ਮੁਕੇਰੀਆਂ– ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੇ ਕੈਂਪਸ ਅਤੇ ਹੋਸਟਲਾਂ ਵਿੱਚ ਨਕਾਬਪੋਸ਼ ਹਮਲਾਵਰਾਂ ਵੱਲੋਂ ਕੀਤੀ ਭੰਨਤੋੜ ਅਤੇ ਕਈ ਅਧਿਆਪਕਾਂ ਅਤੇ ਵਿਦਿਆਰਥਣਾਂ ਨੂੰ ਫੱਟੜ ਕੀਤੇ ਜਾਣ ਦੇ ਵਿਰੋਧ ਵਿੱਚ ਸੀਪੀਆਈ (ਐੱਮ) ਦੇ ਤਹਿਸੀਲ ਸਕੱਤਰ ਕਾਮਰੇਡ ਗੁਰਦਿਆਲ ਸਿੰਘ ਕੋਟਲੀ ਦੀ ਅਗਵਾਈ ਹੇਠ ਖੱਬੇ ਪੱਖੀ ਧਿਰਾਂ ਨੇ ਕਸਬਾ ਭੰਗਾਲਾ ਦੇ ਕੌਮੀ ਮਾਰਗ ਉੱਤੇ ਕੇਂਦਰ ਵਿਚਲੀ ਭਾਜਪਾ ਸਰਕਾਰ ਅਤੇ ਸੰਘੀ ਤਾਕਤਾਂ ਖ਼ਿਲਾਫ਼ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸੀਪੀਆਈ (ਐੱਮ) ਦੇ ਤਹਿਸੀਲ ਸਕੱਤਰ ਕਾਮਰੇਡ ਗੁਰਦਿਆਲ ਸਿੰਘ ਕੋਟਲੀ ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਹੁਕਮਰਾਨ ਇਸ ਕਦਰ ਅੰਨ੍ਹੇ ਹੋ ਚੁੱਕੇ ਹਨ ਕਿ ਉਹ ਸਿੱਖਿਆ ਸੰਸਥਾਵਾਂ ਦਾ ਭਗਵਾਂਕਰਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ ਤੇ ਦੇਸ਼ ਵਿੱਚ ਕੁੱਝ ਵੀ ਗ਼ਲਤ ਵਾਪਰਨ ’ਤੇ ਸਵਾਲ ਕਰਨ ਵਾਲੇ ਵਿਦਿਆਰਥੀਆਂ ਨੂੰ ਸੋਚੀ ਸਮਝੀ ਸਾਜਿਸ਼ ਤਹਿਤ ਨਿਸ਼ਾਨਾ ਬਣਾ ਕੇ ਸੰਵਿਧਾਨ ਦੁਆਰਾ ਦਿੱਤਾ ਹੋਇਆ ਵਿਚਾਰਾਂ ਦੇ ਪ੍ਰਗਟਾਵੇ ਦਾ ਹੱਕ ਖੋਹਿਆ ਜਾ ਰਿਹਾ। ਬੁਲਾਰਿਆਂ ਨੇ ਰੋਸ ਜ਼ਾਹਿਰ ਕੀਤਾ ਕਿ ਜਿੱਥੇ ਇੱਕ ਪਾਸੇ ਸੀਏਏ ਅਤੇ ਐੱਨਆਰਸੀ ਵਰਗੇ ਕਾਲੇ ਕਾਨੂੰਨ ਬਣਾ ਕੇ ਕੇਂਦਰ ਸਰਕਾਰ ਭਾਰਤ ਨੂੰ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨ ਦਾ ਸੁਪਨਾ ਵੇਖ ਰਹੀ ਹੈ ਉੱਥੇ ਹੀ ਘੱਟ ਗਿਣਤੀ ਵਰਗ ਨੂੰ ਅਸੁਰੱਖਿਆ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਗੜ੍ਹਸ਼ੰਕਰ (ਜੇ ਬੀ ਸੇਖੋਂ) ਜੀਐਨਯੂ ਦਿੱਲੀ ਵਿਚ ਹਥਿਆਰਬੰਦ ਗੁੰਡਿਆਂ ਵਲੋਂ ਯੂਨੀਵਰਸਿਟੀ ਦੇ ਹੋਸਟਲ ਅੰਦਰ ਦਾਖ਼ਲ ਹੋ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ’ਤੇ ਕੀਤੇ ਜਾਨਲੇਵਾ ਹਮਲੇ ਵਿਰੁੱਧ ਅੱਜ ਸੀਪੀਆਈ ਐਮ ਦੀ ਸਥਾਨਕ ਇਕਾਈ ਵਲੋਂ ਗੜ੍ਹਸ਼ੰਕਰ ਅਤੇ ਮਾਹਿਲਪੁਰ ਵਿਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਰੋਹ ਭਰੀਆਂ ਤਕਰੀਰਾਂ ਵਿਚ ਕੇਂਦਰ ਸਰਕਾਰ ’ਤੇ ਦੇਸ਼ ਵਿਚ ਫਿਰਕਾਪ੍ਰਸਤੀ ਅਤੇ ਗੁੰਡਾਗਰਦੀ ਵਾਲੀ ਰਾਜਨੀਤੀ ਕਰਨ ਦਾ ਦੋਸ਼ ਲਾਇਆ ਗਿਆ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਦਰਸ਼ਨ ਸਿੰਘ ਮੱਟੂ ਅਤੇ ਕਿਸਾਨ ਯੂਨੀਅਨ ਦੇ ਸਕੱਤਰ ਕਾਮਰੇਡ ਗੁਰਨੇਕ ਸਿੰਘ ਭੱਜਲ ਨੇ ਕਿਹਾ ਕਿ ਰਾਜਧਾਨੀ ਦਿੱਲੀ ਵਿਚ ਸ਼ਰੇਆਮ ਗੁੰਡਾਗਰਦੀ ਦੇ ਹੋਏ ਨੰਗੇ ਨਾਚ ਵਿੱਚ ਦੇਸ਼ ਦੀ ਹੁਕਮਰਾਨ ਧਿਰ ਅਤੇ ਦਿੱਲੀ ਪੁਲੀਸ ਸਿੱਧੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਯੂਨੀਵਰਸਿਟੀਆਂ ਦੇ ਹੋਸਟਲ, ਲਾਇਬਰੇਰੀਆਂ ਅਤੇ ਕੈਂਪਸ ਵੀ ਸੁਰੱਖਿਅਤ ਨਹੀਂ ਹਨ ਅਤੇ ਦੇਸ਼ ਦਾ ਮਾਹੌਲ ਫਾਂਸੀਵਾਦੀ ਤਾਕਤਾਂ ਦੇ ਹੱਥ ਵਿਚ ਖਰਾਬ ਹੁੰਦਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਹਮਲੇ ਦੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮੌਕੇ ਕਾਮਰੇਡ ਹਰਭਜਨ ਅਟਵਾਲ, ਕਾਮਰੇਡ ਜੋਗਿੰਦਰ ਸਿੰਘ ਥਾਂਦੀ ਅਤੇ ਕਾਮਰੇਡ ਮਹਿੰਦਰ ਬੱਢੋਵਾਣ ਨੇ ਵੀ ਸੰਬੋਧਨ ਕਰਦਿਆਂ ਇਸ ਹਮਲੇ ਦੀ ਸਖਤ ਨਿਖੇਧੀ ਕੀਤੀ।
INDIA ਜੇਐੱਨਯੂ ’ਚ ਬੁਰਛਾਗਰਦੀ ਖ਼ਿਲਾਫ਼ ਵਰ੍ਹਦੇ ਮੀਂਹ ਵਿੱਚ ਸੜਕਾਂ ’ਤੇ ਆਏ ਲੋਕ