ਪੜਾਈ ਪੂਰੀ ਕਰਨ ਤੋਂ ਬਾਅਦ ਵਿਦਿਆਰਥੀ ਦੀ ਸਰਕਾਰੀ ਨੌਕਰੀ ਪ੍ਰਤੀ ਸੋਚ ਇਸ ਦਾਇਰੇ ਦੁਆਲੇ ਘੁੰਮਦੀ ਹੈ,ਕਿ ਉਹ ਇਸ ਗੱਲ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੰਦਾ ਹੈ ਤੇ ਕੋਸ਼ਿਸ਼ ਕਰਦਾ ਹੈ,ਉਹ ਸਰਕਾਰੀ ਨੌਕਰੀ ਤੇ ਤੈਨਾਤ ਹੋਵੇ।ਇਸ ਦੇ ਨਾਲ ਨਾਲ ਮਾਤਾ ਪਿਤਾ ਦੀ ਵੀ ਇਹੀ ਖਾਹਿਸ਼ ਹੁੰਦੀ ਹੈ ਕਿ ਸਾਡਾ ਬੱਚਾ ਸਰਕਾਰੀ ਨੌਕਰੀ ਕਰੇ।ਇਹਦੇ ਪਿੱਛੇ ਉਹਨਾਂ ਦੀ ਇਹ ਸੋਚ ਇਸ ਲਈ ਹੁੰਦੀ ਹੈ ਕਿ ਸਰਕਾਰੀ ਨੌਕਰੀ ਦੇ ਸੇਵਾ ਮੁਕਤੀ ਹੋਣ ਤੋਂ ਬਾਅਦ ਉਸ ਦੀ ਜੀਵਿਕਾ ਚੱਲਦੀ ਰਹੇ ਤਾਂ ਕਿ ਸਰਕਾਰੀ ਸਹੂਲਤਾਂ ਮਿਲਦੀਆਂ ਰਹਿਣ।ਇਸ ਸੋਚ ਨੂੰ ਹਰ ਬੰਦਾ ਪਹਿਲ ਦਿੰਦਾ ਹੋਇਆ ਸਰਕਾਰੀ ਨੌਕਰੀ ਕਰਨ ਦੇ ਲਈ ਆਪਣੀਆ ਕੋਸ਼ਿਸ਼ਾਂ ਜਾਰੀ ਰੱਖਦਾ ਹੈ।ਮਾਂ ਪਿਓ ਵੀ ਆਪਣੇ ਬੱਚਿਆਂ ਦੀ ਸੋਚ ਇਹੋ ਜਿਹੀ ਹੀ ਬਣਾ ਦਿੰਦੇ ਹਨ। ਉਹ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਰਕਾਰੀ ਨੌਕਰੀ ਪਾਉਣ ਬਾਰੇ ਹੀ ਆਪਣੀ ਸੋਚ ਨੂੰ ਬੰਦ ਕਰ ਲੈਦੇ ਹਨ ਤੇ ਸਰਕਾਰੀ ਨੌਕਰੀ ਪਾਉਣ ਦੇ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ।
ਜਦੋਂ ਤੁਸੀ ਕਿਸੇ ਵੀ ਸਰਕਾਰੀ ਜਾਂ ਅਰਧ ਸਰਕਾਰੀ ਵਿਭਾਗ ਵਿਚ ਭਰਤੀ ਹੁੰਦੇ ਹੋ ਤਾਂ ਉਹਨਾਂ ਵਲੋਂ ਢੇਰ ਸਾਰੇ ਫਾਰਮ ਭਰਵਾਏ ਜਾਂਦੇ ਹਨ ਜਿੰਨਾਂ ਵਿਚ ਤੁਹਾਡੀ ਪੜ੍ਹਾਈ ਦਾ ਸਾਰਾ ਵੇਰਵਾ ਹੁੰਦਾ ਹੈ ਤੇ ਤੁਹਾਡਾ ਘਰ ਦਾ ਸਾਰਾ ਅਡਰੈਸ ਦਰਜ ਹੁੰਦਾ ਹੈ।ਸਕੂਲ ਦੇ ਸਰਟੀਫਕੇਟਾਂ ਉਤੇ ਤੁਹਾਡੀ ਜਨਮ ਤਰੀਕ ਲਿਖੀ ਹੁੰਦੀ ਹੈ।ਤੁਹਾਡੇ ਸ਼ੁਰੂਆਤੀ ਭਰੇ ਹੋਏ ਫਾਰਮਾ ਵਿਚ ਲਿਖਿਆ ਜਾਂਦਾ ਹੈ ਕਿ ਤੁਹਾਡੀ ਉਮਰ ਕਿੰਨੀ ਹੈ।ਸਰਕਾਰੀ ਜਾਂ ਅਰਧ ਸਰਕਾਰੀ ਵਿਭਾਗਾ ਅੰਦਰ ਉਮਰ ਦੀ ਇਕ ਹੱਦ ਮਿੱਥੀ ਹੁੰਦੀ ਹੈ।ਜਦੋਂ ਉਹ ਹੱਦ ਪੂਰੀ ਹੋ ਜਾਂਦੀ ਹੈ ਤਾਂ ਉਦੋਂ ਸਰਕਾਰੀ ਵਿਭਾਗ ਦੇ ਮੁਲਾਜ਼ਮਾ ਨੂੰ ਸੇਵਾ ਮੁਕਤ ਕਰ ਦਿੰਦਾ ਹੈ।ਉਸ ਨੂੰ ਸੇਵਾ ਮੁਕਤੀ ਕਿਹਾ ਜਾਂਦਾ ਹੈ।