ਔਰਤਾਂ ਦੀ ਜੇਲ੍ਹ ਵਿੱਚੋਂ ਵੀ ਮਿਲਿਆ ਮੋਬਾਈਲ

ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਤਾਂ ਕੈਦੀਆਂ ਤੇ ਹਵਾਲਾਤੀਆਂ ਕੋਲੋਂ ਮੋਬਾਈਲ ਤੇ ਨਸ਼ੀਲੀਆਂ ਚੀਜ਼ਾ ਮਿਲਣਾ ਆਮ ਸੀ, ਪਰ ਹੁਣ ਔਰਤਾਂ ਦੀ ਜੇਲ੍ਹ ਵਿੱਚੋਂ ਵੀ ਔਰਤ ਹਵਾਲਾਤੀ ਕੋਲੋਂ ਵੀ ਮੋਬਾਈਲ ਬਰਾਮਦ ਹੋਇਆ ਹੈ, ਜਿਸ ਨੇ ਜੇਲ੍ਹ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਔਰਤਾਂ ਦੀ ਜੇਲ੍ਹ ਵਿੱਚ ਤਲਾਸ਼ੀ ਦੌਰਾਨ ਅੱਜ ਜੇਲ੍ਹ ਪ੍ਰਸ਼ਾਸਨ ਨੂੰ ਇੱਕ ਔਰਤ ਹਵਾਲਾਤੀ ਕੋਲੋਂ ਮੋਬਾਈਲ ਫੋਨ ਮਿਲਿਆ, ਜੋਕਿ ਉਸਨੇ ਲੁਕਾ ਕੇ ਰੱਖਿਆ ਹੋਇਆ ਸੀ। ਇਸ ਦੇ ਨਾਲ ਹੀ ਕੇਂਦਰੀ ਜੇਲ੍ਹ ’ਚ ਬੰਦ ਦੋ ਕੈਦੀਆਂ ਤੇ ਦੋ ਹਵਾਲਾਤੀਆਂ ਤੋਂ ਫੋਨ ਬਰਾਮਦ ਕੀਤੇ ਗਏ। ਇਸ ਮਾਮਲੇ ’ਚ ਥਾਣਾ ਡਵੀਜ਼ਨ ਨੰਬਰ 7 ਦੀ ਪੁਲੀਸ ਨੇ ਔਰਤ ਜੇਲ੍ਹ ’ਚ ਬੰਦ ਹਵਾਲਾਤੀ ਸੀਰਤ ਕੌਰ, ਕੇਂਦਰੀ ਜੇਲ੍ਹ ’ਚ ਬੰਦ ਹਵਾਲਾਤੀ ਚਮਕੌਰ ਸਿੰਘ, ਗੁਰਜੰਟ ਸਿੰਘ, ਕੈਦੀ ਰਾਮ ਤੀਰਥ ਤੇ ਕੈਦੀ ਗੁਰਮੁੱਖ ਸਿੰਘ ਦੇ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ। ਪੁਲੀਸ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਔਰਤ ਹਵਾਲਾਤੀ ਸੀਰਤ ਕੌਰ ਪਿਛਲੇਂ ਕਾਫ਼ੀ ਸਮੇਂ ਤੋਂ ਜੇਲ੍ਹ ’ਚ ਬੰਦ ਹੈ। ਉਸ ਨੇ ਆਪਣੇ ਕੋਲ ਕਾਫ਼ੀ ਸਮੇਂ ਤੋਂ ਮੋਬਾਈਲ ਲੁਕਾ ਕੇ ਰੱਖਿਆ ਸੀ। ਉਹ ਫੋਨ ਦੀ ਵਰਤੋਂ ਕਰ ਫੋਨ ਲੁਕਾ ਦਿੰਦੀ ਸੀ। ਜੇਲ੍ਹ ਪ੍ਰਸ਼ਾਸਨ ਵੱਲੋਂ ਔਰਤ ਜੇਲ੍ਹ ਦੀ ਕੀਤੀ ਗਈ ਚੈਕਿੰਗ ਦੌਰਾਨ ਸੀਰਤ ਕੌਰ ਦੇ ਕਬਜ਼ੇ ’ਚੋਂ ਅਧਿਕਾਰੀਆਂ ਨੇ ਮੋਬਾਈਲ ਫੋਨ ਬਰਾਮਦ ਕੀਤਾ। ਅਧਿਕਾਰੀਆਂ ਨੇ ਫੋਨ ਕਿੱਥੋਂ ਆਇਆ ਬਾਰੇ ਪੁੱਛਿਆ ਤਾਂ ਉਹ ਕੁਝ ਨਹੀਂ ਬੋਲੀ ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਇਸਦੀ ਜਾਣਕਾਰੀ ਥਾਣਾ ਡਵੀਜ਼ਨ ਨੰ. 7 ਦੀ ਪੁਲੀਸ ਨੂੰ ਦਿੱਤੀ ਤੇ ਪੁਲੀਸ ਨੇ ਕੇਸ ਦਰਜ ਕਰ ਲਿਆ। ਇਸੇ ਦੌਰਾਨ ਸੈਂਟਰਲ ਜੇਲ੍ਹ ਦੀ ਚੈਕਿੰਗ ਦੌਰਾਨ ਵੀ 2 ਹਵਾਲਾਤੀਆਂ ਤੇ 2 ਕੈਦੀਆਂ ਤੋਂ ਮੋਬਾਈਲ ਫੋਨ ਬਰਾਮਦ ਕੀਤੇ। ਪੁਲੀਸ ਮੁਲਜ਼ਮਾਂ ਨੂੰ ਪਿਛਲੇਂ ਦਿਨੀਂ ਮਿਲਣ ਆਉਣ ਵਾਲੇ ਮੁਲਾਕਾਤੀਆਂ ਦੀ ਸੂਚੀ ਤਿਆਰ ਕਰ ਰਹੀ ਹੈ ਤਾਂ ਕਿ ਜਾਂਚ ਕੀਤੀ ਜਾ ਸਕੇ ਕਿ ਉਨ੍ਹਾਂ ਕੋਲ ਫੋਨ ਕਿੱਥੋਂ ਆਇਆ।

Previous articleਜ਼ਮੀਨਾਂ ਦੀ ਨਿਲਾਮੀ ਕਰਨ ਗਏ ਬੈਂਕ ਅਧਿਕਾਰੀਆਂ ਦਾ ਘਿਰਾਓ
Next articleਪੰਜਾਬੀ ਲਈ ਸਾਹਿਤ ਅਕਾਦਮੀ ਪੁਰਸਕਾਰ ਡਾ. ਮੋਹਨਜੀਤ ਨੂੰ