ਜ਼ਿੰਦਗੀ ਕੀ ਹੈ ?

Prof. S S Dhillon

(ਸਮਾਜ ਵੀਕਲੀ)- ਇਸ ਨੂੰ ਸਮਝਣ ਵਾਸਤੇ ਆਰਟੀਕਲ ਦੇ ਨਾਲ ਦਿੱਤੀ ਵੀਡੀਓ ਕਲਿੱਪ ਇਕ ਵਾਰ ਜ਼ਰੂਰ ਦੇਖੋ, ਮੇਰੀ ਗਰੰਟੀ ਹੈ ਕਿ, ਵਾਰ ਵਾਰ ਰੋਏ ਬਿਨਾਂ ਨਹੀਂ ਰਹਿ ਸਕੋਗੇ ।

ਹਰ ਇਕ ਦੀ ਜਿੰਦਗੀ ਵਿੱਚ ਬਹੁਤ ਸਾਰੇ ਪਲ ਅਜਿਹੇ ਆਉਂਦੇ ਹਨ ਜੋ ਜ਼ਿੰਦਗੀ ਦੀ ਦਿਸ਼ਾ ਬਦਲ ਦੇਂਦੇ ਹਨ, ਜੀਊਣ ਦੇ ਢੰਗ ਤਰੀਕੇ ਚ ਜ਼ਮੀਨ ਅਸਮਾਨ ਦਾ ਅੰਤਰ ਪੈਦਾ ਕਰ ਦਿੰਦੇ ਹਨ ਜਾਂ ਫਿਰ ਇੰਜ ਕਹਿ ਲਓ ਕਿ ਜ਼ਿੰਦਗੀ ਦੇ ਅਸਲ ਮਾਅਨੇ ਸਮਝਾ ਜਾਂਦੇ ਹਨ ।

ਉੰਜ ਤਾਂ ਜ਼ਿੰਦਗੀ ਨੂੰ ਹਰ ਕੋਈ ਆਪੋ ਆਪਣੇ ਹਾਲਾਤਾਂ ਦੇ ਨਜ਼ਰੀਏ ਤੋਂ ਤਸੱਵਰ ਕਰਦਾ ਹੈ ਜਿਸ ਕਰਕੇ ਕੋਈ ਕਹਿੰਦਾ ਹੈ ਜ਼ਿੰਦਗੀ ਸੰਘਰਸ਼ ਦਾ ਦੂਜਾ ਨਾਮ ਹੈ ਤੇ ਕੋਈ ਹੋਰ ਕਹਿੰਦਾ ਹੈ ਕਿ ਜ਼ਿੰਦਗੀ ਇਕ ਸਫਰ ਹੈ, ਕੋਈ ਜ਼ਿੰਦਗੀ ਨੂੰ ਸੁਪਨਾ ਮੰਨਦਾ ਹੈ ਤੇ ਕੋਈ ਯਥਾਰਥ, ਕੁੱਜ ਲੋਕ ਜ਼ਿੰਦਗੀ ਨੂੰ ਬਹੁਤ ਸੁੰਦਰ ਮੰਨਦੇ ਹਨ ਤੇ ਕੁੱਜ ਭੱਦੀ ਤੇ ਕੋਹਜੀ, ਕਈਆਂ ਵਾਸਤੇ ਇਹ ਮਖ਼ਮਲੀ ਸੇਜ ਹੈ ਤੇ ਕਈ ਹੋਰਾਂ ਵਾਸਤੇ ਕੰਡਿਆ ਦੀ ਸੇਜ । ਗੱਲ ਕੀ ਕਿ ਜ਼ਿੰਦਗੀ ਓਹੋ ਜਿਹੀ ਹੁੰਦੀ ਹੈ ਜਿਹੋ ਜਿਹੇ ਹਾਲਾਤਾਂ ਨਾਲ ਨੂੰ ਅਸੀਂ ਦਰਪੇਸ਼ ਹੁੰਦੇ ਹਾਂ । ਹਾਲਾਤ ਅਨੁਕੂਲ ਹੋਣ ਤਾਂ ਜ਼ਿੰਦਗੀ ਸੋਹਣੀ ਲਗਦੀ ਹੈ ਤੇ ਜੇਕਰ ਹਾਲਾਤ ਨਾਮਾਕੂਲ ਹੋਣ ਏਹੀ ਜ਼ਿੰਦਗੀ ਦੁੱਖਾਂ ਦਾ ਅੰਬਾਰ ਜਾਪਣ ਲੱਗ ਜਾਂਦੀ ਹੈ । ਕੁੱਜ ਲੋਕ ਜ਼ਿੰਦਗੀ ਜੀਊਂਦੇ ਹਨ ਤੇ ਕੁੱਜ ਲੋਕ ਜ਼ਿੰਦਗੀ ਹੰਢਾਉਂਦੇ ਹਨ । ਕਈ ਵਾਰ ਰਵਾਂ-ਰਵੀਂ ਚੱਲ ਰਹੀ ਜ਼ਿੰਦਗੀ ਵਿੱਚ ਅਣਿਆਸਿਆ ਤੂਫ਼ਾਨ ਆ ਜਾਂਦਾ ਹੈ ਜੋ ਜ਼ਿੰਦਗੀ ਰੂਪੀ ਬੇੜੀ ਨੂੰ ਮੰਝਧਾਰ ‘ਚ ਧਕੇਲ ਦੇਂਦਾ ਹੈ, ਜਿਸ ਵਿੱਚੋਂ ਹਿੰਮਤੀ ਤੇ ਸੰਘਰਸ਼ੀ ਮਾਦੇ ਵਾਲੇ ਲੋਕ ਫ਼ਤਿਹ ਹਾਸਿਲ ਕਰਕੇ ਬਾਹਰ ਆ ਜਾਂਦੇ ਹਨ ਤੇ ਬੇਹਿੰਮਤੇ ਮੁਕੱਦਰਾਂ ‘ਤੇ ਗਿਲਾ ਕਰਦੇ ਹੋਏ ਉਸ ਮੰਝਧਾਰ ਦੀ ਆਗੋਸ਼ ਵਿੱਚ ਹੀ ਸਮਾਅ ਜਾਂਦੇ ਹਨ ।