ਜਿਹੜਾ ਕੋਈ ਸਰਕਾਰੀ ਜਾਂ ਅਰਧ ਸਰਕਾਰੀ ਵਿਭਾਗ ਵਿਚ ਭਰਤੀ ਹੁੰਦਾ ਹੈ ਉਹਨੇ ਇਕ ਦਿਨ ਸੇਵਾ ਮੁਕਤ ਹੋਣਾ ਹੀ ਹੁੰਦਾ ਹੈ।ਇਹ ਵੱਖਰੀ ਗੱਲ ਹੈ ਕਿ ਹਰ ਵਿਭਾਗ ਵਿਚ ਉਹਨਾਂ ਦੇ ਆਪਣੇ ਰੂਲ ਦੇ ਹਿਸਾਬ ਨਾਲ ਅਲੱਗ ਅਲੱਗ ਉਮਰ ਦੀ ਹੱਦ ਮਿੱਥੀ ਹੁੰਦੀ ਹੈ,ਨੌਕਰੀ ਭਾਵੇਂ ਉਸ ਨੇ ਕਿੰਨੇ ਵੀ ਸਾਲ ਕੀਤੀ ਹੋਵੇ ਪਰ ਸੇਵਾ ਮੁਕਤੀ ਉਹਨਾਂ ਦੀ ਮਿੱਥੀ ਹੋਈ ਉਮਰ ਦੇ ਹਿਸਾਬ ਨਾਲ ਹੀ ਹੋਣੀ ਹੁੰਦੀ ਹੈ।ਸੇਵਾ ਮੁਕਤੀ ਹੋਣਾ,ਇਕ ਨਵੇ ਸਿਰੇ ਤੋਂ ਜਿੰਦਗੀ ਸ਼ੁਰੂ ਕਰਨ ਦਾ ਨਾਂਅ ਹੈ।ਅੱਜ ਦਾ ਯੁੱਗ ਨਵੀ ਤਕਨੀਕ ਵਾਲਾ ਯੁੱਗ ਹੈ।ਅੱਜ ਦੇ ਚਲ ਰਹੇ ਸਮ੍ਹੇਂ ਦੇ ਮੁਤਾਬਿਕ,ਨਵੇ ਹੀ ਤਰੀਕੇ (ਤਕਨੀਕ)ਨਾਲ ਆਪਣੀ ਜਿੰਦਗੀ ਬਸਰ ਕਰਨ ਦਾ ਨੌਕਰੀਪੇਸ਼ਾ ਕਰਨ ਵਾਲੇ ਨੂੰ ਸੁਨਿਹਰੀ ਅਵਸਰ ਮਿਲਦਾ ਹੈ
ਜਿੰਦਗੀ ਨੂੰ ਸਹੀ ਢੰਗ ਨਾਲ ਚਲਾਉਣ ਲਈ ਬਹੁਤ ਸਾਰੇ ਪਹਿਲਾਂ ਤੋਂ ਹੀ ਬਣੇ ਹੋਏ ਰੁਝੇਵਿਆਂ ਦਾ ਸਾਹਮਣਾ ਕਰਨਾ ਹੁੰਦਾ ਹੈ,ਉਹਨਾਂ ਰੁਝੇਵਿਆਂ (ਜਿੰਮੇਵਾਰੀਆਂ)ਨੂੰ ਨਿਭਾਉਣਾ ਸਾਡੀ ਪਹਿਲਕਦਮੀ ਬਣ ਜਾਂਦੀ ਹੈ,ਜਿਵੇ ਕਿ ਸਹੀ ਜਿੰਦਗੀ ਨੂੰ ਚਲਾਉਣ ਦੇ ਲਈ ਕਈ ਬਾਰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਦਾ ਹੈ।ਉਹਨਾਂ ਮੁਸ਼ਕਲਾਂ ਨਾਲ ਵੀ ਤੁਹਾਨੂੰ ਨਜਿੱਠਣਾ ਪੈ ਸਕਦਾ ਹੈ।ਉਹਨਾਂ ਸਾਰੀਆਂ ਪਰਸਥਿਤੀਆਂ ਨੂੰ ਸੰਭਾਲਣਾ,ਉਹਨਾਂ ਨੂੰ ਬੈਲਸ ਬਣਾ ਕੇ ਚੱਲਣਾ,ਸਾਡੇ ਲਈ ਕਈ ਵਾਰ ਚਣੌਤੀ ਬਣ ਜਾਦਾ ਹੈ।ਜਿੰਨ੍ਹਾਂ ਵਿਚ ਬੱਚਿਆਂ ਦੀ ਪੜ੍ਹਾਈ ਉਹਨਾਂ ਦਾ ਭਵਿੱਖ ਬਣਾਉਣਾ ਪ੍ਰਮੁੱਖ ਮੁੱਦਾ ਹੈ।ਇਹਦੇ ਨਾਲ ਨਾਲ ਕਬੀਲਦਾਰੀ ਦੇ ਖਰਚੇ ਵੀ ਕਈ ਆਣ ਖੜ ਜਾਂਦੇ ਹਨ।ਤੁਹਾਡੀ ਸੇਵਾ ਮੁਕਤੀ ਤੱਕ ਤੁਹਾਡੇ ਬੱਚੇ ਵੱਡੇ ਹੋਏ ਹੁੰਦੇ ਹਨ।ਉਹ ਵੀ ਆਪਣੇ ਆਪਣੇ ਕੰਮਾਂ ਵਿਚ ਰੁਝ ਜਾਂਦੇ ਆਪਣੀ ਆਪਣੀ ਗ੍ਰਹਿਸਤੀ ਵਿੱਚ ਵਿਅਸਤ ਹੋ ਜਾਂਦੇ ਹਨ।ਨੌਕਰੀਪੇਸ਼ਾ ਵਾਲੇ ਆਦਮੀ ਸਾਰੀ ਜਿੰਦਗੀ ਕੁਝ ਨਾ ਕੁਝ ਬਣਾਉਣ ਵਿਚ ਹੀ ਨਿਕਲ ਜਾਂਦੀ ਹੈ,ਪਹਿਲਾਂ ਬੱਚਿਆਂ ਦੀ ਪਾਲਣ-ਪੋਸ਼ਣ,ਉਸ ਤੋਂ ਬਾਅਦ ਬੱਚਿਆਂ ਦੀਆਂ ਪੜ੍ਹਾਈਆਂ,ਫਿਰ ਬੱਚਿਆਂ ਲਈ ਕੋਈ ਕੰਮਕਾਰ,ਬੱਚਿਆਂ ਦੇ ਵਿਆਹ,ਇਹ ਸੱਭ ਕੁਝ ਕਰਨ ਦੇ ਦੌਰਾਨ ਨੌਕਰੀ ਕਰਨ ਵਾਲਾ ਇਨਸਾਨ ਆਪਣੇ ਰਹਿਣ ਵਾਸਤੇ ਘਰ ਵੀ ਬਣਾਉਦਾ ਹੈ।