ਜਾਧਵ ਵੱਲੋਂ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਤੋਂ ਇਨਕਾਰ: ਪਾਕਿ

ਨਵੀਂ ਦਿੱਲੀ (ਸਮਾਜਵੀਕਲੀ) :  ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੇ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪਾਕਿਸਤਾਨ ਦੇ ਵਧੀਕ ਅਟਾਰਨੀ ਜਨਰਲ ਅਹਿਮਦ ਇਰਫਾਨ ਮੁਤਾਬਕ ਉਸ ਨੇ ਰਹਿਮ ਦੀ ਬਕਾਇਆ ਅਰਜ਼ੀ ਦੇ ਨਿਬੇੜੇ ਦੀ ਉਡੀਕ ਕਰਨ ਦਾ ਫ਼ੈਸਲਾ ਲਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨੀ ਸਰਕਾਰ ਨੇ ਜਾਧਵ ਨੂੰ ਦੂਜੀ ਸਫ਼ਾਰਤੀ ਰਸਾਈ ਦੀ ਪੇਸ਼ਕਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਫ਼ੌਜੀ ਅਦਾਲਤ ਨੇ ਜਾਸੂਸੀ ਅਤੇ ਅਤਿਵਾਦ ਦੇ ਦੋਸ਼ਾਂ ਹੇਠ ਉਸ ਨੂੰ ਅਪਰੈਲ 2017 ’ਚ ਸਜ਼ਾ-ਏ-ਮੌਤ ਸੁਣਾਈ ਸੀ। ਇਰਫਾਨ ਨੇ ਕਿਹਾ,‘‘ਕੁਲਭੂਸ਼ਣ ਜਾਧਵ ਨੂੰ ਪਿਛਲੇ ਮਹੀਨੇ 17 ਜੂਨ ਨੂੰ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਲਈ ਕਿਹਾ ਗਿਆ ਸੀ। ਆਪਣੇ ਕਾਨੂੰਨੀ ਹੱਕ ਦੀ ਵਰਤੋਂ ਕਰਦਿਆਂ ਉਸ ਨੇ ਆਪਣੀ ਸਜ਼ਾ ਅਤੇ ਦੋਸ਼ਾਂ ’ਤੇ ਮੁੜ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ।’’

ਪ੍ਰੈੱਸ ਕਾਨਫਰੰਸ ਦੌਰਾਨ ਅਧਿਕਾਰੀ ਨੇ ਕਿਹਾ ਕਿ ਜਾਧਵ ਨੇ 17 ਅਪਰੈਲ 2017 ’ਚ ਦਾਖ਼ਲ ਕੀਤੀ ਗਈ ਰਹਿਮ ਦੀ ਅਰਜ਼ੀ ਦੇ ਨਿਬੇੜੇ ’ਤੇ ਹੀ ਜ਼ੋਰ ਦਿੱਤਾ ਹੈ। ਭਾਰਤ ਨੇ ਉਸ ਨੂੰ ਸੁਣਾਈ ਮੌਤ ਦੀ ਸਜ਼ਾ ਖਿਲਾਫ਼ ਕੌਮਾਂਤਰੀ ਨਿਆਂ ਅਦਾਲਤ ਦਾ ਰੁਖ ਕੀਤਾ ਸੀ ਜਿਸ ਨੇ ਪਿਛਲੇ ਸਾਲ ਜੁਲਾਈ ’ਚ ਪਾਕਿਸਤਾਨ ਨੂੰ ਹੁਕਮ ਦਿੱਤਾ ਸੀ ਕਿ ਉਹ ਜਾਧਵ ਨੂੰ ਫਾਂਸੀ ’ਤੇ ਨਾ ਚੜ੍ਹਾਏ ਅਤੇ ਦਿੱਤੀ ਗਈ ਸਜ਼ਾ ’ਤੇ ਵਿਚਾਰ ਕਰੇ।

Previous articleਖੇਤੀ ਢਾਂਚੇ ਲਈ ਇਕ ਲੱਖ ਕਰੋੜ ਦੇ ਫੰਡ ਨੂੰ ਪ੍ਰਵਾਨਗੀ
Next articleਰਾਸ਼ਟਰਵਾਦ, ਨਾਗਰਿਕਤਾ, ਨੋਟਬੰਦੀ ਬਾਰੇ ਪੜ੍ਹਨ ਦੀ ਲੋੜ ਨਹੀਂ