ਖੇਤੀ ਢਾਂਚੇ ਲਈ ਇਕ ਲੱਖ ਕਰੋੜ ਦੇ ਫੰਡ ਨੂੰ ਪ੍ਰਵਾਨਗੀ

ਨਵੀਂ ਦਿੱਲੀ, (ਸਮਾਜਵੀਕਲੀ) :  ਕੇਂਦਰ ਸਰਕਾਰ ਨੇ ਅੱਜ ਖੇਤੀਬਾੜੀ ਢਾਂਚੇ ਦੀ ਉਸਾਰੀ ਲਈ ਇਕ ਲੱਖ ਕਰੋੜ ਰੁਪਏ ਦਾ ਫੰਡ ਕਾਇਮ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਬਾਰੇ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ਵਿਚ ਲਿਆ ਗਿਆ ਹੈ। ਫੰਡ ਦੀ ਵਰਤੋਂ ਖੇਤੀਬਾੜੀ ਖੇਤਰ ਵਿਚ ਨਵੇਂ ਉੱਦਮ ਲਾਉਣ ਵਾਲਿਆਂ ਨੂੰ ਮਦਦ ਦੇਣ, ਖੇਤੀ ਤਕਨੀਕਾਂ ਵਿਕਸਿਤ ਕਰਨ ’ਚ ਜੁਟੇ ਉੱਦਮੀਆਂ ਜਾਂ ਫਰਮਾਂ ਦੀ ਸਹਾਇਤਾ ਲਈ ਕੀਤੀ ਜਾਵੇਗੀ।

ਬੁਨਿਆਦੀ ਢਾਂਚਾ ਵਿਕਸਿਤ ਕਰਨ ਤੇ ਹੋਰ ਸਮਗੱਰੀ ਖ਼ਰੀਦਣ ਲਈ ਵੀ ਇਸ ਫੰਡ ਵਿਚੋਂ ਕਿਸਾਨ ਸਮੂਹਾਂ ਨੂੰ ਮਦਦ ਦਿੱਤੀ ਜਾਵੇਗੀ। ਇਹ ਫੰਡ ਕੋਵਿਡ-19 ਸੰਕਟ ਲਈ ਐਲਾਨੇ ਗਏ 20 ਲੱਖ ਕਰੋੜ ਦੇ ਪੈਕੇਜ ਦਾ ਹੀ ਹਿੱਸਾ ਹੈ। ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਦੱਸਿਆ ਕਿ ਫੰਡ 2029 ਤੱਕ ਕਾਇਮ ਕੀਤਾ ਗਿਆ ਹੈ। ਇਸ ’ਚੋਂ ਦਰਮਿਆਨੇ ਤੋਂ ਲੰਮੇ ਸਮੇਂ ਦੇ ਨਿਵੇਸ਼ ਲਈ ਕਰਜ਼ੇ ਦੀ ਸਹੂਲਤ ਦਿੱਤੀ ਜਾਵੇਗੀ।

ਵਾਢੀ ਮਗਰੋਂ ਫ਼ਸਲ ਸਾਂਭਣ ਲਈ ਢਾਂਚਾ ਉਸਾਰਨ, ਸਾਂਝੀ ਸਮੱਗਰੀ (ਕਮਿਊਨਿਟੀ ਫਾਰਮਿੰਗ) ਖ਼ਰੀਦਣ ਲਈ ਵਿਆਜ ’ਚ ਛੋਟ ਦੇ ਕੇ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ। ਪੈਸਾ ਬੈਂਕਾਂ ਤੇ ਵਿੱਤੀ ਸੰਸਥਾਵਾਂ ਵੱਲੋਂ ਵੰਡਿਆ ਜਾਵੇਗਾ। 10 ਹਜ਼ਾਰ ਕਰੋੜ ਰੁਪਏ ਇਸ ਵਿੱਤੀ ਵਰ੍ਹੇ ਤੇ 30-30 ਹਜ਼ਾਰ ਕਰੋੜ ਰੁਪਏ ਅਗਲੇ ਤਿੰਨ ਸਾਲਾਂ ਦੌਰਾਨ ਦਿੱਤੇ ਜਾਣਗੇ। ਕੋਲਡ ਸਟੋਰ, ਗੁਦਾਮ, ਪੈਕੇਜਿੰਗ ਇਕਾਈਆਂ, ਈ-ਮਾਰਕੀਟਿੰਗ ਤੇ ਟਰੇਡਿੰਗ ਲਈ ਵੀ ਰਾਸ਼ੀ ਦਿੱਤੀ ਜਾਵੇਗੀ। ਕੈਬਨਿਟ ਨੇ ਤਿੰਨ ਸਰਕਾਰੀ ਜਨਰਲ ਬੀਮਾ ਕੰਪਨੀਆਂ ’ਚ 12,450 ਕਰੋੜ ਰੁਪਏ ਦੀ ਰਾਸ਼ੀ ਨਿਵੇਸ਼ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।

Previous articleDelhi adopts ‘Survive, Revive, Thrive’ approach for economic recovery
Next articleਜਾਧਵ ਵੱਲੋਂ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਤੋਂ ਇਨਕਾਰ: ਪਾਕਿ