ਦੋਸਤੋ, ਜ਼ਿੰਦਗੀ ਦੇ ਹਾਲਾਤ ਜੋ ਵੀ ਹੋਣ, ਪਰ ਮੇਰੀ ਜਾਚੇ ਜ਼ਿੰਦਾ-ਦਿਲ ਇਨਸਾਨਾਂ ਵਾਸਤੇ ਜ਼ਿੰਦਗੀ ਜ਼ਿੰਦਾਬਾਦ ਹੈ । ਜ਼ਿੰਦਗੀ ਅਨਮੋਲ ਹੈ । ਹਾਲਾਤ ਹਮੇਸ਼ਾ ਇੱਕੋ ਜਿਹੇ ਨਹੀ ਰਹਿੰਦੇ, ਸਭਨਾ ਦੇ ਹਾਲਾਤ ਬਦਲਦੇ ਰਹਿੰਦੇ ਹਨ, ਧੁੱਪ ਛਾਂ ਦੀ ਤਰਾਂ ਇਹ ਖੇਡ ਚੱਲਦਾ ਰਹਿੰਦਾ ਹੈ ਜੋ ਕਿ ਮਨੁੱਖੀ ਜੀਵਨ ਦਾ ਇਕ ਬਹੁਤ ਹੀ ਕੌੜਾ ਕੁਦਰਤੀ ਪਹਿਲੂ ਹੈ । ਜਿਸ ਦੀ ਜ਼ਿੰਦਗੀ ਵਿੱਚ ਅੱਜ ਭਰਪੂਰ ਸੁੱਖ ਤੇ ਆਨੰਦ ਹੈ, ਇਹ ਵੀ ਹੋ ਸਕਦਾ ਹੈ ਕਿ ਉਸ ਦੇ ਭਵਿੱਖ ਚ ਬਹੁਤ ਸਾਰੀਆਂ ਔਕੜਾਂ ਤੇ ਦੁਸ਼ਵਾਰੀਆਂ ਵੀ ਹੋਣ । ਇਸ ਤੋ ਉਲਟ ਵੀ ਹੋ ਸਕਦਾ ਹੈ ਕਿ ਕਿਸੇ ਦਾ ਜੀਵਨ ਦੁੱਖਾਂ ਦੇ ਸੰਮੁਦਰ ਵਿੱਚੋਂ ਗੁਜ਼ਰਦਿਆਂ ਹੋਇਆਂ ਉਸ ਸਮੁੰਦਰ ਦੇ ਕਿਨਾਰੇ ਦੀਆਂ ਹੁਸੀਨ ਵਾਦੀਆਂ ਵੱਲ ਵੱਧ ਰਿਹਾ ਹੋਵੇ ।