ਇਹ ਸੱਭ ਕੰਮਾਂ ਨੂੰ ਨਬੇੜਦਿਆ ਨਬੇੜਦਿਆਂ ਉਸ ਦੀ ਸੇਵਾ ਮੁਕਤੀ ਦਾ ਸਮ੍ਹਾਂ ਆ ਜਾਂਦਾ ਹੈ।ਸੇਵਾ ਮੁਕਤੀ ਉਹ ਸਮ੍ਹਾਂ ਹੈ ਜਦੋਂ ਕਿ ਤੁਹਾਨੂੰ ਆਪਣੇ ਖੁਦ ਵਾਸਤੇ ਸਮ੍ਹਾਂ ਕੱਢਣ ਦੀ ਲੋੜ ਹੁੰਦੀ ਹੈ।ਆਪਣੇ ਵਾਸਤੇ ਖੁਦ ਧਿਆਨ ਰੱਖਣ ਦੀ ਲੋੜ ਹੁੰਦੀ ਹੈ।ਇਸ ਸੱਭ ਵਾਸਤੇ ਵੀ ਤੁਹਾਨੂੰ ਯੋਜਨਾ ਬਣਾਉਣੀ ਬਹੁਤ ਜਰੂਰੀ ਹੈ।ਸਹੀ ਸਮ੍ਹੇ ਬਣਾਈ ਗਈ ਯੋਜਨਾ,ਤੁਹਾਨੂੰ ਹਰ ਪਹਿਲੂ ਤੇ ਸੋਚਣ ਦਾ ਮੌਕਾ ਦੇਵੇਗੀ।
## ਸੇਵਾ ਮੁਕਤੀ ਦੀ ਤਰੀਕ ਆਪਾ ਨੂੰ ਭਲੀ-ਭਾਂਤ ਪਤਾ ਹੁੰਦੀ ਹੈ ਕਿ ਤੁਸੀ ਕਿਹੜੀ ਤਰੀਕ ਨੂੰ ਸੇਵਾ ਮੁਕਤ ਹੋ ਰਹੇ ਹੋ।ਇਸ ਕਰਕੇ ਸੇਵਾ ਮੁਕਤੀ ਤੋਂ ਪਹਿਲਾਂ ਅਭਿਆਸ ਕਰ ਲੈਣਾ ਚਾਹੀਦਾ,ਜਰੂਰੀ ਹੈ ਕਿ ਸੇਵਾ ਮੁਕਤੀ ਤੋਂ ਕੁਝ ਮਹੀਨੇ ਪਹਿਲਾਂ ਹੀ ਆਪਣੇ ਆਪ ਨੂੰ ਸੇਵਾ ਮੁਕਤ ਸਮਝਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ,ਸੇਵਾ ਮੁਕਤੀ ਤੋਂ ਬਾਅਦ ਸਾਡੇ ਆਧੂਰੇ ਕੰਮ ਬਹੁਤ ਪਏ ਹੁੰਦੇ ਹੈ।ਹਰ ਕੰਮ ਦੇ ਲਈ ਨਿਯਮ ਬਣਾਉਣਾ ਬਹੁਤ ਜਰੂਰੀ ਹੈ ਇਸ ਦੇ ਨਾਲ ਤੁਹਾਨੂੰ ਕਿਸੇ ਵੀ ਕੰਮ ਕਰਨ ਵਿਚ ਮੁਸ਼ਕਲ ਨਹੀ ਹੋਵੇਗੀ।ਆਪਣੇ ਆਪ ਨੂੰ ਸਿਹਤਮੰਦ ਜਰੂਰ ਰੱਖੋ,ਆਪਣੇ ਆਪ ਨੂੰ ਤੰਦਰੁਸਤ ਰੱਖਣ ਦੇ ਲਈ ਵੀ ਤੁਸੀ ਨਿਯਮ ਬਣਾਓ ਜਿਵੇਂ ਹਰ ਤਿਮਾਹੀ ਆਪਣਾ ਮੈਡੀਕਲ ਚੈਕਅੱਪ ਕਰਾਓ। ਮੈਡੀਕਲ ਚੈਕਅੱਪ ਕਰਾਉਣਾ ਤੁਹਾਡੇ ਵਾਸਤੇ ਇਸ ਲਈ ਜਰੂਰੀ ਹੈ ਕਿ ਤੁਹਾਡੇ ਤੇ ਦਵਾਈਆਂ ਦਾ ਹੋਣ ਵਾਲਾ ਖਰਚਾ ਉਸ ਦਾ ਇਕ ਅੰਦਾਜਾ ਹੋ ਜਾਵੇਗਾ ਕਿ ਕਿੰਨਾਂ ਖਰਚ ਹੋ ਰਿਹਾ ਹੈ।ਸੇਵਾ ਮੁਕਤੀ ਹੋਣ ਤੋਂ ਬਾਅਦ ਤੁਹਾਨੂੰ ਇਸ ਵਾਸਤੇ ਫੰਡ ਦੀ ਮੁਸ਼ਕਲ ਨਹੀ ਆਏਗੀ,ਉਹਦਾ ਫਾਇਦਾ ਇਹ ਹੋਵੇਗਾ ਕਿ ਤੁਹਾਨੂੰ ਆਸਾਨੀ ਹੋ ਜਾਵੇਗੀ ਇਹਦੇ ਵਾਸਤੇ ਅਲੱਗ ਫੰਡ ਦਾ ਕਿਵੇਂ ਪ੍ਰਬੰਧ ਕਿਵੇਂ ਕਰਨਾ ਹੈ।
