ਫਗਵਾੜਾ (ਸਮਾਜ ਵੀਕਲੀ) : ਇਥੋਂ ਦੇ ਨੇੜਲੇ ਪਿੰਡ ਖੇੜਾ ਵਿੱਚ ਜੀਜੇ ਨੇ ਪੇਕੇ ਘਰ ਰਹਿ ਰਹੀ ਸਾਲੀ ਦਾ ਭੇਤਭਰੇ ਹਾਲਤ ’ਚ ਕਤਲ ਕਰ ਦਿੱਤਾ ਤੇ ਬਾਅਦ ’ਚ ਆਪ ਹੀ ਉਸੇ ਹੀ ਕਮਰੇ ’ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਐੱਸਐੱਚਓ ਸਤਨਾਮਪੁਰਾ ਊਸ਼ਾ ਰਾਣੀ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਪਛਾਣ ਪ੍ਰਵੀਨ (32) ਪਤਨੀ ਨਾਰੰਗ ਚੰਦ ਵਾਸੀ ਜੰਡਿਆਲੀ (ਜਲੰਧਰ) ਤੇ ਬੋਧਰਾਜ (40) ਵਾਸੀ ਜੇਠੂਮਜਾਰਾ (ਨਵਾਂਸ਼ਹਿਰ) ਵਜੋਂ ਹੋਈ ਹੈ।
ਜੀਜਾ ਅੱਜ ਸਵੇਰੇ ਆਪਣੀ ਸਾਲੀ ਨੂੰ ਫ਼ੋਨ ਕਰ ਰਿਹਾ ਸੀ ਪਰ ਉਸ ਨੇ ਫ਼ੋਨ ਨਹੀਂ ਚੁੱਕਿਆ ਅਤੇ ਉਹ ਖ਼ੁਦ ਹੀ ਪਿੰਡ ਆ ਪੁੱਜੇ। ਘਰ ’ਚ ਪ੍ਰਵੀਨ ਦੀਆਂ ਦੋ ਲੜਕੀਆਂ ਤੇ ਇੱਕ ਲੜਕਾ ਸੀ। ਜੀਜੇ ਨੇ ਆਉਂਦਿਆਂ ਹੀ ਸਾਲੀ ਨੂੰ ਰਸੋਈ ’ਚੋਂ ਖਿੱਚ ਕੇ ਕਮਰੇ ’ਚ ਲੈ ਗਿਆ, ਜਿੱਥੇ ਉਸ ਨੇ ਕੁੰਡੀ ਲੱਗਾ ਕੇ ਇਸ ਨੂੰ ਮਾਰ ਮੁਕਾਇਆ। ਲੜਕੀ ਦੇ ਸਰੀਰ ’ਤੇ ਕੋਈ ਨਿਸ਼ਾਨ ਨਹੀਂ ਉਸ ਨੂੰ ਕਿਸ ਚੀਜ਼ ਨਾਲ ਮਾਰਿਆ ਇਹ ਅਜੇ ਭੇਤ ਬਣਿਆ ਹੋਇਆ ਹੈ ਅਤੇ ਇਸ ਦੀ ਪੁਸ਼ਟੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੋਵੇਗੀ। ਬੋਧਰਾਜ ਨੇ ਉਸੇ ਕਮਰੇ ’ਚ ਆਪਣੇ ਆਪ ਨੂੰ ਚੁੰਨੀ ਨਾਲ ਬੰਨ੍ਹ ਕੇ ਗਾਡਰ ਨਾਲ ਫ਼ਾਹਾ ਲੈ ਕੇ ਉਸੇ ਹੀ ਮੰਜੇ ’ਤੇ ਆਪਣੇ ਆਪ ਨੂੰ ਮਾਰ ਮੁਕਾਇਆ।