ਅੱਜ ਸ਼ੋਸ਼ਲ ਮੀਡੀਏ ਦੀ ਛਾਣਬੀਣ ਕਰਦਿਆਂ ਜ਼ਿੰਦਗੀ ਦੀ ਪਰਿਭਾਸ਼ਾ ਨਾਲ ਸੰਬੰਧਿਤ ਕੋਈ ਦੱਸ ਕੁ ਮਿੰਟ ਦੀ ਇਕ ਅਜਿਹੀ ਵੀਡੀਓ ਕਲਿੱਪ ਹੱਥ ਲੱਗੀ ਜਿਸ ਨੂੰ ਦੇਖ ਸੁਣਕੇ ਜਿੱਥੇ ਜ਼ਿੰਦਗੀ ਦੇ ਅਸਲ ਮਾਅਨੇ ਸਮਝ ਆਏ ਉੱਥੇ ਮਨ ਵਾਰ ਵਾਰ ਭਾਵੁਕ ਹੋਇਆ ਤੇ ਅੱਖਾਂ ਚੋਂ ਅੱਥਰੂ ਝਲਾਰਾਂ ਬਣਕੇ ਆਪ ਮੁਹਾਰੇ ਹੀ ਛਮ ਛਮ ਵਰਸੇ । ਦਰਅਸਲ ਸੰਤੋਖ ਆਨੰਦ ਦੀ ਜ਼ਿੰਦਗੀ ਸਾਡੇ ਸਭਨਾ ਵਾਸਤੇ ਹੀ ਇਕ ਬਹੁਤ ਵੱਡੀ ਪ੍ਰੇਰਨਾ ਹੈ । ਬਾਲੀਵੁੱਡ ਦੇ ਇਸ ਸ਼ਾਹਕਾਰ ਲੇਖਕ ਨੇ ਪਿਛਲੀ ਸਦੀ ਦੇ ਸੱਤਰਵੇਂ ਤੇ ਅੱਸੀਵੇਂ ਦਹਾਕੇ ਚ ਆਪਣੇ ਸ਼ਬਦਾਂ ਦੀ ਜਾਦੂਗਰੀ ਨਾਲ ਜੋ ਧੁੰਮ ਮਚਾਈ, ਉਹ ਆਪਣੀ ਮਿਸਾਲ ਆਪ ਹੈ, ਸਦਾ ਬਹਾਰ ਹੈ ਤੇ ਜਿਸ ਦਾ ਅੱਜ ਇੱਕੀਂਵੀ ਸਦੀ ਵਿੱਚ ਵੀ ਕੋਈ ਤੋੜ ਨਹੀਂ । ਜ਼ਿੰਦਗੀ ਦੀ ਪਰਿਭਾਸ਼ਾ ਨੂੰ ਜਿਸ ਢੰਗ ਨਾਲ ਸੰਤੋਖ ਆਨੰਦ ਸ਼ਬਦਾਂ ਦੀ ਜਾਦੂਗਰੀ ਚ ਪੇਸ਼ ਕਰ ਗਿਆ ਹੈ, ਉਹ ਕਿਸੇ ਵੀ ਹੋਰ ਦੇ ਵੱਸ ਦੀ ਗੱਲ ਨਹੀਂ । ਇਸ ਤੋਂ ਵੀ ਹੋਰ ਅੱਗੇ, ਉਹ ਮਹਾਨ ਲਿਖਾਰੀ ਅੱਜ ਵੀ ਜ਼ਿੰਦਗੀ ਨੂੰ ਆਪਣੇ ਦੁਆਰਾ ਦਿੱਤੀ ਹੋਈ ਪਰਿਭਾਸ਼ਾ ਦੇ ਮੁਤਾਬਿਕ ਜੀਉ ਕੇ ਕਹਿਣੀ ਤੇ ਕਰਨੀ ਦੇ ਸੁਮੇਲ ਦੀ ਉਦਾਹਰਣ ਪੇਸ਼ ਕਰ ਰਿਹਾ ਹੈ ।