## ਉਹਨਾਂ ਨੂੰ ਚਾਹੀਦਾ ਹੈ ਕਿ ਸੇਵਾ ਮੁਕਤੀ ਤੋਂ ਛੇ ਮਹੀਨੇ ਪਹਿਲਾਂ ਹੀ ਆਪਣੇ ਵਾਸਤੇ ਕੋਈ ਨਵਾਂ ਸੌਕ ਸ਼ੁਰੂ ਕਰ ਲਿਆ ਜਾਵੇ,ਉਹ ਸੌਕ ਜਰੂਰੀ ਨਹੀ ਕਿ ਪੈਸਾ ਹੀ ਕਮਾਉਣਾ ਬਲਕਿ ਆਪਣੇ ਆਪ ਨੂੰ ਬਿਜ਼ੀ ਰੱਖਣਾ,ਜਿਵੇ ਅੱਜ ਕਲ ਬਹੁਤ ਸਾਰੇ ਐਨ ਜੀ ਓ ਕੰਮ ਕਰ ਰਹੇ ਹਨ ਕਿਸੇ ਨਾਲ ਵੀ ਹਿੱਸੇਦਾਰ ਬਣ ਸਕਦੇ ਹੋ,ਕਿਸੇ ਸੰਸਥਾ,ਜਥੇਬੰਦੀ,ਕੋਈ ਸਮਾਜ ਸੁਧਾਰਕ ਕੰਮ ਜਿਹਦੇ ਵਿਚ ਤੁਹਾਡਾ ਆਸਾਨੀ ਨਾਲ ਸਮ੍ਹਾਂ ਪਾਸ ਹੋ ਸਕੇ। ਇਹ ਸਮ੍ਹਾਂ ਤਾਂ ਆਪਣੇ ਆਪ ਨੂੰ ਬਿਜ਼ੀ ਰੱਖਣ ਦਾ ਹੀ ਹੈ, ਸਮਾਂ ਵੀ ਪਾਸ ਹੋ ਜਾਏਗਾ ਤਾਂ ਤੁਸੀ ਆਪਣੇ ਆਪ ਨੂੰ ਬਿਜੀ ਰੱਖ ਸਕੋਗੇ।ਜੇਕਰ ਕਿਸੇ ਪਿੰਡ ਵਿਚ ਰਹਿੰਦੇ ਹੋ ਤਾਂ ਪਿੰਡ ਵਿਚ ਪੰਚ ਜਾਂ ਸਰਪੰਚ ਬਣਨ ਵਾਸਤੇ ਜਦੋ ਜਹਿਦ ਕਰੋ,ਪਿੰਡ ਵਾਲਿਆਂ ਦੀਆਂ ਸਮੱਸਿਆਵਾਂ ਵਲ ਦਿਆਨ ਦੇਣਾ ਸ਼ੁਰੂ ਕਰੋ,ਉਹਨਾਂ ਦੀਆਂ ਛੋਟੀਆਂ ਮੋਟੀਆਂ ਸਮੱਸਿਆਵਾਂ ਪਿੰਡ ਵਿਚ ਹੀ ਹੱਲ ਕਰਾਉਣ ਦੀ ਕੋਸ਼ਿਸ਼ ਕਰੋ।ਪਿੰਡ ਵਾਲਿਆਂ ਨੂੰ ਆਪਣੇ ਨਾਲ ਜੋੜਣ ਦੀ ਕੋਸ਼ਿਸ਼ ਕਰੋ,ਤਾਂ ਕਿ ਪਿੰਡ ਦੇ ਲੋਕ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਸਕਣ, ਇਹਦੇ ਨਾਲ ਤੁਸੀ ਭੱਜ ਦੌੜ ਕਰਦੇ ਰਹੋਗੇ,ਭੱਜ ਦੌੜ ਕਰਦੇ ਰਹੋਗੇ ਤਾਂ ਤੁਸੀ ਤੰਦਰੁਸਤ ਵੀ ਰਹੋਗੇ,
## ਸੇਵਾ ਮੁਕਤੀ ਤੋਂ ਬਾਅਦ ਤੁਹਾਨੂੰ ਮਿਲਣ ਵਾਲੀ ਤਨਖਾਹ (ਪੈਂਨਸ਼ਨ)ਵੀ ਅੱਧੀ ਰਹਿ ਜਾਂਦੀ ਹੈ,ਖਰਚੇ ਤੁਹਾਡੇ ਪਹਿਲਾਂ ਹੀ ਤੁਹਾਡੀ ਪਹਿਲੀ ਤਨਖਾਹ ਮੁਤਾਬਿਕ ਬਣੇ ਹੋਏ ਹੁੰਦੇ ਹਨ।ਤੁਸੀ ਇਹਨਾਂ ਖਰਚਿਆਂ ਨੂੰ ਕਿਵੇਂ ਬੈਂਲਸ ਕਰਨਾ ਹੈ,ਇਹ ਤੁਹਾਡੇ ਤੇ ਹੀ ਨਿਰਭਿਰ ਕਰਦਾ ਹੈ,ਕਿਉਕਿ ਤੁਹਾਡੇ ਖਰਚੇ ਫਿਕਸ ਹੋਣ ਕਰਕੇ ਤੁਹਾਡੇ ਅੱਗੇ ਹੋਣ ਵਾਲੇ ਖਰਚਿਆਂ ‘ਚ ਗੜਬੜ ਹੋ ਸਕਦੀ ਹੈ। ਇਸ ਕਰਕੇ ਸੇਵਾ ਮੁਕਤੀ ਦੇ ਘੱਟੋ ਘੱਟ ਛੇ ਮਹੀਨੇ ਪਹਿਲਾਂ ਇਹ ਅਭਿਆਸ ਕਰਨਾ ਸ਼ੁਰੂ ਕਰੋ ਕਿ ਸੇਵਾ ਮੁਕਤੀ ਹੋਣ ਤੇ ਜਿੰਨੀ ਤਨਖਾਹ (ਪੈਨਸ਼ਨ) ਮਿਲਣੀ ਹੈ,ਉਨੇ ਵਿਚ ਹੀ ਘਰ ਦਾ ਗੁਜ਼ਾਰਾ ਅਰਾਮ ਨਾਲ ਹੋ ਸਕੇ ।