ਜਿ਼ਮਨੀ ਚੋਣਾਂ: ਭਾਜਪਾ ਨੇ ਦੋ ਹਲਕਿਆਂ ਲਈ ਭੇਜੇ 18 ਨਾਮ

ਭਾਜਪਾ ਨੇ ਫਗਵਾੜਾ ਤੇ ਮੁਕੇਰੀਆਂ ਦੀਆਂ ਉਪ ਚੋਣਾਂ ਲਈ ਪਾਰਟੀ ਹਾਈ ਕਮਾਂਡ ਨੂੰ 18 ਜਣਿਆਂ ਦੇ ਨਾਂ ਟਿਕਟ ਦੇਣ ਵਾਸਤੇ ਭੇਜੇ ਹਨ। ਦੁਪਹਿਰ ਬਾਅਦ ਅੱਜ ਇਥੇ ਇਕ ਹੋਟਲ ਵਿਚ ਭਾਜਪਾ ਦੀ ਸੂਬਾਈ ਲੀਡਰਸ਼ਿੱਪ ਦੀ ਘੰਟੇ ਤੋਂ ਵੱਧ ਚੱਲੀ ਮੀਟਿੰਗ ’ਚ ਉਮੀਦਵਾਰਾਂ ਦੀ ਚੋਣ ਵਾਸਤੇ ਚਰਚਾ ਹੋਈ ਸੀ। ਇਨ੍ਹਾਂ ਦੋਵਾਂ ਹਲਕਿਆਂ ਲਈ 18 ਜਣਿਆਂ ਨੇ ਟਿਕਟ ਦੀ ਮੰਗ ਕੀਤੀ ਸੀ। ਸੂਬਾਈ ਲੀਡਰਸ਼ਿਪ ਨੇ ਸਾਰੇ ਨਾਂ ਹੀ ਪਾਰਟੀ ਹਾਈ ਕਮਾਂਡ ਨੂੰ ਭੇਜ ਦਿੱਤੇ ਹਨ। ਇਸ ਦੀ ਪੁਸ਼ਟੀ ਮੀਟਿੰਗ ਦਾ ਹਿੱਸਾ ਰਹੇ ਭਾਜਪਾ ਦੇ ਇਕ ਸੂਬਾਈ ਸਾਬਕਾ ਪ੍ਰਧਾਨ ਨੇ ਕੀਤੀ।
ਫਗਵਾੜਾ ਦੀ ਉਪ ਚੋਣ ਵਾਸਤੇ ਜਦੋਂ 6 ਜਣਿਆਂ ਨੇ ਟਿਕਟ ਵਾਸਤੇ ਅਰਜ਼ੀਆਂ ਦਿੱਤੀਆਂ ਹੋਈਆਂ ਸਨ। ਇਨ੍ਹਾਂ ਵਿਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਆਪਣੀ ਪਤਨੀ ਵਾਸਤੇ ਟਿਕਟ ਦੀ ਮੰਗ ਕੀਤੀ ਹੋਈ ਹੈ ਜਦਕਿ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਆਪਣੇ ਪੁੱਤਰ ਲਈ ਅਰਜ਼ੀ ਦਿੱਤੀ ਹੋਈ ਹੈ। ਫਗਵਾੜਾ ਵਿਧਾਨ ਸਭਾ ਹਲਕੇ ਲਈ ਜਦੋਂ ਨਾਂ ਵਿਚਾਰੇ ਜਾਣੇ ਸਨ ਤਾਂ ਭਾਜਪਾ ਲੀਡਰਸ਼ਿਪ ਨੇ ਚੱਲਦੀ ਮੀਟਿੰਗ ਵਿਚੋਂ ਸੋਮ ਪ੍ਰਕਾਸ਼ ਤੇ ਵਿਜੇ ਸਾਂਪਲਾ ਨੂੰ ਬਾਹਰ ਭੇਜ ਦਿੱਤਾ ਸੀ। ਫਗਵਾੜਾ ਵਾਸਤੇ ਜਿਹੜੇ 6 ਨਾਂ ਟਿਕਟ ਲਈ ਆਏ ਹਨ ਉਨ੍ਹਾਂ ਵਿਚ ਅਨੀਤਾ ਸੋਮ ਪ੍ਰਕਾਸ਼, ਸਾਹਿਲ ਸਾਂਪਲਾ, ਰਜੇਸ਼ ਬਾਘਾ, ਕੌਂਸਲਰ ਓਮ ਪ੍ਰਕਾਸ਼ ਬਿੱਟੂ, ਡਾ. ਦਿਲਬਾਗ ਸਿੰਘ ਅਤੇ ਗੁਰਦੇਵ ਸਿੰਘ ਬੇਦੀ ਸ਼ਾਮਲ ਹਨ।
