ਜਵਾਹਰਲਾਲ ਨਹਿਰੂ ਯੂਨੀਵਰਸਿਟੀ ਕੈਂਪਸ ’ਚ 5 ਜਨਵਰੀ ਨੂੰ ਹੋਈ ਹਿੰਸਾ ਦੇ ਮਾਮਲੇ ’ਚ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਨੂੰ ਸਾਂਭ ਕੇ ਰੱਖਣ ਸਬੰਧੀ ਜੇਐੱਨਯੂ ਦੇ ਤਿੰਨ ਪ੍ਰੋਫੈਸਰਾਂ ਵੱਲੋਂ ਦਾਖ਼ਲ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਨੇ ਪੁਲੀਸ, ਦਿੱਲੀ ਸਰਕਾਰ, ਵਟਸਐਪ, ਗੂਗਲ ਅਤੇ ਐਪਲ ਤੋਂ ਜਵਾਬ ਮੰਗੇ ਹਨ। ਦਿੱਲੀ ਪੁਲੀਸ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਜੇਐੱਨਯੂ ਪ੍ਰਸ਼ਾਸਨ ਤੋਂ ਹਿੰਸਾ ਦੀ ਸੀਸੀਟੀਵੀ ਫੁਟੇਜ ਸਾਂਭ ਕੇ ਰੱਖਣ ਅਤੇ ਉਨ੍ਹਾਂ ਨੂੰ ਦੇਣ ਲਈ ਕਿਹਾ ਹੈ। ਜਸਟਿਸ ਬ੍ਰਿਜੇਸ਼ ਸੇਠੀ ਵੱਲੋਂ ਇਸ ਮਾਮਲੇ ’ਤੇ ਮੰਗਲਵਾਰ ਨੂੰ ਅੱਗੇ ਸੁਣਵਾਈ ਕੀਤੀ ਜਾਵੇਗੀ।
ਦਿੱਲੀ ਸਰਕਾਰ ਦੇ ਵਕੀਲ ਰਾਹੁਲ ਮਹਿਰਾ ਨੇ ਅਦਾਲਤ ਨੂੰ ਦੱਸਿਆ ਕਿ ਪੁਲੀਸ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਜੇਐੱਨਯੂ ਹਿੰਸਾ ਨਾਲ ਸਬੰਧਤ ਮਾਮਲੇ ’ਚ ਵਟਸਐਪ ਨੂੰ ‘ਯੂਨਿਟੀ ਅਗੇਂਸਟ ਲੈਫਟ’ ਅਤੇ ‘ਫਰੈਂਡਜ਼ ਆਫ਼ ਆਰਐੱਸਐੱਸ’ ਗਰੁੱਪਾਂ ਦੇ ਡੇਟਾ, ਸੁਨੇਹਿਆਂ, ਤਸਵੀਰਾਂ, ਵੀਡੀਓਜ਼ ਅਤੇ ਫੋਨ ਨੰਬਰ ਸਾਂਭ ਕੇ ਰੱਖਣ ਲਈ ਪੱਤਰ ਲਿਖਿਆ ਹੈ। ਪਟੀਸ਼ਨ ਜੇਐੱਨਯੂ ਦੇ ਪ੍ਰੋਫੈਸਰਾਂ ਅਮਿਤ ਪਰਮੇਸ਼ਵਰਨ, ਅਤੁਲ ਸੂਦ ਅਤੇ ਸ਼ੁਕਲਾ ਵਿਨਾਇਕ ਸਾਵੰਤ ਵੱਲੋਂ ਦਾਖ਼ਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਕੋਲ ਡੇਟਾ ਹਾਸਲ ਕਰਨ ਦੀ ਬੇਨਤੀ ਕੀਤੀ ਗਈ ਸੀ ਪਰ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਪਟੀਸ਼ਨਰਾਂ ਨੇ ਖ਼ਦਸ਼ਾ ਜਤਾਇਆ ਕਿ ਅਦਾਲਤ ਦੇ ਨਿਰਦੇਸ਼ਾਂ ਤੋਂ ਬਿਨਾਂ ਸਬੂਤਾਂ ਨੂੰ ਨਸ਼ਟ ਕੀਤਾ ਜਾ ਸਕਦਾ ਹੈ।
HOME ਜੇਐੱਨਯੂ ਹਿੰਸਾ: ਹਾਈ ਕੋਰਟ ਨੇ ਪੁਲੀਸ, ਵਟਸਐਪ ਅਤੇ ਗੂਗਲ ਤੋਂ ਜਵਾਬ ਮੰਗਿਆ