ਇਹਦੇ ਨਾਲ ਤੁਹਾਡਾ ਅਭਿਆਸ ਹੋ ਜਾਏਗਾ ਤੇ ਨਾਲੇ ਸੇਵਾ ਮੁਕਤੀ ਦੀ ਤਰੀਕ ਆਉਦੇ ਆਉਦੇ ਤੁਸੀ ਆਪਣੇ ਗੈਰ ਜਰੂਰੀ ਖਰਚਿਆਂ ਨੂੰ ਪਛਾਨਣਾ ਸਿੱਖ ਜਾਓਗੇ।ਇਸ ਨਾਲ ਤੁਹਾਨੂੰ ਆਉਣ ਵਾਲੇ ਸਮ੍ਹੇਂ ਵਿਚ ਕੋਈ ਮੁਸ਼ਕਲ ਨਹੀ ਆਵੇਗੀ।ਇਸ ਤੋ ਬਾਅਦ ਜੋ ਵੀ ਤੁਹਾਡੇ ਕੋਲ ਪੈਸਾ ਹੋਵੇਗਾ ਉਸ ਦਾ ਤੁਸੀ ਸਹੀ ਜਗ੍ਹਾ ਇਸਤੇਮਾਲ ਕਰੋਗੇ,ਤਾਂ ਹੀ ਤੁਸੀ ਆਪਣੇ ਪੈਸੇ ਬਚਾ ਸਕਦੇ ਹੋ।ਇਹੀ ਕੀਤੀ ਹੋਈ ਬਚਤ ਤੁਹਾਨੂੰ ਆਉਣ ਵਾਲੇ ਸਮੇਂ ਵਿਚ ਕੰਮ ਆਏਗੀ।
## ਇਹ ਮੰਨ ਕੇ ਚਲੋ ਕਿ ਤੁਸੀ ਸੇਵਾ ਮੁਕਤ ਹੋਣਾ ਹੈ।ਸੇਵਾ ਮੁਕਤੀ ਹੋਣ ਤੋਂ ਦੋ ਤਿੰਨ ਮਹੀਨੇ ਪਹਿਲਾਂ ਤੋਂ ਹੀ ਇਹ ਕੋਸ਼ਿਸ਼ ਕਰੋ ਕਿ ਤੁਹਾਡੇ ਨੇੜੇ-ਤੇੜੇ ਹੋਰ ਕਿੰਨੇ ਕੁ ਸੇਵਾ ਮੁਕਤ ਮੁਲਾਜ਼ਮ ਰਹਿੰਦੇ ਹਨ।ਤੁਸੀ ਉਹਨਾਂ ਬੰਦਿਆਂ ਨਾਲ ਮੇਲ ਮਿਲਾਪ ਵਧਾਉਣਾ ਸ਼ੁਰੂ ਕਰੋ,ਜਿਹੜੇ ਕਿ ਸੇਵਾ ਮੁਕਤੀ ਦੇ ਬਾਅਦ ਆਪਣਾ ਜੀਵਨ ਵਧੀਆ ਅਤੇ ਖੁਸ਼ੀਆਂ ਭਰਿਆਂ ਬਤੀਤ ਕਰ ਰਹੇ ਹਨ।ਉਹਨਾਂ ਦੇ ਮੇਲ ਮਿਲਾਪ ਅਤੇ ਉਹਨਾਂ ਦੀ ਮਦਦ ਨਾਲ ਤੁਸੀ ਆਪਣੇ ਸੇਵਾ ਮੁਕਤੀ ਜੀਵਨ ਵਿਚ ਆਤਮ ਵਿਸ਼ਵਾਸ਼ ਭਰਿਆ ਕਦਮ ਰੱਖ ਸਕਦੇ ਹੋ।ਵਧੀਆ ਮਹੌਲ ਮਿਲਣ ਨਾਲ (ਖੁਸ਼ਹਾਲ ਜੀਵਨ)ਵਧੀਆ ਜਿੰਦਗੀ ਨਿਕਲ ਜਾਂਦੀ ਹੈ।ਪਿਛਾਂਹ ਖਿਚੂ ਵਿਚਾਰਾਂ ਵਾਲਿਆਂ ਦੀ ਸੰਗਤ ਕਰਨ ਨਾਲ ਤੁਹਾਨੂੰ ਪਿਛਾਂਹ ਖਿੱਚੂ ਮਹੌਲ ਹੀ ਮਿਲੇਗਾ ਅਤੇ ਸੇਵਾ ਮੁਕਤੀ ਵਾਲੀ ਤੁਹਾਡੀ ਜਿੰਦਗੀ ਨਰਕ ਬਣ ਸਕਦੀ ਹੈ।ਜਿੰਦਗੀ ਨਰਕ ਬਣਨ ਨਾਲ ਘਰ ਦਾ ਮਹੌਲ ਵੀ ਨਰਕ ਹੋ ਸਕਦਾ ਹੈ।ਤੁਸੀ ਆਪਣੇ ਸੇਵਾ ਮੁਕਤੀ ਜਵਿਨ ਵਿਚ ਖੁਸ਼ਹਾਲ ਨਹੀ ਰਹਿ ਸਕਦੇ।
## ਕੰਮ ਵਿਚ ਰੁਚੀ ਰੱਖਣ ਵਾਲਾ ਆਦਮੀ ਸਰੀਰਕ ਥਕਾਨ,ਸਰੀਰਕ ਕੋਈ ਵੀ ਕਸ਼ਟ ਸੱਭ ਭੁਲਾ ਦਿੰਦਾ ਹੈ।ਖਾਲੀ ਦਿਮਾਗ਼,ਘਰ ਬੈਠਾ ਵਿਹਲੜ, ਸਰੀਰ ਨੂੰ ਬੀਮਾਰੀਆਂ ਦਾ ਘਰ ਬਣਾ ਦਿੰਦਾ ਹੈ।ਕੋਸ਼ਿਸ਼ ਕਰੋ ਕਿ ਜਿੰਨੇ ਘੰਟੇ ਤੁਸੀ ਪਹਿਲਾਂ ਡਿਊਟੀ ਤੇ ਜਾਂਦੇ ਬਤੀਤ ਕਰਦੇ ਸੀ ਘੱਟੋ ਘੱਟ ਉਨੇ ਘੰਟੇ ਕੋਈ ਨਾ ਕੋਈ ਛੋਟਾ ਮੋਟਾ ਕੰਮ ਜਾਂ ਜੇ ਕੋਈ ਸੌਕ ਹੈ ਤਾਂ ਘੱਟੋ ਘੱਟ ਉਹਨੇ ਘੰਟੇ ਜਰੂਰ ਬਤੀਤ ਕਰੋ।