ਮੁਕੇਰੀਆਂ ਉਪ ਚੋਣ ਲਈ 12 ਨਾਂ ਆਏ ਹਨ, ਜਿਨ੍ਹਾਂ ਵਿਚ ਪ੍ਰਮੁੱਖ ਤੌਰ ’ਤੇ ਅਰੂਨੇਸ਼ ਸ਼ਾਕਰ, ਠਾਕੁਰ ਸੰਗਰਾਮ ਸਿੰਘ ਅਤੇ ਜੰਗੀ ਲਾਲ ਮਹਾਜਨ ਸ਼ਾਮਲ ਹਨ। ਅਰੂਨੇਸ਼ ਸ਼ਾਕਰ ਦੋ ਵਾਰ ਮੁਕੇਰੀਆਂ ਹਲਕੇ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ। ਤਿੰਨ ਵਾਰ ਉਹ ਵਿਧਾਨ ਸਭਾ ਦੀਆਂ ਚੋਣਾਂ ਹਾਰ ਗਏ ਸਨ।
ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਚੋਣ ਕਮਿਸ਼ਨ ਕੋਲੋਂ ਮੰਗ ਕੀਤੀ ਕਿ ਪੰਜਾਬ ਵਿਚ ਕੇਂਦਰੀ ਬਲਾਂ ਦੀ ਨਿਗਰਾਨੀ ਹੇਠ ਉਪ ਚੋਣਾਂ ਕਰਵਾਈਆਂ ਜਾਣ ਕਿਉਂਕਿ ਕੈਪਟਨ ਸਰਕਾਰ ਨੇ ਸੂਬੇ ਵਿਚ ਪਹਿਲਾਂ ਵੀ ਧੱਕੇਸ਼ਾਹੀ ਨਾਲ ਨਗਰ ਨਿਗਮ ਤੇ ਹੋਰ ਚੋਣਾਂ ਜਿੱਤੀਆਂ ਸਨ। ਜਦੋਂ ਉਨ੍ਹਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਕੀ ਭਾਜਪਾ ’ਚ ਐਮਪੀ ਦੇ ਪਰਿਵਾਰ ਵਿਚ ਹੀ ਵਿਧਾਨ ਸਭਾ ਦੀ ਟਿਕਟ ਦੇਣ ਦਾ ਰੁਝਾਨ ਹੈ ਤਾਂ ਇਸ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਮਲਿਕ ਨੇ ਕਿਹਾ ਕਿ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿਚ ਇਕੋ ਪਰਿਵਾਰ ’ਚ ਐਮਪੀ ਤੇ ਵਿਧਾਇਕ ਹਨ। ਚੋਣਾਂ ਦੌਰਾਨ ਬਾਗੀ ਸੁਰ ਰੱਖਣ ਵਾਲੇ ਆਗੂਆਂ ਨੂੰ ਟਿਕਟ ਦੇਣ ਬਾਰੇ ਪੁੱਛੇ ਸਵਾਲ ਦਾ ਜਵਾਬ ਟਾਲਦਿਆਂ ਸ਼ਵੇਤ ਮਲਿਕ ਨੇ ਕਿਹਾ ਕਿ ਅਜਿਹੇ ਮਾਮਲੇ ਪਾਰਟੀ ਦੇ ਅੰਦਰ ਹੀ ਵਿਚਾਰੇ ਜਾਂਦੇ ਹਨ, ਨਾ ਕਿ ਮੀਡੀਆ ’ਚ।

Previous articleਗਊਸ਼ਾਲਾ ਕਮੇਟੀ ਮੈਂਬਰਾਂ ’ਤੇ ਕੇਸ ਦਰਜ ਕਰਨ ਵਿਰੁੱਧ ਮੌੜ ਮੰਡੀ ਬੰਦ
Next articleਰੌਬਰਟ ਵਾਡਰਾ ਨੇ ਹਾਈ ਕੋਰਟ ’ਚ ਈਡੀ ਦੀ ਚੁਣੌਤੀ ਦਾ ਵਿਰੋਧ ਕੀਤਾ