ਜਿਨਸੀ ਸ਼ੋਸ਼ਣ: ਪੀੜਤ ਡਾਕਟਰ ਤੇ ਛੇ ਲੜਕੀਆਂ ਗ੍ਰਿਫ਼ਤਾਰ

ਜਿਨਸੀ ਸ਼ੋਸ਼ਣ ਵਿਵਾਦ ਮਾਮਲੇ ਵਿੱਚ ਇਨਸਾਫ਼ ਮੰਗ ਰਹੀਆਂ ਧਿਰਾਂ ਉੱਪਰ ਲਾਠੀਚਾਰਜ, ਜਲ ਤੋਪ ਅਤੇ ਅਥਰੂ ਗੈਸ ਦੇ ਗੋਲੇ ਚਲਾਉਣ ਤੋਂ ਇਕ ਦਿਨ ਮਗਰੋਂ ਅੱਜ ਪੁਲੀਸ ਨੇ ਪੀੜਤ ਡਾਕਟਰ ਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਥਾਣੇ ਦੇ ਬਾਹਰ ਪੁਲੀਸ ਕਾਰਵਾਈ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੀਆਂ ਅੱਧੀ ਦਰਜਨ ਮੁਟਿਆਰਾਂ ਨੂੰ ਵੀ ਪੁਲੀਸ ਨੇ ਮਗਰੋਂ ਹਿਰਾਸਤ ਵਿੱਚ ਲੈ ਲਿਆ। ਜਾਣਕਾਰੀ ਅਨੁਸਾਰ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਤੇ ਪੀੜਤ ਡਾਕਟਰ ਅੱਜ ਪ੍ਰੈੱਸ ਕਾਨਫਰੰਸ ਕਰਨ ਲਈ ਜਾ ਰਹੇ ਸਨ ਕਿ ਸਿਟੀ ਪੁਲੀਸ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਲਿਆ। ਪੁਲੀਸ ਦੋਵਾਂ ਨੂੰ ਥਾਣਾ ਸਿਟੀ ਲੈ ਗਈ। ਇਸ ਘਟਨਾ ਤੋਂ ਬਾਅਦ ਥਾਣੇ ਪੁੱਜੇ ਜਗਰੂਪ ਕੌਰ, ਹਰਵੀਰ ਕੌਰ, ਸੁੱਖਪ੍ਰੀਤ ਕੌਰ, ਸਿਮਰ ਗੋਬਿੰਦਪੁਰਾ, ਕਿਰਨਦੀਪ ਕੌਰ ਅਤੇ ਮਨਦੀਪ ਕੌਰ ਨੇ ਪੁਲੀਸ ਦੀ ਇਸ ਕਾਰਵਾਈ ਖਿਲਾਫ਼ ਨਾਅਰੇਬਾਜ਼ੀ ਕੀਤੀ। ਪੁਲੀਸ ਨੇ ਇਨ੍ਹਾਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ। ਫ਼ਰੀਦਕੋਟ ਪੁਲੀਸ ਨੇ ਸ਼ਨਿੱਚਰਵਾਰ ਨੂੰ ਲਾਠੀਚਾਰਜ ਤੋਂ ਬਾਅਦ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਗੁਰਪਾਲ ਸਿੰਘ ਨੰਗਲ, ਪੀਐੱਸਯੂ ਦੇ ਜ਼ਿਲ੍ਹਾ ਪ੍ਰਧਾਨ ਕੇਸ਼ਵ ਆਜ਼ਾਦ, ਅਧਿਆਪਕ ਆਗੂ ਗੁਰਦਿਆਲ ਭੱਟੀ ਅਤੇ ਕਿਸਾਨ ਆਗੂ ਲਾਲ ਸਿੰਘ ਖਿਲਾਫ ਵੱਖ ਵੱਖ ਧਾਰਾਵਾਂ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਐਕਟ ਤਹਿਤ ਕੇਸ ਦਰਜ ਕੀਤਾ ਸੀ। ਲਾਠੀਚਾਰਜ ਅਤੇ ਜਲ ਤੋਪਾਂ ਚੱਲਣ ਤੋਂ ਬਾਅਦ ਕੋਈ ਵੀ ਪੁਲੀਸ ਮੁਲਾਜ਼ਮ ਹਸਪਤਾਲ ਦਾਖਲ ਨਹੀਂ ਹੋਇਆ ਸੀ, ਜਦੋਂ ਕਿ ਗੰਭੀਰ ਜ਼ਖ਼ਮੀ ਛੇ ਲੜਕੀਆਂ ਤੇ ਤਿੰਨ ਨੌਜਵਾਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਕਿਸਾਨ ਆਗੂ ਦਰਸ਼ਨ ਸਿੰਘ ਨੱਤ, ਖੇਤ ਮਜ਼ਦੂਰ ਆਗੂ ਬੂਟਾ ਸਿੰਘ, ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ, ਨੌਜਵਾਨ ਭਾਰਤ ਸਭਾ ਆਗੂ ਮੰਗਾ ਸਿੰਘ ਅਤੇ ਨੌਨਿਹਾਲ ਸਿੰਘ ਤੇ ਗਗਨ ਸੰਗਰਾਮੀ ਨੇ ਪੁਲੀਸ ਕਾਰਵਾਈ ਦੀ ਨਿਖੇਧੀ ਕਰਦਿਆਂ ਐਲਾਨ ਕੀਤਾ ਕਿ ਪੁਲੀਸ ਤੇ ਪੰਜਾਬ ਸਰਕਾਰ ਹੁਣ ਆਰ-ਪਾਰ ਦੀ ਲੜਾਈ ਲਈ ਤਿਆਰ ਰਹੇ। ਖ਼ਬਰ ਲਿਖੇ ਜਾਣ ਤੱਕ ਪੁਲੀਸ ਨੇ ਹਿਰਾਸਤ ਵਿੱਚ ਲਈਆਂ ਲੜਕੀਆਂ ਨੂੰ ਰਿਹਾਅ ਨਹੀਂ ਕੀਤਾ ਸੀ ਅਤੇ ਨਾ ਹੀ ਉਨ੍ਹਾਂ ਦੇ ਵਾਰਸਾਂ ਨੂੰ ਕੋਈ ਇਤਲਾਹ ਦਿੱਤੀ ਸੀ। ਉਧਰ ਡੀਐੱਸਪੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕਿਸੇ ਲੜਕੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਹਾਲਾਂਕਿ ਉਨ੍ਹਾਂ ਰਜਿੰਦਰ ਸਿੰਘ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।

Previous articleਭਾਰਤੀ-ਅਮਰੀਕੀ ਸੰਸਦ ਮੈਂਬਰ ਵੱਲੋਂ ਕਸ਼ਮੀਰ ਬਾਰੇ ਮਤਾ ਪੇਸ਼
Next articleਪੀਐੱਨਬੀ ਘੁਟਾਲਾ: ਫੋਰੈਂਸਿਕ ਆਡਿਟ ’ਚ ਚੋਕਸੀ ਤੇ ਮੋਦੀ ਦੀ ਹੇਰਾਫੇਰੀ ਦਾ ਪਰਦਾਫਾਸ਼