ਕੋਈ ਯਾਰ ਦੋਸਤ ਖਾਸ ਹੈ ਤਾਂ ਉਸ ਦੇ ਨਾਲ ਤਾਲਮੇਲ ਬਣਾ ਕੇ ਕੋਈ ਨਵੀ ਰਣਨੀਤੀ ਵੀ ਤਿਆਰ ਕਰ ਸਕਦੇ ਹੋ।ਜੇ ਤੁਸੀ ਇਸ ਤੋਂ ਇਲਾਵਾ ਹੋਰ ਕੁਝ ਕਰਨਾ ਚਾਹੁੰਦੇ ਹੋ ਤਾਂ ਹੋਰ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ।ਜਿੰਨਾ ਤੁਸੀ ਕੰਮ ਕਰੋਗੇ ਉਂਨਾ ਹੀ ਤੁਹਾਡਾ ਸਰੀਰ ਤੰਦਰੁਸਤ ਰਹੇਗਾ।ਤੁਹਾਡਾ ਸਰੀਰ ਤੰਦਰੁਸਤ ਰਹੇਗਾ ਤਾਂ ਤੁਹਾਡਾ ਸੇਵਾ ਮੁਕਤੀ ਜੀਵਨ ਆਪਣੇ ਆਪ ਹੀ ਖੁਸ਼ਹਾਲ ਹੋ ਜਾਏਗਾ।ਜੋ ਤੁਸੀ ਕਰਨਾ ਹੈ,ਜਿੰਨਾਂ ਤੁਸੀ ਕਰਨਾ ਹੈ ਉਹ ਤੁਸੀ ਆਪਣੀ ਤੰਦਰੁਸਤੀ ਦੇ ਲਈ ਹੀ ਕਰਨਾ ਹੈ।
## ਨੌਕਰੀ ਕਰਦੇ ਸਮੇਂ ਹਰ ਇਨਸਾਨ ਆਪਣੇ ਵਿਭਾਗ ਦੇ ਕੰਮਾ ਵਿਚ ਹੀ ਉਲਝਿਆ ਰਹਿੰਦਾ ਹੈ,ਨੌਕਰੀ ਦੇ ਦੌਰਾਨ ਤੁਸੀ ਵੀ ਬਹੁਤ ਬਿਜ਼ੀ ਰਹਿੰਦੇ ਹੋਵੋਗੇ।ਨੌਕਰੀ ਵਿਚ ਹੁੰਦਿਆਂ ਹੋਇਆ ਤੁਹਾਡਾ ਕਈ ਰਿਸਤੇਦਾਰਾਂ ਸਾਕ ਸਬੰਧੀਆਂ ਨਾਲ ਕਦੀ ਮੇਲ ਮਿਲਾਪ ਨਹੀ ਹੋਇਆ ਹੁੰਦਾ,ਸੇਵਾ ਮੁਕਤੀ ਤੋਂ ਬਾਅਦ ਤੁਹਾਡਾ ਸਮ੍ਹਾਂ ਮੇਲ ਮਿਲਾਪ ਦਾ ਬਣ ਜਾਂਦਾ ਹੈ।ਹੁਣ ਤੁਸੀ ਡਿਊਟੀ ਤੋਂ ਫਾਰਗ ਹੋ ਗਏ ਹੋ,ਨੌਕਰੀ ਤੋਂ ਵਿਹਲੇ ਹੋ ਕੇ ਖੁਦ ਨੂੰ ਘਰ ਵਿਚ ਕੈਦ ਨਾ ਕਰ ਲਿਓ।ਸੇਵਾ ਮੁਕਤੀ ਤੋਂ ਬਾਅਦ ਸਮ੍ਹੇਂ ਦੀ ਪਾਬੰਧੀ ਤੁਹਾਡੇ ‘ਤੋਂ ਹਟ ਗਈ ਹੈ,ਸੋ ਹੁਣ ਤਾਂ ਤੁਸੀ ਖੁਲ ਕੇ ਘੁੰਮ ਫਿਰ ਸਕਦੇ ਹੋ।ਪਰ ਆਪਣੀ ਸਿਹਤ ਵਲ,ਆਪਣੇ ਆਪ ਵਲ ਜਰੂਰ ਧਿਆਨ ਦਿਓ,ਕੋਸ਼ਿਸ਼ ਕਰੋ ਕਿ ਜਿਸ ਤਰ੍ਹਾਂ ਤੁਸੀ ਪਹਿਲਾਂ ਡਿਊਟੀ ਸਮ੍ਹੇਂ ਤਿਆਰ ਹੁੰਦੇ ਸੀ ਠੀਕ ਉਸੇ ਸਮ੍ਹੇ,ਉਸੇ ਤਰ੍ਹਾਂ ਹੀ ਸੇਵਾ ਮੁਕਤੀ ਤੋਂ ਬਾਅਦ ਵੀ ਤਿਆਰ ਹੁੰਦੇ ਰਹੋ,ਕਿਉਂਕਿ ਜਿੰਨਾਂ ਤੁਸੀ ਆਪਣੇ ਆਪ ਨੂੰ ਸਾਫ ਸੁਥਰਾ ਰੱਖ ਸਕਦੇ ਹੋ,ਜਿੰਨਾਂ ਤੁਸੀ ਆਪਣੇ ਆਪ ਨੂੰ ਖੁਸ਼ ਰੱਖ ਸਕਦੇ ਹੋ ਉਨਾ ਹੀ ਤੁਸੀ ਆਪਣੀ ਜਿੰਦਗੀ ਨੂੰ ਖੁਸ਼ਹਾਲ ਬਣਾਉਗੇ।ਇਹ ਫਾਰਮੂਲਾ ਅਪਣਾਓ ਤਾਂ ਬਹੁਤ ਵਧੀਆ ਹੈ ਕਿਉਂਕਿ ਇਸ ਵਿਚੋ ਹੀ ਤੰਦਰੁਸਤੀ ਦੇ ਰਸਤੇ ਨਿਕਲਣਗੇ।