ਮੈਂ ਇਹ ਲਾਇਨਾਂ ਲਿਖਦਿਆਂ ਬਹੁਤ ਭਾਵੁਕ ਹਾਂ ਕਿ ਸੰਤੋਖ ਆਨੰਦ ਵਰਗੇ ਬਹੁਤ ਸਾਰੇ ਬੇਸਕੀਮਤੀ ਹੀਰੇ ਅੱਜ ਸਾਡੇ ਸਮਾਜ ਵਿੱਚ ਰੁਲਣ ਵਾਸਤੇ ਮਜਬੂਰ ਕਿਓਂ ਹਨ? ਉਹਨਾ ਦਾ ਬੁਢਾਪਾ ਉਹਨਾ ਵਾਸਤੇ ਸਰਾਪ ਕਿਓਂ ਬਣ ਜਾਂਦਾ ਹੈ? ਹੋਰਾਂ ਦਾ ਮਨੋਰੰਜਨ ਕਰਨ ਦੇ ਨਾਲ ਨਾਲ ਉਹਨਾਂ ਨੂੰ ਜ਼ਿੰਦਗੀ ਜੀਊਣ ਦੇ ਗੁਰ ਦੱਸਣ ਵਾਲੇ ਅਜਿਹੇ ਹੀਰਿਆ ਦੀ ਆਪਣੀ ਜ਼ਿੰਦਗੀ ਨੂੰ ਗ੍ਰਹਿਣ ਕਿਓਂ ਲੱਗ ਜਾਂਦਾ ਹੈ ਤੇ ਇਸ ਵਾਸਤੇ ਕੌਣ ਜ਼ੁੰਮੇਵਾਰ ਹਨ ? ਕੀ ਉਹਨਾਂ ਲੋਕਾਂ ਦੀ, ਸਰਕਾਰਾਂ ਦੀ, ਸਰਕਾਰੀ ਨੁਮਾਇਂਦਿਆ ਦੀ ਸ਼ਨਾਖ਼ਤ ਕਰਕੇ ਉਹਨਾ ਨੂੰ ਜਨਤਾ ਦੇ ਕਟਹਿਰੇ ਚ ਨਹੀਂ ਖੜ੍ਹੇ ਕਰਨਾ ਚਾਹੀਦਾ ? ਕੀ ਸਿਆਸੀ ਸਿਸਟਮ ‘ਤੇ ਇਸ ਮਾਮਲੇ ਚ ਉੰਗਲ ਨਹੀਂ ਚੁੱਕੀ ਜਾਣੀ ਚਾਹੀਦੀ ? ਇਹ ਸਾਰੇ ਸਵਾਲ ਅੱਜ ਇਸ ਵੀਡੀਓ ਕਲਿੱਪ ਨੂੰ ਦੇਖਣ ਤੋਂ ਬਾਅਦ ਮੇਰੇ ਸਿਰ ਚ ਹਥੌੜੇ ਦੀ ਤਰਾਂ ਵੱਜ ਰਹੇ ਹਨ ਤੇ ਆਪਾਂ ਸਭ ਨੂੰ ਇਸ ਬਾਰੇ ਬਹੁਤ ਹੀ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ ਕਿਉਂਕਿ ਕਲਾਕਾਰ, ਬੁੱਧੀਜੀਵੀ, ਸਮਾਜ ਸੇਵਕ, ਖਿਡਾਰੀ ਤੇ ਲਿਖਾਰੀ ਕੌਮਾਂ ਦਾ ਅਨਮੋਲ ਸ਼ਰਮਾਇਆ ਹੁੰਦੇ ਹਨ, ਜਿਹਨਾਂ ਦੇ ਬੁਢਾਪੇ ਦੀ ਸਾਂਭ ਸੰਭਾਲ਼ ਜੀਊਂਦੀਆ ਕੌਮਾਂ ਦੇ ਜ਼ੁੰਮੇ ਹੁੰਦੀ ਹੈ ਤੇ ਜੇਕਰ ਜੀਊਂਦੀਆ ਕੌਮਾਂ ਇਹ ਜ਼ੁੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਤਾਂ ਹਮੇਸ਼ਾ ਜਿੰਦਾ ਵੀ ਰਹਿੰਦਿਆਂ ਹਨ ਤੇ ਚੜ੍ਹਦੀਕਲਾ ਵੱਲ ਵੀ ਜਾਂਦੀਆਂ ਹਨ, ਦੂਸਰੇ ਪਾਸੇ ਇਸ ਪੱਖੋਂ ਅਵੇਸਲੀਆਂ ਤੇ ਗ਼ੈਰ ਜ਼ੁੰਮੇਵਾਰ ਕੌਮਾਂ ਦੇ ਪੱਤਨ ਨੂੰ ਕਦੇ ਵੀ ਰੋਕਿਆ ਨਹੀਂ ਜਾ ਸਕਦਾ ।

ਬਾਕੀ ਇਹ ਵੀਡੀਓ ਜ਼ਰੂਰ ਦੇਖੋ ਮੇਰੇ ਲਿਖੇ ਅੱਖਰ ਅੱਖਰ ਦੀ ਸਮਝ ਬਾਖੂਬੀ ਆ ਜਾਵੇਗੀ ਤੇ ਜਿੰਦਗੀ ਦੇ ਅਸਲ ਮਾਅਨੇ ਸਮਝਣ ਵਿੱਚ ਵੀ ਸੌਖ ਹੋਵੇਗੀ । ਧੰਨਵਾਦ

ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)
28/02/2021

ਵੀਡਿੳ ਲਈ ਫੋਟੋ ਤੇ ਕਲਿਕ ਕਰੋ

 

 

Previous articleਕਲਮ
Next articleLions beat Dolphins to clinch South African T20 Challenge