇ ਦਾ ਦਰਜਾ ਪ੍ਰਾਪਤ ਕਰਨ ਵਾਲੇ ਫਾਜ਼ਿਲਕਾ ਸ਼ਹਿਰ ਵਿੱਚ ਮਹਾਂਵੀਰ ਕਾਲੋਨੀ ਅਤੇ ਬੀਕਾਨੇਰੀ ਰੋਡ ਵਾਸੀਆਂ ਨੇ ਫਲੈਕਸ ਲਗਾ ਕੇ ਸਿਆਸੀ ਆਗੂਆਂ ਨੂੰ ਸੂਚਿਤ ਕਰ ਦਿੱਤਾ ਕਿ ਕੋਈ ਵੀ ਆਗੂ ਉਨ੍ਹਾਂ ਦੇ ਮੁਹੱਲੇ ’ਚ ਵੋਟ ਮੰਗਣ ਨਾ ਆਵੇ, ਜੇਕਰ ਕੋਈ ਵੀ ਆਗੂ ਵੋਟ ਮੰਗਣ ਲਈ ਆਉਂਦਾ ਹੈ ਤਾਂ ਉਹ ਆਪਣੇ ਨੁਕਸਾਨ ਦਾ ਆਪ ਜ਼ਿੰਮੇਵਾਰ ਹੋਵੇਗਾ। ਜਾਣਕਾਰੀ ਦਿੰਦਿਆਂ ਅਮਿਤ ਉਪਵੇਜਾ, ਸੰਦੀਪ ਅਗਰਵਾਲ, ਮੁਕੇਸ਼ ਜਾਂਗਿੜ, ਰਮਨ, ਮਹਿੰਦਰ ਸ਼ਰਮਾ, ਸੁਰਿੰਦਰ, ਸੰਦੀਪ ਦਿਵਾਨਾ, ਅਜੈ ਕੁਮਾਰ, ਲਿਲਾਧਰ ਗੋਇਲ ਅਤੇ ਬੀਕਾਨੇਰੀ ਰੋਡ ਵਾਸੀ ਅਤੇ ਮਹਾਂਵੀਰ ਕਾਲੋਨੀ ਦੇ ਵਾਸੀਆਂ ਨੇ ਪ੍ਰਸ਼ਾਸਨ ਨੂੰ ਕੋਸਦਿਆਂ ਕਿਹਾ ਕਿ ਚੋਣਾਂ ਵੇਲੇ ਵਾਅਦੇ ਤਾਂ ਹਰ ਕੋਈ ਕਰ ਜਾਂਦਾ ਹੈ ਪਰ ਮਤਲਬ ਪੂਰਾ ਹੋਣ ਮਗਰੋਂ ਕੋਈ ਮੁੜ ਕੇ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਗਲੀਆਂ-ਨਾਲੀਆਂ ਦਾ ਬੁਰਾ ਹਾਲ ਹੈ ਅਤੇ ਮੀਂਹ ਪੈਣ ਮਗਰੋਂ ਸੜਕਾਂ ’ਤੇ ਲਗਾਤਾਰ ਪਾਣੀ ਖੜਾ ਰਹਿੰਦਾ ਹੈ। ਕਲੋਨੀ ਵਾਸੀਆਂ ਨੇ ਕਿਹਾ ਕਿ ਜਦੋਂ ਵੀ ਵਿਕਾਸ ਕਾਰਜਾਂ ਬਾਰੇ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਕਮੇਟੀ ਅਧਿਕਾਰੀ ਇਹ ਕਹਿ ਕੇ ਬੁੱਤਾ ਸਾਰ ਦਿੰਦੇ ਹਨ ਕਿ ਇਹ ਕਾਲੋਨੀ ਨਾਜਾਇਜ਼ ਢੰਗ ਨਾਲ ਬਣਾਈ ਹੋਈ ਹੈ, ਜਿਸ ਕਾਰਨ ਵਿਕਾਸ ਨਹੀਂ ਹੋ ਸਕਦਾ। ਮੁਹੱਲਾ ਵਾਸੀਆਂ ਨੇ ਕਿਹਾ ਕਿ ਉਹ ਹਰ ਤਰ੍ਹਾਂ ਦਾ ਟੈਕਸ ਵੀ ਭਰਦੇ ਹਨ ਅਤੇ ਉਨ੍ਹਾਂ ਕਲੋਨੀ ਦਾ ਨਕਸ਼ਾ ਵੀ ਪਾਸ ਕਰਵਾਇਆ ਹੋਇਆ ਹੈ ਪਰ ਫਿਰ ਵੀ ਕਮੇਟੀ ਦੇ ਅਧਿਕਾਰੀ ਕਹਿੰਦੇ ਹਨ ਕਿ ਇਹ ਕਾਲੋਨੀ ਗੈਰ ਕਾਨੂੰਨੀ ਹੈ। ਇਸ ਤੋਂ ਅੱਕੇ ਮੁਹੱਲਾ ਵਾਸੀਆਂ ਨੇ ਆਪਣੇ ਮੁਹੱਲੇ ’ਚ ਇਕ ਫਲੈਕਸ ਲਗਾ ਦਿੱਤਾ ਕਿ ਕੋਈ ਵੀ ਪਾਰਟੀ ਦਾ ਨੁਮਾਇੰਦਾ ਮੁਹੱਲੇ ਵਿੱਚ ਵੋਟ ਮੰਗਣ ਨਾ ਆਏ ਕਿਉਂਕਿ ਸਾਡੀ ਕਾਲੋਨੀ ਗੈਰ ਕਾਨੂੰਨੀ ਹੈ।
INDIA ਜੇ ਥੋਨੂੰ ਸਾਡੀ ਲੋੜ ਨਹੀਂ, ਸਾਨੂੰ ਵੀ ਕੋਈ ਥੋੜ ਨਹੀਂ