ਮੁੰਬਈ/ਪਟਨਾ (ਸਮਾਜਵੀਕਲੀ) :ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ (34) ਨੇ ਅੱਜ ਆਪਣੀ ਬਾਂਦਰਾ ਸਥਿਤ ਰਿਹਾਇਸ਼ ਵਿੱਚ ਖ਼ੁਦਕੁਸ਼ੀ ਕਰ ਲਈ। ਹਾਲੇ ਤੱਕ ਅਦਾਕਾਰ ਦੀ ਖ਼ੁਦਕੁਸ਼ੀ ਦਾ ਕਾਰਨ ਸਾਹਮਣੇ ਨਹੀਂ ਆਇਆ। ਮੁੰਬਈ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਉਪ ਰਾਸ਼ਟਰਪਤੀ ਐੱਮ.ਵੈਂਕਈਆ ਨਾਇਡੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਪੂਤ ਦੇ ਅਕਾਲ ਚਲਾਣੇ ’ਤੇ ਦੁਖ਼ ਜ਼ਾਹਿਰ ਕਰਦਿਆਂ ਉਸ ਨੂੰ ਇਕ ‘ਉਭਰਦੇ ਨੌਜਵਾਨ ਅਦਾਕਾਰ’ ਵਜੋਂ ਯਾਦ ਕੀਤਾ। ਕਾਂਗਰਸ ਅਾਗੂ ਰਾਹੁਲ ਗਾਂਧੀ ਨੇ ਅਦਾਕਾਰ ਦੇ ਚਲਾਣੇ ’ਤੇ ਅਫਸੋਸ ਕਰਦਿਆਂ ਕਿਹਾ ਕਿ ‘ਇਕ ਨੌਜਵਾਨ ਤੇ ਪ੍ਰਤਿਭਾਵਾਨ ਅਦਾਕਾਰ ਛੇਤੀ ਜਹਾਨੋਂ ਕੂਚ ਕਰ ਗਿਐ।’
ਕਾਬਿਲੇਗੌਰ ਹੈ ਕਿ ਸੁਸ਼ਾਂਤ ਆਖਰੀ ਵਾਰ ਨਿਤੇਸ਼ ਤਿਵਾੜੀ ਦੇ ਨਿਰਦੇਸ਼ਨ ਵਾਲੀ ਫ਼ਿਲਮ ‘ਛਿਛੋਰੇ’ ਵਿੱਚ ਨਜ਼ਰ ਆਇਆ ਸੀ, ਜਿਸ ਵਿੱਚ ਉਸ ਨੇ ਇਕ ਪਿਤਾ ਦਾ ਕਿਰਦਾਰ ਨਿਭਾਇਆ ਸੀ, ਜੋ ਖੁ਼ਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਆਪਣੇ ਪੁੱਤਰ ’ਚ ਮੁੜ ਜਿਊਣ ਦੀ ਆਸ ਜਗਾਉਂਦਾ ਹੈ। ਵਧੀਕ ਪੁਲੀਸ ਕਮਿਸ਼ਨਰ (ਪੱਛਮੀ ਖੇਤਰ) ਮਨੋਜ ਸ਼ਰਮਾ ਨੇ ਕਿਹਾ, ‘ਅਦਾਕਾਰ ਨੇ ਬਾਂਦਰਾ ਸਥਿਤ ਆਪਣੀ ਰਿਹਾਇਸ਼ ’ਤੇ ਖੁ਼ਦਕੁਸ਼ੀ ਕਰ ਲਈ। ਉਹ ਆਪਣੇ ਘਰ ਵਿੱਚ ਅੱਜ ਪੱਖੇ ਨਾਲ ਲਟਕਦਾ ਮਿਲਿਆ।
ਅਸੀਂ ਜਾਂਚ ਕਰ ਰਹੇ ਹਾਂ।’ ਬਾਂਦਰਾ ਪੁਲੀਸ ਦੇ ਸੂਤਰਾਂ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਦੇ ਅਧਾਰ ’ਤੇ ਮੌਤ ਨੂੰ ਹਾਦਸਾ ਮੰਨ ਕੇ ਕੇਸ ਦਰਜ ਕੀਤਾ ਜਾਵੇਗਾ। ਪੁਲੀਸ ਨੂੰ ਮੌਕੇ ਤੋਂ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ। ਰਿਪੋਰਟਾਂ ਮੁਤਾਬਕ ਅਦਾਕਾਰ ਦੇ ਨੌਕਰ ਨੇ ਪੁਲੀਸ ਨੂੰ ਇਸ ਦੀ ਜਾਣਕਾਰੀ ਦਿੱਤੀ। ਨੌਕਰ ਨੇ ਦੱਸਿਆ ਕਿ ਸੁਸ਼ਾਂਤ ਬੀਤੇ ਦਿਨ ਤੋਂ ਹੀ ਪ੍ਰੇਸ਼ਾਨ ਸੀ। ਉਸ ਨੇ ਅੱਜ ਜਦੋਂ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਉਸ ਨੇ ਦੂਜੀ ਚਾਬੀ ਨਾਲ ਮੇਨ ਗੇਟ ਖੋਲ੍ਹਿਆ। ਅੰਦਰ ਜਾ ਕੇ ਦੇਖਿਆ ਤਾਂ ਸੁਸ਼ਾਂਤ ਦੀ ਲਾਸ਼ ਕਮਰੇ ਦੇ ਪੱਖੇ ਨਾਲ ਲਟਕ ਰਹੀ ਸੀ।
ਦੱਸਣਾ ਬਣਦਾ ਹੈ ਕਿ ਚਾਰ ਦਿਨ ਪਹਿਲਾਂ 9 ਜੁਲਾਈ ਨੂੰ ਸੁਸ਼ਾਂਤ ਦੀ ਮੈਨੇਜਰ ਦੀਸ਼ਾ ਸਾਲਿਆਨ (28) ਨੇ ਮੁੰਬਈ ਦੀ ਮਲਾਡ ਇਮਾਰਤ ਦੀ 14ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਸੁਸ਼ਾਂਤ ਨੇ ਉਦੋਂ ਸਾਲਿਆਨ ਦੀ ਮੌਤ ’ਤੇ ਦੁਖ ਜਤਾਉਂਦਿਆਂ ਇਸ ਨੂੰ ‘ਸਦਮੇ ਵਾਲੀ ਖ਼ਬਰ’ ਕਰਾਰ ਦਿੱਤਾ ਸੀ। 21 ਜਨਵਰੀ 1986 ਨੂੰ ਪਟਨਾ ਵਿੱਚ ਜਨਮੇ ਤੇ ਚਾਰ ਭੈਣਾ ਦੇ ਇਕਲੌਤੇ ਭਰਾ ਸੁਸ਼ਾਂਤ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਗੁਜਰਾਤ ਦੰਗਿਆਂ ’ਤੇ ਅਧਾਰਿਤ ‘ਕਾਈ ਪੋ ਚੇ’ ਨਾਲ ਕੀਤੀ ਸੀ।
ਜਾਣਕਾਰੀ ਮੁਤਾਬਕ ਅਦਾਕਾਰ ਛੇ ਮਹੀਨਿਆਂ ਤੋਂ ਡਿਪਰੈਸ਼ਨ ਦੀ ਦਵਾਈ ਖਾ ਰਿਹਾ ਸੀ, ਜਿਸ ਸਮੇਂ ਉਸ ਨੇ ਆਤਮਹੱਤਿਆ ਕੀਤੀ ਉਸ ਦੇ ਕੁੱਝ ਦੋਸਤ ਘਰ ਵਿੱਚ ਸਨ। ਹੁਣ ਪੁਲੀਸ ਸਾਰਿਆਂ ਤੋਂ ਪੁੱਛ-ਪੜਤਾਲ ਕਰ ਸਕਦੀ ਹੈ। ਫ਼ਿਲਮ ‘ਧੋਨੀ: ਐਨ ਅਨਟੋਲਡ ਸਟੋਰ’ ਵਿੱਚ ਉਸ ਦੇ ਕੰਮ ਦੀ ਕਾਫੀ ਪ੍ਰਸ਼ੰਸਾ ਹੋਈ ਸੀ। ਉਸ ਨੇ ਫਿਲਮ, ‘ਪੀਕੇ’ ਤੇ ‘ਕੇਦਾਰਨਾਥ’ ਵਿੱਚ ਵੀ ਸ਼ਾਨਦਾਰ ਭੂਮਿਕਾਵਾਂ ਨਿਭਾਈਆਂ ਸਨ। ‘ਸ਼ੁੱਧ ਦੇਸੀ ਰੋਮਾਂਸ’ ਤੇ ‘ਸੋਨ ਚਿੜੀਆ’ ਵਿੱਚ ਉਸ ਦੀ ਲੀਡ ਭੂਮਿਕਾ ਸੀ। ਸੁਸ਼ਾਂਤ ਨੇ ਸੋਸ਼ਲ ਮੀਡੀਆ ’ਤੇ ਪਾਈ ਆਖਰੀ ਪੋਸਟ ਆਪਣੀ ਮਾਂ, ਜੋ 2002 ਵਿੱਚ ਗੁਜ਼ਰ ਗਈ ਸੀ, ਨੂੰ ਸਮਰਪਿਤ ਕੀਤੀ ਸੀ।
ਇੰਜਨੀਅਰਿੰਗ ਦੇ ਵਿਦਿਆਰਥੀ ਰਹੇ ਰਾਜਪੂਤ ਦੀ ਡਾਂਸ ਵਿਚ ਖਾਸੀ ਦਿਲਚਸਪੀ ਸੀ। ਉਸ ਨੇ ਆਪਣੇ ਇਸ ਝੱਸ ਨੂੰ ਪੂਰਾ ਕਰਨ ਲਈ ਕੋਰੀਓਗ੍ਰਾਫ਼ਰ ਸ਼ਿਆਮਕ ਡਾਵਰ ਦੀਆਂ ਡਾਂਸ ਕਲਾਸਾਂ ਵੀ ਲਾਈਆਂ ਤੇ ਮਗਰੋਂ ਐਕਟਿੰਗ ਗੁਰੂ ਬੈਰੀ ਜੌਹਨ ਦੀਆਂ ਕਲਾਸਾਂ ਨਾਲ ਜੁੜ ਗਿਆ। ਉਸ ਨੇ ਫ਼ਿਲਮ ‘ਧੂਮ-2’ ਵਿੱਚ ਰਿਤਿਕ ਰੌਸ਼ਨ ਤੇ ਐਸ਼ਵਰਿਆ ਰਾੲੇ ਨਾਲ ਗੀਤ ‘ਧੂਮ ਅਗੇਨ’ ਵਿੱਚ ਬੈਕਗਰਾਊਂਡ ਡਾਂਸਰ ਵਜੋਂ ਵੀ ਕੰਮ ਕੀਤਾ। ਅਦਾਕਾਰ ਨੂੰ ਅਸਲ ਪਛਾਣ ੲੇਕਤਾ ਕਪੂਰ ਦੇ ਲੜੀਵਾਰ ‘ਪਵਿੱਤਰ ਰਿਸ਼ਤਾ’ ਵਿੱਚ ਮਾਨਵ ਦੇ ਕਿਰਦਾਰ ਤੋਂ ਮਿਲੀ।
ਸੁਸ਼ਾਂਤ ਦੇ ਅਕਾਲ ਚਲਾਣੇ ਦੀ ਖ਼ਬਰ ਪਟਨਾ ਪੁੱਜਣ ਮਗਰੋਂ ਇਥੇ ਰਾਜੀਵ ਨਗਰ ਕਲੋਨੀ ’ਚ ਰਹਿੰਦੇ ਉਹਦੇ ਪਿਤਾ ਕ੍ਰਿਸ਼ਨਾ ਕੁਮਾਰ ਸਿੰਘ ਦੀ ਹਾਲਤ ਵਿਗੜ ਗਈ। ਘਰ ਦੀ ਸਾਂਭ ਸੰਭਾਲ ਕਰਦੀ ਲਕਸ਼ਮੀ ਦੇਵੀ ਨੇ ਕਿਹਾ ਕਿ ਸੁਸ਼ਾਂਤ ਦੀ ਚੰਡੀਗੜ੍ਹ ਰਹਿੰਦੀ ਭੈਣ ਪਟਨਾ ਲਈ ਰਵਾਨਾ ਹੋ ਗਈ ਹੈ। ਸੁਸ਼ਾਂਤ ਦਾ ਪਰਿਵਾਰ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਨਾਲ ਸਬੰਧਤ ਸੀ। ਸੁਸ਼ਾਂਤ ਦਾ ਸਸਕਾਰ ਸੋਮਵਾਰ ਨੂੰ ਮੁੰਬਈ ਵਿੱਚ ਹੀ ਹੋਵੇਗਾ। ਅਦਾਕਾਰ ਦਾ ਪਰਿਵਾਰ ਪਟਨਾ ਤੋਂ ਭਲਕੇ ਮੁੰਬਈ ਪੁੱਜ ਜਾਵੇਗਾ।