ਹਰਿਆਣਾ ਦੇ ਜੀਂਦ ’ਚ 70 ਫੀਸਦੀ ਤੋਂ ਵੱਧ ਤੇ ਰਾਜਸਥਾਨ ਦੇ ਰਾਮਗੜ੍ਹ ਵਿਚ 80 ਫੀਸਦੀ ਦੇ ਕਰੀਬ ਪਈਆਂ ਵੋਟਾਂ
ਅੱਜ ਹਰਿਆਣਾ ਵਿਚ ਜੀਂਦ ਅਤੇ ਰਾਜਸਥਾਨ ਦੇ ਰਾਮਗੜ੍ਹ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ’ਚ ਵੋਟਰਾਂ ਨੇ ਵਧ-ਚੜ੍ਹ ਕੇ ਪੂਰੇ ਉਤਸ਼ਾਹ ਨਾਲ ਵੋਟਾਂ ਪਾਈਆਂ। ਦੋਵਾਂ ਵਿਧਾਨ ਸਭਾ ਹਲਕਿਆਂ ਵਿਚ ਭਾਜਪਾ ਅਤੇ ਕਾਂਗਰਸ ਦਾ ਵਕਾਰ ਦਾਅ ਉੱਤੇ ਲੱਗਾ ਹੋਇਆ ਹੈ। ਜੀਂਦ ਵਿਧਾਨ ਸਭਾ ਹਲਕੇ ਵਿਚ 5 ਵਜੇ ਸ਼ਾਮ ਤੱਕ 70 ਫੀਸਦੀ ਅਤੇ ਰਾਮਗੜ੍ਹ ਵਿਧਾਨ ਸਭਾ ਹਲਕੇ ਵਿਚ 78.9 ਫੀਸਦੀ ਤੋਂ ਵੱਧ ਵੋਟਾਂ ਪੈ ਚੁੱਕੀਆਂ ਸਨ। ਸਰਕਾਰੀ ਸੂਤਰਾਂ ਅਨੁਸਾਰ ਵੋਟਾਂ ਪੈਣ ਦਾ ਸਮਾਂ ਸ਼ਾਮ ਪੰਜ ਵਜੇ ਤੱਕ ਸੀ ਅਤੇ ਦੋਵਾਂ ਵਿਧਾਨ ਸਭਾ ਹਲਕਿਆਂ ਵਿਚ ਵੋਟਾਂ ਪੈਣ ਦੀ ਪ੍ਰਕਿਰਿਆ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹ ਗਈ ਹੈ। ਰਾਜਸਥਾਨ ਦੇ ਰਾਮਗੜ੍ਹ ਵਿਧਾਨ ਸਭਾ ਹਲਕੇ ਵਿਚ ਸੱਤ ਦਸੰਬਰ ਨੂੰ ਸੂਬਾਈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਸਪਾ ਉਮੀਦਵਾਰ ਲਕਸ਼ਮਣ ਸਿੰਘ ਦੀ ਮੌਤ ਹੋਣ ਕਾਰਨ ਚੋਣ ਪ੍ਰਕਿਰਿਆ ਮੁਲਤਵੀ ਕਰ ਦਿੱਤੀ ਗਈ ਸੀ। ਸਰਕਾਰੀ ਸੂਤਰਾਂ ਅਨੁਸਾਰ ਵੋਟਾਂ ਦੀ ਪ੍ਰਤੀਸ਼ਤਤਾ ਵਧਣ ਦੀ ਸੰਭਾਵਨਾ ਹੈ ਕਿਉਂਕਿ ਵੱਡੀ ਗਿਣਤੀ ਵਿਚ ਵੋਟਾਂ ਪਾਉਣ ਖਾਤਰ ਲੋਕ ਆਖ਼ਰੀ ਸਮੇਂ ਤੱਕ ਕਤਾਰਾਂ ਵਿਚ ਖੜ੍ਹੇ ਸਨ। ਸੂਤਰਾਂ ਅਨੁਸਾਰ ਵੋਟਾਂ ਦੀ ਸਹੀ ਪ੍ਰਤੀਸ਼ਤਤਾ ਬਾਰੇ ਮੰਗਲਵਾਰ ਸਵੇਰ ਨੂੰ ਹੀ ਪਤਾ ਲੱਗ ਸਕੇਗਾ ਅਤੇ ਵੋਟਾਂ ਦੀ ਗਿਣਤੀ 31 ਜਨਵਰੀ ਨੂੰ ਹੋਵੇਗੀ। ਹਰਿਆਣਾ ਦੇ ਜੀਂਦ ਵਿਚ ਮੁਕਾਬਲਾ ਬਹੁਕੋੋਨਾ ਹੈ। ਇੱਥੇ ਚਾਰ ਪਾਰਟੀਆਂ ਦੇ ਉਮੀਦਵਾਰਾਂ ਵਿਚ ਟੱਕਰ ਹੈ। ਇਨ੍ਹਾਂ ਵਿਚ ਸੱਤਾਧਾਰੀ ਭਾਜਪਾ, ਕਾਂਗਰਸ, ਇਨੈਲੋ ਅਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ), ਜੋ ਇੰਡੀਅਨ ਨੈਸ਼ਨਲ ਲੋਕ ਦਲ(ਇਨੈਲੋ) ਵਿਚੋਂ ਪਿਛਲੇ ਦਿਨੀਂ ਹੀ ਬਣੀ ਹੈ, ਦੇ ਉਮਮੀਦਵਾਰ ਮੈਦਾਨ ਵਿਚ ਹਨ। ਜੀਂਦ ਵਿਚ ਇਨੈਲੋ ਦੇ ਵਿਧਾਇਕ ਹਰੀ ਚੰਦ ਮਿੱਢਾ ਦੀ ਮੌਤ ਹੋਣ ਕਾਰਨ ਚੋਣ ਹੋਈ ਹੈ। ਇੱਥੇ ਉਸ ਦਾ ਪੁੱਤਰ ਕ੍ਰਿਸ਼ਨਾ ਮਿੱਢਾ ਜੋ ਹੁਣੇ- ਹੁਣੇ ਭਾਜਪਾ ਵਿਚ ਸ਼ਾਮਲ ਹੋਇਆ ਹੈ, ਸੱਤਾਧਾਰੀ ਧਿਰ ਦਾ ਉਮੀਦਵਾਰ ਹੈ। ਕਾਂਗਰਸ ਵੱਲੋਂ ਰਣਦੀਪ ਸੁਰਜੇਵਾਲਾ ਮੈਦਾਨ ਵਿਚ ਹੈ। ਇਨੈਲੋ ਦਾ ਉਮੀਦਵਾਰ ਉਮੇਦ ਰੇਧੂ ਹੈ। ਜੇਜੇਪੀ ਦੇ ਉਮੀਦਵਾਰ ਦਿਗਵਿਜੈ ਚੌਟਾਲਾ ਹਨ।