ਭਾਰਤੀ ਨਿਸ਼ਾਨਚੀਆਂ ਨੇ ਸੋਨ ਤਗ਼ਮਿਆਂ ’ਤੇ ਹੂੰਝਾ ਫੇਰਿਆ

ਭਾਰਤੀ ਨਿਸ਼ਾਨੇਬਾਜ਼ਾਂ ਨੇ ਤਾਇਵਾਨ ਵਿੱਚ ਚੱਲ ਰਹੀ 12ਵੀਂ ਏਸ਼ਿਆਈ ਏਅਰਗੰਨ ਚੈਂਪੀਅਨਸ਼ਿਪ ਵਿੱਚ ਆਪਣਾ ਦਬਦਬਾ ਬਰਕਰਾਰ ਰੱਖਦਿਆਂ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਸਾਰੇ ਸੋਨ ਤਗ਼ਮੇ ਜਿੱਤੇ। ਭਾਰਤ ਨੇ ਹੁਣ ਤੱਕ 14 ਵਿੱਚੋਂ 12 ਸੋਨ ਤਗ਼ਮੇ ਜਿੱਤੇ ਹਨ ਅਤੇ ਉਸ ਦੀ ਝੋਲੀ ਵਿੱਚ 12 ਸੋਨੇ, ਚਾਰ ਚਾਂਦੀ ਅਤੇ ਦੋ ਕਾਂਸੀ ਦੇ ਤਗ਼ਮੇ ਹੋ ਗਏ ਹਨ।
ਦਿਵਿਆਂਸ਼ ਸਿੰਘ ਪੰਵਾਰ ਅਤੇ ਇਲਾਵੈਨਿਲ ਵਲਾਰਿਵਾਨ ਨੇ 10 ਮੀਟਰ ਏਅਰ ਰਾਈਫਲ ਪੁਰਸ਼ ਅਤੇ ਮਹਿਲਾ ਵਰਗ ਵਿੱਚ ਸੋਨ ਤਗ਼ਮੇ ਜਿੱਤੇ। ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਟੀਮ ਵਰਗ ਦਾ ਸੋਨ ਤਗ਼ਮਾ ਫੁੰਡਿਆ। ਦਿਵਿਆਂਸ਼ ਨੇ 249.7 ਦਾ ਸਕੋਰ ਬਣਾਇਆ। ਭਾਰਤੀ ਤਿਕੜੀ ਨੇ 1880.7 ਸਕੋਰ ਬਣਾ ਕੇ ਕੋਰੀਆ ਨੂੰ ਪਛਾੜ ਕੇ ਸੋਨ ਤਗ਼ਮਾ ਜਿੱਤਿਆ। ਮਹਿਲਾ ਫਾਈਨਲ ਵਿੱਚ ਇਲਾਵੈਨਿਲ ਨੇ ਸੋਨ ਤਗ਼ਮੇ ’ਤੇ ਨਿਸ਼ਾਨਾ ਲਾਇਆ, ਜਦਕਿ ਤਾਇਪੈ ਦੀ ਲਿਨ ਯਿੰਗ ਲਿਨ ਨੂੰ ਚਾਂਦੀ ਦਾ ਤਗ਼ਮਾ ਮਿਲਿਆ। ਕੋਰੀਆ ਦੀ ਪਾਰਕ ਸੁਨਮਿਨ ਨੇ ਕਾਂਸੀ ਦਾ ਤਗ਼ਮਾ ਜਿੱਤਿਆ।
ਇਲਾਵੈਨਿਲ, ਅਪੂਰਵੀ ਚੰਦੇਲਾ ਅਤੇ ਮੇਘਨਾ ਦੀ ਭਾਰਤੀ ਟੀਮ 1878.6 ਅੰਕ ਲੈ ਕੇ ਸ਼ਿਖਰ ’ਤੇ ਰਹੀ, ਜਦੋਂਕਿ ਤਾਇਪੈ 1872.5 ਅੰਕਾਂ ਨਾਲ ਦੂਜੇ ਸਥਾਨ ’ਤੇ ਰਿਹਾ। ਜੂਨੀਅਰ 10 ਮੀਟਰ ਏਅਰ ਰਾਈਫਲ ਦੇ ਮੁਕਾਬਲੇ ਸੋਮਵਾਰ ਨੂੰ ਹੋਣਗੇ।

Previous articleਜੇਕੇਪੀਐੱਮ ਨੌਜਵਾਨਾਂ ਲਈ ਸਭ ਤੋਂ ਵੱਡਾ ਮੰਚ: ਫੈਸਲ
Next articleਸ੍ਰੀਕਾਂਤ ਨੂੰ ਹਰਾ ਕੇ ਵਿਕਟਰ ਨੇ ਖ਼ਿਤਾਬ ਜਿੱਤਿਆ