ਸਾਬਕਾ ਆਈਏਐੱਸ ਅਫ਼ਸਰ ਅਤੇ ਜੰਮੂ ਐਂਡ ਕਸ਼ਮੀਰ ਪੀਪਲਜ਼’ ਮੂਵਮੈਂਟ (ਜੇਕੇਪੀਐੱਮ) ਦੇ ਬਾਨੀ ਸ਼ਾਹ ਫੈਸਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਨੌਜਵਾਨਾਂ ਲਈ ਸਭ ਤੋਂ ਵੱਡਾ ਮੰਚ ਹੋਵੇਗਾ, ਪਰ ਇਹ ਉਨ੍ਹਾਂ ਰਾਜਸੀ ਆਗੂਆਂ ਲਈ ਵੀ ਆਪਣੇ ਦਰਵਾਜ਼ੇ ਖੁੱਲ੍ਹੇ ਰੱਖੇਗੀ ਜਿਨ੍ਹਾਂ ਦਾ ਰਿਕਾਰਡ ਸਾਫ਼ ਰਿਹਾ ਹੈ। ਫੈਸਲ, ਸਾਬਕਾ ਪੀਡੀਪੀ ਮੰਤਰੀ ਰਹੇ ਜਾਵੈਦ ਮੁਸਤਫਾ ਮੀਰ ਸਮੇਤ ਹੋਰ ਸੀਨੀਅਰ ਪਾਰਟੀ ਆਗੂਆਂ ਨਾਲ ਇੱਥੇ ਜੰਮੂ ਵਿਚ ਆਪਣੇ ਤਿੰਨ ਦਿਨਾਂ ਦੌਰੇ ਦੌਰਾਨ ਪੁੱਜੇ ਸਨ। ਉਨ੍ਹਾਂ ਕਿਹਾ, ‘ਅਸੀਂ ਕਸ਼ਮੀਰ ਦੇ ਲੋਕਾਂ ਨਾਲ ਗੱਲ ਕੀਤੀ ਹੈ ਅਤੇ ਇੱਥੇ ਭਾਈਚਾਰੇ, ਸਾਂਝੀਵਾਲਤਾ ਤੇ ਭਵਿੱਖ ਤੇ ਮੌਜੂਦਾ ਲੀਡਰਸ਼ਿਪ ਦੀਆਂ ਲੋੜਾਂ ਪੂਰੀਆਂ ਕਰਨ ਦਾ ਸੰਦੇਸ਼ ਦੇਣ ਲਈ ਆਏ ਹਾਂ।’
ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਇੱਕ ਵਿਅਕਤੀ ਨੇ ਮੀਰ ਦਾ ਭਾਸ਼ਣ ਰੋਕਣ ਦਾ ਯਤਨ ਕੀਤਾ ਤੇ ਪਾਰਟੀ ਵਿਚ ਉਸ ਨੂੰ ਸ਼ਾਮਲ ਕਰਨ ’ਤੇ ਸਵਾਲ ਕੀਤਾ। ਇਸ ਦੇ ਜੁਆਬ ਵਜੋਂ ਫੈਸਲ ਨੇ ਕਿਹਾ,‘ਇਹ ਚੰਗਾ ਹੈ ਕਿ ਸਾਡੇ ਨਾਲ ਚੰਗੇ ਲੋਕ ਜੁੜ ਰਹੇ ਹਨ ਪਰ ਸਾਨੂੰ ਅਨੁਭਵੀ ਲੋਕਾਂ ਦੀ ਵੀ ਲੋੜ ਹੈ।’ ਦੱਸਣਯੋਗ ਹੈ ਕਿ ਮੀਰ ਨੇ ਤਿੰਨ ਸਾਲ ਚੰਦੂਰਾ ਹਲਕੇ ਦੀ ਨੁਮਾਇੰਦਗੀ ਕੀਤੀ ਸੀ ਪਰ ਇਸ ਸਾਲ ਜਨਵਰੀ ਵਿਚ ਪੀਡੀਪੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਪਹਿਲਾਂ ਫੈਸਲ ਨੇ ਪਾਰਟੀ ਦੇ ਚੋਣ ਮਨੋਰਥ ਪੱਤਰ ਬਾਰੇ ਲੋਕਾਂ ਨੂੰ ਦੱਸਿਆ ਤੇ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਉੱਤੇ ਸਵਾਲ ਕੀਤੇ। ਉਸ ਨੇ ਭ੍ਰਿਸ਼ਟਾਚਾਰ ਨੂੰ ਗੰਭੀਰ ਮੁੱਦਾ ਦੱਸਦਿਆਂ ਕਿਹਾ ਕਿ ਪਾਰਦਰਸ਼ਤਾ ਤੇ ਚੰਗੇ ਪ੍ਰਸ਼ਾਸਨ ਨਾਲ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕਦਾ ਹੈ।
INDIA ਜੇਕੇਪੀਐੱਮ ਨੌਜਵਾਨਾਂ ਲਈ ਸਭ ਤੋਂ ਵੱਡਾ ਮੰਚ: ਫੈਸਲ