## ਜਿੰਨਾਂ ਘਰਾਂ ਵਿਚ ਤਾਲਮੇਲ ਨਹੀ ਹੁੰਦਾ ਉਨਾਂ ਘਰਾਂ ਵਿਚ ਕਦੇ ਵੀ ਸ਼ਾਂਤੀ ਨਹੀ ਰਹਿੰਦੀ,ਘਰ ਵਿਚ ਤਾਲਮੇਲ ਦਾ ਹੋਣਾ ਵੀ ਬਹੁਤ ਜਰੂਰੀ ਹੈ,ਕਿਉਕਿ ਨੌਕਰੀ ਤੇ ਰਹਿੰਦਿਆਂ ਹੋਇਆ ਸਾਡੇ ਕੋਲ ਫੁਰਸਤ ਨਹੀ ਹੁੰਦੀ ਕਿ ਅਸੀ ਖਾਲੀ ਸਮੇ ਕਿਸੇ ਦੇ ਨਾਲ ਬਹਿ ਕੇ ਕੁਝ ਦੁੱਖ ਸੁਖ ਸਾਂਝਾ ਕਰ ਸਕੀਏ,ਸਵੇਰੇ ਘਰੋਂ ਡਿਊਟੀ ਤੇ ਜਾਣ ਦੀ ਜਲਦੀ ਅਤੇ ਸ਼ਾਮ ਨੂੰ ਘਰ ਨੂੰ ਆਉਣ ਦੀ ਜਲਦੀ।ਡਿਊਟੀ ਤੇ ਜਾਣ ਲਈ ਅਸੀ ਸਵੇਰੇ ਘਰੋਂ ਨਿਕਲ ਜਾਂਦੇ ਤਾਂ ਸ਼ਾਮ ਨੂੰ ਹੀ ਘਰ ਮੁੜਦੇ ਹਾਂ ਇਹਦੇ ਵਿਚ ਵੀ ਸਾਡਾ ਕਾਫੀ ਸਮਾਂ ਬਰਬਾਦ ਹੋ ਜਾਂਦਾ ਹੈ,ਜਿਹੜੇ ਆਪਣੇ ਘਰ ਤੋਂ ਦੂਰ ਦਰਾਡੇ ਕੰਮ (ਨੌਕਰੀ)ਕਰਦੇ ਹਨ ਉਨਾਂ ਦਾ ਆਉਣ ਜਾਣ ਵਿਚ ਸਮ੍ਹਾਂ ਹੋਰ ਵੀ ਬਰਬਾਦ ਹੋ ਜਾਂਦਾ ਹੈ।ਇਸ ਲਈ ਘਰ ਦੇ ਜਰੂਰੀ ਕੰਮਾਂ ਲਈ ਸਾਡੇ ਕੋਲ ਕਈ ਬਾਰ ਸਮ੍ਹੇਂ ਨਹੀ ਨਿਕਲਦਾ,ਘਰ ਦਾ ਜੋ ਸਾਰਾ ਦਾਰੋ-ਮਦਾਰ ਘਰਵਾਲੀ ਵਾਲੀ ਦੇ ਮੋਢਿਆ ਤੇ ਹੀ ਹੁੰਦਾ ਹੈ,ਨੌਕਰੀ ਦੌਰਾਨ ਅਸੀ ਘਰ ਨਹੀ ਰਹੇ,ਸੇਵਾ ਮੁਕਤੀ ਤੋਂ ਬਾਅਦ ਸਾਨੂੰ ਕੁਝ ਸਮਝ ਨਹੀ ਆਉਦਾ ਕੀ ਕਰਨਾ,ਇਸ ਕਰਕੇ ਵੀ ਘਰ ਵਿਚ ਕੁਝ ਅਣਬਣ ਰਹਿਣੀ ਸ਼ੁਰੂ ਹੋ ਜਾਂਦੀ ਹੈ।ਇਸ ਕਰਕੇ ਵੀ ਤੁਹਾਡਾ ਸੇਵਾ ਮੁਕਤੀ ਸਮ੍ਹਾਂ ਬਰਬਾਦ ਹੋ ਜਾਂਦਾ ਹੈ।ਬੱਚੇ ਤੁਹਾਡੇ ਬਰਾਬਰ ਹੁੰਦੇ ਨੇ,ਤੁਸੀ ਆਪਣੀ ਗਲ ਮਨਵਾਉਣੀ ਹੈ,ਘਰ ਵਿਚ ਤੁਸੀ ਕਿਸੇ ਮੈਂਬਰ ਦੀ ਗੱਲ ਸਹਾਰਨੀ ਨਹੀ ਤੇ ਤੁਹਾਡੀ ਕਿਸੇ ਨੇ ਮੰਨਣੀ ਨਹੀ,ਫਿਰ ਕੀ, ਸਿਵਾਏ ਆਪਣੇ ਅੰਦਰੋ ਅੰਦਰੀ ਸੋਚਣ ਦੇ (ਆਪਣੇ ਸਰੀਰ ਨੂੰ ਤੁਸੀ ਹੋਰ ਬੀਮਾਰੀਆਂ ਨੂੰ ਸੱਦਾ ਦੇ ਰਹੇ ਹੋ)ਕੁਝ ਨਹੀ ਪੱਲੇ ਰਹਿ ਜਾਂਦਾ,ਇਸ ਕਰਕੇ ਘਰ ਵਿਚ ਤਾਲਮੇਲ ਬਣਾਉਣਾ ਬਹੁਤ ਜਰੂਰੀ ਹੈ।ਮੇਰੀ ਛੋਟੀ ਸੋਚ ਦੇ ਮੁਤਾਬਿਕ ਸੇਵਾ ਮੁਕਤੀ ਤੋਂ ਬਾਅਦ ਕੋਸ਼ਿਸ਼ ਕਰੋ ਕਿ ਰੋਜ਼ ਇਕ ਸਮ੍ਹੇ ਦਾ ਖਾਣਾ ਤੁਸੀ ਆਪਣੇ ਘਰ ਦੇ ਸਾਰੇ ਮੈਂਬਰ ਇਕੱਠੇ ਹੋ ਕੇ ਖਾਓ,ਇਹਦੇ ਨਾਲ ਤੁਹਾਡੇ ਸਾਰੇ ਮੈਂਬਰਾਂ ਵਿਚ ਪਿਆਰ ਦੀ ਭਾਵਨਾ ਜਾਗੇਗੀ,ਤੁਹਾਡਾ ਪਿਆਰ ਹੋਰ ਵੀ ਗੂੜਾ ਹੋਵੇਗਾ।ਸਾਰੇ ਮੈਂਬਰ ਇਕੱਠੇ ਬੈਠੋਗੇ ਤਾਂ ਤੁਸੀ ਆਪਣੇ ਘਰ ਨੂੰ ਅੱਗੇ ਲਿਜਾਣ ਵਾਸਤੇ ਕੋਈ ਨਵੀ ਰਣਨੀਤੀ ਤਿਆਰ ਕਰ ਸਕਦੇ ਹੋ।
