ਜੇਐੱਨਯੂ ਵਿਦਿਆਰਥੀਆਂ ਵੱਲੋਂ ਫ਼ੀਸ ਵਾਧੇ ਖ਼ਿਲਾਫ਼ ਜ਼ੋਰਦਾਰ ਮੁਜ਼ਾਹਰਾ

ਯੂਨੀਵਰਸਿਟੀ ਦਾ ਨਵਾਂ ਹੋਸਟਲ ਮੈਨੂਅਲ ਰੱਦ ਕਰਨ ਦੀ ਮੰਗ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੇ ਸੈਂਕੜੇ ਵਿਦਿਆਰਥੀਆਂ ਨੇ ਅੱਜ ’ਵਰਸਿਟੀ ਪ੍ਰਸ਼ਾਸਨ ਦੀ ‘ਵਿਦਿਆਰਥੀ ਵਿਰੋਧੀ’ ਨੀਤੀ ਖ਼ਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ। ਦਰਅਸਲ ’ਵਰਸਿਟੀ ਪ੍ਰਸ਼ਾਸਨ ਵੱਲੋਂ ਫ਼ੀਸ ’ਚ ਵਾਧੇ ਅਤੇ ਕੱਪੜੇ ਪਹਿਨਣ ਸਬੰਧੀ ਜ਼ਾਬਤਾ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਵਿਦਿਆਰਥੀ ਹੋਸਟਲ ਮੈਨੂਅਲ ਦਾ ਵਿਰੋਧ ਕਰ ਰਹੇ ਹਨ ਤੇ ਉਪ ਕੁਲਪਤੀ ਤੋਂ ਇਸ ਦਾ ਖ਼ਰੜਾ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ’ਚ ਫ਼ੀਸ ਵਧਾਉਣ, ਕੱਪੜਿਆਂ ਸਬੰਧੀ ਜ਼ਾਬਤੇ ਤੇ ਆਉਣ-ਜਾਣ ਦਾ ਸਮਾਂ ਤੈਅ ਕਰਨ ਦੀ ਤਜਵੀਜ਼ ਹੈ। ਜੇਐੱਨਯੂ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਨੇ ਕਿਹਾ ਹੈ ਕਿ ਉਹ ਐਗਜ਼ੈਕਟਿਵ ਕੌਂਸਲ ਦੇ ਮੈਂਬਰਾਂ ਨੂੰ ਵੀ ਬੁੱਧਵਾਰ ਨੂੰ ਹੋ ਰਹੀ ਮੀਟਿੰਗ ’ਚ ਮੈਨੂਅਲ ਦਾ ਵਿਰੋਧ ਕਰਨ ਲਈ ਕਹਿਣਗੇ। ਰੋਸ ਮੁਜ਼ਾਹਰੇ ਦੌਰਾਨ ਵਿਦਿਆਰਥੀਆਂ ਨੇ ਅੱਜ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਵੱਲ ਰੋਸ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਇਕ ਆਡੀਟੋਰੀਅਮ ’ਚ ਯੂਨੀਵਰਸਿਟੀ ਦੀ ਕਾਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ ਪਰ ਕੌਂਸਲ ਦੇ ਗੇਟ ਬੰਦ ਕਰ ਦਿੱਤੇ ਗਏ ਤੇ ਵੱਡੀ ਗਿਣਤੀ ਵਿਚ ਸੁਰੱਖਿਆ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ। ਕੌਂਸਲ ਦੀ ਇਮਾਰਤ ਜੇਐੱਨਯੂ ਤੋਂ ਤਿੰਨ ਕਿਲੋਮੀਟਰ ਦੇ ਫ਼ਾਸਲੇ ’ਤੇ ਹੈ। ਏਆਈਸੀਟੀਈ ਦੇ ਅੰਦਰ-ਬਾਹਰ ਅਤੇ ਜੇਐੱਨਯੂ ਕੈਂਪਸ ਦੇ ਉੱਤਰੀ ਤੇ ਪੱਛਮੀ ਗੇਟਾਂ ਦੇ ਬਾਹਰ ਬੈਰੀਕੇਡ ਲਾ ਦਿੱਤੇ ਗਏ। ਜੇਐੱਨਯੂ ਤੋਂ ਏਆਈਸੀਟੀਈ ਵੱਲ ਜਾਂਦੇ ਬਾਬਾ ਬਾਲਕਨਾਥ ਮਾਰਗ ਨੂੰ ਬੈਰੀਕੇਡ ਲਾ ਕੇ ਬੰਦ ਕਰ ਦਿੱਤਾ ਗਿਆ। ਇਸ ਸਭ ਦੇ ਬਾਵਜੂਦ ਵਿਦਿਆਰਥੀਆਂ ਨੇ ਬੈਰੀਕੇਡ ਪੁੱਟ ਸੁੱਟੇ ਤੇ 11.30 ਵਜੇ ਦੇ ਕਰੀਬ ਏਆਈਸੀਟੀਈ ਵੱਲ ਵਧੇ। ਪੁਲੀਸ ਨੇ ਕੁਝ ਮੁਜ਼ਾਹਰਾਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਹੱਥਾਂ ਵਿਚ ਤਖ਼ਤੀਆਂ ਫੜ ਕੇ ਵਿਦਿਆਰਥੀਆਂ ਨੇ ਡਫ਼ਲੀਆਂ ਵਜਾਈਆਂ ਤੇ ‘ਦਿੱਲੀ ਪੁਲੀਸ ਵਾਪਸ ਜਾਓ’ ਦੇ ਨਾਅਰੇ ਲਾਏ। ਉਪ ਕੁਲਪਤੀ ਐੱਮ. ਜਗਾਦੇਸ਼ ਕੁਮਾਰ ਖ਼ਿਲਾਫ਼ ਵੀ ਵਿਦਿਆਰਥੀਆਂ ਨੇ ‘ਚੋਰ ਹੈ’ ਦੇ ਨਾਅਰੇ ਲਾਏ।

Previous articleਸ਼ਿਵ ਸੈਨਾ ਦੇ ਥਿੜਕਣ ਮਗਰੋਂ ਐੱਨਸੀਪੀ ਨੂੰ ਮਿਲਿਆ ਮੌਕਾ
Next articleਛੇ ਘੰਟੇ ਫਸੇ ਰਹੇ ਕੇਂਦਰੀ ਮੰਤਰੀ ਪੋਖਰਿਆਲ