(ਸਮਾਜ ਵੀਕਲੀ)
ਜੇ ਕਰ ਉਸ ਨੂੰ ਹੁੰਦੀ ਨਾ ਰੋਟੀ ਦੀ ਮਜਬੂਰੀ ,
ਤਾਂ ਉਹ ਤੇਰੀ ਭੁਲਕੇ ਵੀ ਕਰਦਾ ਨਾ ਮਜ਼ਦੂਰੀ ।
ਸਾਡੀ ਤਾਂ ਮਰਜ਼ ਵਧਾ ਦਿੱਤੀ ਹੈ ਵੈਦ ਉਸੇ ਨੇ ,
ਜਿਸ ਦੀ ਅਖ਼ਬਾਰਾਂ ਵਿੱਚ ਛਪਦੀ ਹੈ ਨਿੱਤ ਮਸ਼ਹੂਰੀ ।
ਦੈਂਤ ਨਿਰਾਸ਼ਾ ਦੇ ਨੂੰ ਫਿਰ ਤਾਂ ਖਿਸਕਣ ਦੀ ਪੈ ਗਈ ,
ਫੜ ਕੇ ਪੱਲਾ ਹਿੰਮਤ ਦਾ ਜਦ ਮੈਂ ਵੱਟੀ ਘੂਰੀ ।
ਉਸ ਦੀ ਮੱਤ ਗਈ ਸੀ ਮਾਰੀ , ਏਦਾਂ ਲਗਦਾ ਸੀ ,
ਜੋ ਘਰ ਦੀ ਫ਼ਿਕਰ ਭੁਲਾ ਕੇ ਵੇਖ ਰਿਹਾ ਸੀ ਨੂਰੀ ।
ਭੂਤ , ਚੜੇਲਾਂ ਕੱਢਣ ਦਾ ਜੋ ਕਰਦਾ ਸੀ ਦਾਅਵਾ ,
ਰਾਤੀਂ ਉਹ ਸਾਧੂ ਖਿਸਕ ਗਿਆ ਛੱਡ ਆਪਣੀ ਭੂਰੀ ।
ਸੀਖਾਂ ਤੋੜਨ ਬਾਰੇ ਕਿੱਦਾਂ ਸੋਚਣ ਉਹ ਤੋਤੇ ,
ਪਿੰਜਰਿਆਂ ‘ਚ ਜਿਨ੍ਹਾਂ ਨੂੰ ਨਿੱਤ ਮਿਲ ਜਾਂਦੀ ਹੈ ਚੂਰੀ ।
ਰਾਤੀਂ ਉਹ ਬਸਤੀ ਦੇ ਲੋਕਾਂ ਤੋਂ ਕੁੱਟ ਖਾ ਬੈਠਾ ,
ਜੋ ਨਿੱਤ ਬਕਦਾ ਰਹਿੰਦਾ ਸੀ ਪੀ ਕੇ ਬੋਤਲ ਪੂਰੀ ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554