ਘਨੌਲੀ, 19 ਜੂਨ (ਸਮਾਜਵੀਕਲੀ) : ਆਮ ਲੋਕਾਂ ਲਈ ਘਰ ਬਣਾਉਣਾ ਹੋਰ ਵੀ ਮੁਸ਼ਕਲ ਹੋ ਰਿਹਾ ਹੈ, ਕਿਉਂਕਿ ਰੇਤੇ-ਬਜਰੀ ’ਤੇ ਰਾਇਲਟੀ ਨਾਮ ’ਤੇ ਗੁੰਡਾ ਟੈਕਸ ਉਗਰਾਹੁਣ ਵਾਲਿਆਂ ਨੇ ਟੈਕਸ ਵਿੱਚ ਭਾਰੀ ਇਜ਼ਾਫਾ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਗੁੰਡਾ ਟੈਕਸ ਉਗਰਾਹੁਣ ਵਾਲੇ ਤੇ ਕਰੱਸ਼ਰ ਮਾਲਕਾਂ ਵਿਚਕਾਰ ਸਮਝੌਤਾ ਹੋ ਚੁੱਕਾ ਹੈ ਤੇ ਨਵੇਂ ਰੇਟ 21 ਜੂਨ ਤੋਂ ਲਾਗੂ ਕੀਤੇ ਜਾ ਰਹੇ ਹਨ।
ਜ਼ਿਲ੍ਹਾ ਰੂਪਨਗਰ ਦੇ ਆਨੰਦਪੁਰ ਸਾਹਿਬ ਖੇਤਰ ਵਿੱਚ ਗੁੰਡਾ ਟੈਕਸ 400 ਰੁਪਏ ਪ੍ਰਤੀ ਸੈਕੜਾ ਤੋਂ ਵਧਾ ਕੇ 500 ਰੁਪਏ ਪ੍ਰਤੀ ਸੈਂਕੜਾ ਤੇ ਜ਼ਿਲ੍ਹੇ ਦੇ ਹੋਰ ਜ਼ੋਨਾਂ ਵਿੱਚ 350 ਰੁਪਏ ਪ੍ਰਤੀ ਸੈਕੜਾ ਤੋਂ ਵਧਾ ਕੇ 450 ਰੁਪਏ ਪ੍ਰਤੀ ਸੈਕੜਾ ਕੀਤਾ ਜਾ ਰਿਹਾ ਹੈ। 21 ਜੂਨ ਤੋਂ ਬਾਅਦ ਰੇਤੇ ਦਾ ਛੋਟਾ ਟਿੱਪਰ 400 ਰੁਪਏ ਅਤੇ ਵੱਡਾ ਟਿੱਪਰ ਪਹਿਲਾਂ ਨਾਲੋਂ 800 ਰੁਪਏ ਹੋਰ ਮਹਿੰਗਾ ਮਿਲੇਗਾ।
ਮਕਾਨ ਉਸਾਰੀ ਦੇ ਕੰਮ ਵਿੱਚ ਲੱਗੇ ਮਿਸਤਰੀਆਂ ਸੁਰਿੰਦਰ ਕੁਮਾਰ ਅਤੇ ਮਿਸਤਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਜਦੋਂ ਅੱਜ ਨੰਗਲ ਸਰਸਾ ਕਰੱਸ਼ਰ ਜ਼ੋਨ ਤੋਂ ਰੇਤਾ ਲੈਣ ਲਈ ਗਏ ਤਾਂ ਉਨ੍ਹਾਂ ਨੂੰ ਕਰੱਸ਼ਰ ਮਾਲਕਾਂ ਨੇ ਦੱਸਿਆ ਕਿ ਪਰਸੋਂ ਤੋਂ ਬਾਅਦ ਰਾਇਲਿਟੀ 350 ਰੁਪਏ ਦੀ ਬਜਾਇ 450 ਰੁਪਏ ਹੋ ਗਈ ਹੈ। ਇਸ ਲਈ ਉਹ ਪਰਸੋਂ ਤੋਂ ਨਵੇਂ ਰੇਟ ਅਨੁਸਾਰ ਪੈਸੇ ਲੈ ਕੇ ਆਉਣ। ਡਿਪਟੀ ਕਮਿਸ਼ਨਰ ਬੇਖ਼ਬਰ: ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਨੇ ਕਿਹਾ ਕਿ ਰੇਤੇ-ਬਜਰੀ ਦੇ ਰੇਟ ਵਧਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਤੇ ਉਹ ਇਸ ਸਬੰਧੀ ਜ਼ਿਲ੍ਹਾ ਖਣਨ ਅਧਿਕਾਰੀ ਤੋਂ ਰਿਪੋਰਟ ਤਲਬ ਕਰਨਗੇ।