## ਖੁਦ ਸਰਕਾਰੀ ਵਿਭਾਗ ਨਾਲ ਸਬੰਧਤ ਹੋਣ ਕਰਕੇ ਸੇਵਾ ਮੁਕਤ ਹੋਏ ਬਹੁਤ ਸਾਰੇ ਮੈਂਬਰਾਂ ਨੂੰ ਅਕਸਰ ਮਿਲਦਾ ਜੁਲਦਾ ਰਹਿੰਦਾ ਹਾਂ।ਸੇਵਾ ਮੁਕਤ ਹੋਏ ਮੁਲਾਜਮ ਮੇਰੇ ਨਾਲ ਆਪਣੇ ਘਰ ਦੀ ਹਰ ਮੁਸ਼ਕਲ ਸਾਂਝੀ ਕਰਦੇ ਰਹਿੰਦੇ ਹਨ।ਸਾਰਿਆਂ ਦੀਆਂ ਆਪਣੋ ਆਪਣੀਆਂ ਵੱਖ ਵੱਖ ਘਰਾਂ ਦੀ ਸਮੱਸਿਆਂਵਾ ਹੁੰਦੀਆਂ ਹਨ।ਸਾਰੇ ਆਪਣੇ ਆਪਣੇ ਘਰਾਂ ਦੀਆਂ ਸਮੱਸਿਆਵਾਂ ਦੇ ਨਾਲ ਝੂਜਦੇ ਮਹਿਸੂਸ ਹੋਏ।ਜਿੰਨਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਇਕ ਗੱਲ ਸੱਭ ਤੋਂ ਵੱਧ ਉਭਰ ਕੇ ਸਾਹਮਣੇ ਆਈ,ਉਹ ਹੈ ਪੈਸਾ,ਪੈਸਾ ਇਕ ਇਹੋ ਜਿਹੀ ਚੀਜ਼ ਹੈ ਕਿ ਚੰਗੇ ਭਲੇ ਬੰਦਿਆਂ ਦੀ ਸੁਰਤ ਨੂੰ ਘੁੰਮਣ ਘੇਰੀ ਦੇ ਦਿੰਦਾ ਹੈ,ਆਪਣਿਆ ਨੂੰ ਪਰਾਏ ਬਣਾ ਦਿੰਦਾ ਹੈ। ਸੇਵਾ ਮੁਕਤੀ ਤੋਂ ਬਾਅਦ ਸਰਕਾਰੀ ਜਾਂ ਅਰਧ ਸਰਕਾਰੀ ਵਿਭਾਗ ਕਰਮਚਾਰੀ ਦਾ ਜਮ੍ਹਾਂ ਫੰਡ ਅਤੇ ਕੁਝ ਹੋਰ ਭੱਤੇ ਇਕੱਠੇ ਦਿੰਦਾ ਹੈ। ਸਰਕਾਰ ਵਲੋਂ ਜੋ ਵੀ ਪੈਸਾ ਮਿਲਦਾ ਹੈ,ਉਹਨਾਂ ਪੈਸਿਆਂ ਤੇ ਆਮ ਤੌਰ ਤੇ ਸਾਰਿਆਂ ਦੀ ਅੱਖ ਟਿਕੀ ਹੁੰਦੀ ਹੈ।ਇਸ ਵਿਚ ਪਹਿਲਾਂ ਤੁਹਾਡੇ ਸਾਕ ਸਬੰਧੀ ਹਨ,ਜਿਹੜੇ ਤੁਹਡੇ ਪੈਸਿਆਂ ਤੇ ਅੱਖ ਟਿਕਾਈ ਬੈਠੇ ਹੁੰਦੇ ਹਨ,ਉਸ ਤੋਂ ਬਾਅਦ ਦੂਰ ਦੇ ਰਿਸ਼ਤੇਦਾਰ ਵੀ ਤੁਹਾਡੇ ਨੇੜੇ ਨੇੜੇ ਆਉਣ ਲੱਗ ਜਾਂਦੇ ਹਨ।ਉਹ ਆਨੇ ਬਹਾਨੇ ਤੁਹਾਡੇ ਕੋਲੋ ਪੈਸਿਆਂ ਦੀ ਮੰਗ ਕਰ ਸਕਦੇ ਹਨ। ਇਸ ਦੌੜ ਵਿਚ ਤੁਹਾਡੇ ਯਾਰ ਦੋਸਤ ਵੀ ਸ਼ਾਮਲ ਹੋ ਸਕਦੇ ਹਨ ਇਸ ਲਈ ਇਹਨਾਂ ਸਭਨਾ ਤੋਂ ਸੁਚੇਤ ਹੋਣਾ ਲਾਜ਼ਮੀ ਹੈ।ਉਹ ਤੁਹਾਡੇ ਪੈਸਿਆਂ ਦਾ ਗਲਤ ਇਸਤੇਮਾਲ ਵੀ ਕਰ ਸਕਦੇ ਹਨ।ਇਸ ਸੁਚੇਤਨਾ ਲਈ ਤੁਹਾਨੂੰ ਜਾਗਰੁਕ ਹੋਣਾ ਬਹੁਤ ਜਰੂਰੀ ਹੈ।ਇਸ ਪੈਸਾ ਦਾ ਸਹੀ ਉਪਯੋਗ ਹੀ ਤੁਹਾਡੀ ਸੇਵਾ ਮੁਕਤੀ ਜਿੰਦਗੀ ਨੂੰ ਖੁਸ਼ਹਾਲ ਜੀਵਨ ਦੇ ਸਕਦਾ ਹੈ।ਜਰੂਰੀ ਨਹੀ ਕਿ ਹਰ ਕੋਈ ਮੇਰੇ ਨਾਲ ਸਹਿਮਤ ਹੋਵੇ।
ਅਮਰਜੀਤ ਚੰਦਰ
ਬੀ-33/1809 ਸ਼ਹੀਦ ਭਗਤ ਸਿੰਘ ਕਲੌਨੀ ਲੁਧਿਆਣਾ
ਮੋਬਾਇਲ 9417600014