ਹਲਕਾ ਦਾਖਾ ਦੀ ਜ਼ਿਮਨੀ ਚੋਣ ਵਿੱਚ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਦਾ ਚੋਣ ਪ੍ਰਚਾਰ ਕਰਨ ਲਈ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਚੋਣ ਮੈਦਾਨ ਵਿੱਚ ਉੱਤਰ ਆਏ। ਉਨ੍ਹਾਂ ਹਲਕਾ ਦਾਖਾ ਦੇ 26 ਵੱਡੇ ਪਿੰਡਾਂ ਵਿੱਚ 40 ਕਿਲੋਮੀਟਰ ਲੰਬਾ ਰੋਡ ਸ਼ੋਅ ਕੱਢ ਕੇ ਛੋਟੇ ਕੈਪਟਨ ਲਈ ਵੋਟਾਂ ਮੰਗੀਆਂ। ਰੋਡ ਸ਼ੋਅ ਦੌਰਾਨ ਕੈਪਟਨ ਦੀ ਝਲਕ ਪਾਉਣ ਲਈ ਲੋਕ ਮਕਾਨਾਂ ਦੀਆਂ ਛੱਤਾਂ ’ਤੇ ਚੜ੍ਹ ਗਏ। ਮੁੱਖ ਮੰਤਰੀ ਨੇ ਪ੍ਰਚਾਰ ਬੱਸ ਤੋਂ ਹੱਥ ਕੇ ਹਿਲਾ ਕੇ ਆਪਣੇ ਪ੍ਰਸ਼ਾਸਕਾਂ ਦਾ ਪਿਆਰ ਕਬੂਲਿਆ ਤੇ ਉਨ੍ਹਾਂ ਕਾਂਗਰਸ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਪੈਸ਼ਲ ਪ੍ਰਚਾਰ ਬੱਸ ਵਿੱਚ ਬੈਠੇ ਸਨ ਤਾਂ ਅਚਾਨਕ ਉਨ੍ਹਾਂ ਦੀ ਦਸਤਾਰ ਸੜਕ ’ਤੇ ਰੱਸੀ ਨਾਲ ਟੰਗੀਆਂ ਪਾਰਟੀ ਦੀਆਂ ਹੀ ਝੰਡੀਆਂ ਵਿੱਚ ਫਸ ਕੇ ਲੱਥ ਗਈ, ਜਿਸ ਤੋਂ ਬਾਅਦ ਮੁੱਖ ਮੰਤਰੀ ਨਾਲ ਬੈਠੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਮੋਰਚਾ ਸੰਭਾਲਿਆ ਤੇ ਕੈਪਟਨ ਦੀ ਕੁਰਸੀ ਅੱਗੇ ਆ ਕੇ ਉਨ੍ਹਾਂ ਨੂੰ ਦਸਤਾਰ ਦੁਬਾਰਾ ਸਜਾਉਣ ਵਿੱਚ ਮਦਦ ਕੀਤੀ। ਇਹ ਘਟਨਾ ਚੱਕ ਕਲਾਂ ਨੇੜੇ ਵਾਪਰੀ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਬੱਸ ਤੋਂ ਹੇਠ ਆ ਗਏ ਤੇ ਮੁੜ ਪੱਗ ਬੰਨ੍ਹ ਕੇ ਬਾਹਰ ਨਿਕਲੇ। ਰੋਡ ਸ਼ੋਅ ਦੇਰ ਸ਼ਾਮ ਮੁੱਲਾਂਪੁਰ ਸ਼ਹਿਰ ਵਿੱਚ ਆ ਕੇ ਖ਼ਤਮ ਹੋਇਆ। ਰਸਤੇ ਵਿੱਚ ਕਈ ਥਾਵਾਂ ’ਤੇ ਰੋਡ ਸ਼ੋਅ ਦੌਰਾਨ ਫੁੱਲ ਵਰਸਾਏ ਗਏ। ਕੁਝ ਥਾਵਾਂ ’ਤੇ ਆਵਾਜਾਈ ਵੀ ਪ੍ਰਭਾਵਿਤ ਹੋਈ। ਮੰਗਲਵਾਰ ਸਵੇਰੇ ਸਾਢੇ 10 ਵਜੇ ਦੇ ਕਰੀਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਰੋਡ ਸ਼ੋਅ ਪਿੰਡ ਪਿੰਡ ਭੱਠਾ ਧੂਹਾ ਤੋਂ ਸ਼ੁਰੂ ਹੋਇਆ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਇਹ ਸਮਝਣ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਹਲਕਾ ਦਾਖਾ ਤੋਂ ਚੋਣ ਲੜ ਰਿਹਾ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ। ਇਸ ਦੌਰਾਨ ਵੱਡੀ ਗਿਣਤੀ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਰਹੇ। ਇਸੇ ਦੌਰਾਨ ਪਿੰਡ ਚੱਕ ਕਲਾਂ ’ਚ ਲੋਕ ਇਨਸਾਫ਼ ਪਾਰਟੀ ਦੀ ਰੈਲੀ ਹੋ ਰਹੀ ਸੀ, ਜਿਵੇਂ ਹੀ ਕੈਪਟਨ ਦਾ ਰੋਡ ਸ਼ੋਅ ਉਥੋਂ ਲੰਘਿਆ ਤਾਂ ਲੋਕ ਇਨਸਾਫ਼ ਪਾਰਟੀ ਦੇ ਸਮਰਥਕਾਂ ਨੇ ਕੈਪਟਨ ਦੇ ਰੋਡ ਸ਼ੋਅ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਪਾਰਟੀ ਦੇ ਮੈਂਬਰਾਂ ਨੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਥੇ ਮੌਜੂਦ ਸੁਰੱਖਿਆ ਮੁਲਾਜ਼ਮਾਂ ਨੇ ਘੇਰਾ ਬਣਾ ਕੇ ਕੈਪਟਨ ਦਾ ਕਾਫਲਾ ਅੱਗੇ ਲੰਘਾਇਆ ਤੇ ਨਾਅਰੇਬਾਜ਼ੀ ਕਰਨ ਵਾਲਿਆਂ ਨੂੰ ਉਥੋਂ ਖਦੇੜ ਦਿੱਤਾ। ਇਸ ਦੌਰਾਨ ਧੱਕਾਮੁੱਕੀ ਵੀ ਹੋਈ।
INDIA ਜ਼ਿਮਨੀ ਚੋਣ: ਛੋਟੇ ਕੈਪਟਨ ਦੇ ਹੱਕ ’ਚ ਨਿੱਤਰੇ ਵੱਡੇ ‘ਕਪਤਾਨ’