ਮੰਡ ਖੇਤਰ ਦੇ ਕਰਜ਼ਾਈ ਕਿਸਾਨਾਂ ਦੀਆਂ ਜ਼ਮੀਨਾਂ ਦੀ ਨਿਲਾਮੀ ਕਰਨ ਗਈ ਬੈਂਕ ਅਧਿਕਾਰੀਆਂ ਦੀ ਟੀਮ ਨੂੰ ਅੱਜ ਕਿਸਾਨਾਂ ਦੇ ਜਥੇਬੰਧਕ ਦਬਾਅ ਅੱਗੇ ਝੁਕਣਾ ਪਿਆ ਤੇ ਭਵਿੱਖ ’ਚ ਅਜਿਹਾ ਕਰਨ ਲਈ ਨਾ ਆਉਣ ਦਾ ਯਕੀਨ ਦੇ ਕੇ ਖਹਿੜਾ ਛੁਡਾਉਣਾ ਪਿਆ| ਬੈਂਕ ਅਧਿਕਾਰੀਆਂ ਦੀ ਅਗਵਾਈ ਬੈਂਕ ਦੇ ਸ਼ਾਖਾ ਮੈਨੇਜਰ ਰਛਪਾਲ ਸਿੰਘ ਨੇ ਕੀਤੀ| ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਕਨਵੀਨਰ ਕੰਵਲਪ੍ਰੀਤ ਸਿੰਘ ਪਨੂੰ ਨੇ ਦੱਸਿਆ ਕਿ ਪੰਜਾਬ ਖੇਤੀ ਵਿਕਾਸ ਬੈਂਕ (ਪੀ.ਏ.ਡੀ.ਬੀ.) ਵੱਲੋਂ ਇਲਾਕੇ ਦੇ ਪਿੰਡ ਘੜਕਾ, ਕਰਮੂੰਵਾਲਾ ਆਦਿ ਦੇ ਪਿੰਡਾਂ ਦੇ ਕਿਸਾਨ ਬਚਿੱਤਰ ਸਿੰਘ, ਤਾਰਾ ਸਿੰਘ, ਵੀਰ ਸਿੰਘ, ਹਰੀ ਸਿੰਘ ਆਦਿ 10 ਤੋਂ ਵੀ ਜ਼ਿਆਦਾ ਕਿਸਾਨਾਂ ਨੂੰ ਕਰਜ਼ੇ ਦੀ ਅਦਾਇਗੀ ਨਾ ਕਰਨ ’ਤੇ ਕਈ ਪਹਿਲਾਂ ਦੇ ਨੋਟਿਸ ਭੇਜੇ ਸਨ| ਬੈਂਕ ਅਧਿਕਾਰੀਆਂ ਨੇ ਕਰਜ਼ਾਈ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਦੀ ਨਿਲਾਮੀ ਕਰਨ ਲਈ ਕਰਮੂੰਵਾਲਾ ਦੇ ਸਰਕਾਰੀ ਹਾਈ ਸਕੂਲ ਬੁਲਾਇਆ ਸੀ| ਇਸ ਖ਼ਿਲਾਫ਼ ਜਥੇਬੰਦੀ ਦੇ ਆਗੂਆਂ ਹਰਜੀਤ ਸਿੰਘ ਜੌਹਲ, ਗੁਰਬਚਨ ਸਿੰਘ ਘੜਕਾ, ਗੁਰਮੀਤ ਸਿੰਘ ਮੁਹਮੰਦਾਬਾਦ, ਬਾਬਾ ਪਰਗਟ ਸਿੰਘ, ਬੁੱਧ ਸਿੰਘ ਰੂੜੀਵਲਾਹ ਆਦਿ ਦੀ ਅਗਵਾਈ ਵਿੱਚ ਇਲਾਕੇ ਦੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਬੈਂਕ ਅਧਿਕਾਰੀਆਂ ਦਾ ਕਰਮੂੰਵਾਲਾ ਦੀ ਸੜਕ ਉੱਤੇ ਘੇਰਾਓ ਕਰ ਲਿਆ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ| ਜਥੇਬੰਦੀ ਦੇ ਆਗੂ ਕੰਵਲਪ੍ਰੀਤ ਪੰਨੂੰ ਨੇ ਕਿਹਾ ਕਿ ਕਿਸਾਨ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੋਣਾਂ ਦੌਰਾਨ ਉਨ੍ਹਾਂ ਵੱਲੋਂ ਕਿਸਾਨ ਦਾ ਸਾਰਾ ਕਰਜ਼ਾ ਮੁਆਫ ਕੀਤੇ ਜਾਣ ਦਾ ਯਕੀਨ ਦੇਣ ਦੇ ਵਾਅਦਿਆਂ ਨੂੰ ਯਾਦ ਕਰਵਾਇਆ| ਬੁਲਾਰਿਆਂ ਸੂਬੇ ਦੇ ਕਿਸਾਨਾਂ ਦੀ ਅਤਿ ਮੰਦੀ ਆਰਥਿਕ ਹਾਲਤ ਕਰਕੇ ਉਨ੍ਹਾਂ ਵੱਲੋਂ ਖੁਦਕਸ਼ੀਆਂ ਦੇ ਰਾਹ ਪੈਣ ਲਈ ਸਰਕਾਰਾਂ ਨੂੰ ਕਸੂਰਵਾਰ ਕਿਹਾ ਅਤੇ ਨਾਲ ਹੀ ਕਿਹਾ ਕਿ ਕਰਜ਼ਿਆਂ ਕਰਕੇ ਜਥੇਬੰਦੀ ਕਿਸਾਨ ਦੀ ਜ਼ਮੀਨ ਦੀ ਕੁਰਕੀ-ਨਿਲਾਮੀ ਨਹੀਂ ਹੋਣ ਦੇਵੇਗੀ| ਇਸ ਤੋਂ ਬਾਅਦ ਕਿਸਾਨਾਂ ਨੂੰ ਬੈਂਕ ਅਧਿਕਾਰੀ ਰਛਪਾਲ ਸਿੰਘ ਨੇ ਉਨ੍ਹਾਂ ਦੀ ਜ਼ਮੀਨ ਦੀ ਨਿਲਾਮੀ ਕਰਨ ਲਈ ਅੱਗੇ ਤੋਂ ਨਾ ਆਉਣ ਦਾ ਯਕੀਨ ਦਿੱਤਾ ਜਿਸ ’ਤੇ ਕਿਸਾਨਾਂ ਨੇ ਬੈਂਕ ਅਧਿਕਾਰੀਆਂ ਦਾ ਘੇਰਾਓ ਖਤਮ ਕਰ ਦਿੱਤਾ| ਥਾਣਾ ਚੋਹਲਾ ਸਾਹਿਬ ਦੀ ਮੁਖੀ ਸਬ ਇੰਸਪੈਕਟਰ ਸੋਨਮਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ|