ਗੁਰੂ ਰਵਿਦਾਸ ਜੀ ਦੇ 9 ਫਰਵਰੀ ਨੂੰ ਮਨਾਏ ਜਾ ਰਹੇ 643ਵੇਂ ਪ੍ਰਕਾਸ਼ ਪੁਰਬ ਦੀਆਂ ਰੌਣਕਾਂ ਸ਼ੁਰੂ ਹੋ ਗਈਆਂ ਹਨ। ਬੂਟਾ ਮੰਡੀ ਵਿਚਲੇ ਸ੍ਰੀ ਗੁਰੂ ਰਵਿਦਾਸ ਧਾਮ ਤੇ ਆਲੇ ਦੁਆਲੇ ਇਲਾਕੇ ਵਿਚ ਵੱਡੇ ਪੱਧਰ ’ਤੇ ਦੀਪਮਾਲਾ ਕੀਤੀ ਗਈ ਹੈ। ਸ਼ਹਿਰ ਵਿਚ ਸ਼ੋਭਾ ਯਾਤਰਾ 8 ਫਰਵਰੀ ਨੂੰ ਕੱਢੀ ਜਾ ਹੈ। ਪੁਲੀਸ ਪ੍ਰਸ਼ਾਸਨ ਵੱਲੋਂ ਸ਼ੋਭਾ ਯਾਤਰਾ ਦੇ ਮੱਦੇਨਜ਼ਰ ਬਦਲਵੇਂ ਰਸਤਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਨਕੋਦਰ ਚੌਕ ਤੋਂ ਲੈ ਕੇ ਭਗਤ ਕਬੀਰ ਚੌਂਕ (ਵਡਾਲਾ ਚੌਂਕ) ਤੱਕ ਦੇ ਰਸਤੇ ਨੂੰ ਵੀ ਆਮ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। 7 ਤੋਂ 9 ਫਰਵਰੀ ਰਾਤ ਤੱਕ ਇਹ ਰਸਤਾ ਬੰਦ ਰਹੇਗਾ। ਤਿੰਨ ਸੜਕ ਬੰਦ ਰਹਿਣ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਜਿਹੜੇ ਬਦਲਵੇਂ ਪ੍ਰਬੰਧ ਪੁਲੀਸ ਪ੍ਰਸ਼ਾਸਨ ਨੇ ਕੀਤੇ ਹਨ ਉਨ੍ਹਾਂ ਬਾਰੇ ਜਾਣਕਾਰੀ ਨਾ ਹੋਣ ਕਾਰਨ ਬਾਹਰੋਂ ਆਉਣ ਵਾਲੇ ਲੋਕ ਸਭ ਤੋਂ ਵੱਧ ਪ੍ਰੇਸ਼ਾਨ ਹੋ ਰਹੇ ਹਨ। ਸ਼ਹਿਰ ਵਿਚ ਵੀ ਟਿੱਪਰ ਤੇ ਹੋਰ ਵੱਡੀਆਂ ਗੱਡੀਆਂ ਲੰਘਣ ਨਾਲ ਇਲਾਕੇ ਦੇ ਲੋਕ ਪ੍ਰੇਸ਼ਾਨ ਹਨ ਕਿਉਂਕਿ ਇਨ੍ਹਾਂ ਛੋਟੀਆਂ ਸੜਕਾਂ ’ਤੇ ਵੀ ਜਾਮ ਲੱਗਣ ਲੱਗ ਪਿਆ ਹੈ।
ਉਧਰ, ਸ੍ਰੀ ਗੁਰੂ ਰਵਿਦਾਸ ਧਾਮ ਨੂੰ ਜਿਥੇ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਹੈ ਉਥੇ ਸ਼ੋਭਾ ਯਾਤਰਾ ਵਾਲੇ ਰਸਤਿਆਂ ਵਿਚ ‘ਜੀ ਆਇਆਂ ਨੂੰ’ ਦੇ ਹੋਰਡਿੰਗ ਵੱਡੀ ਗਿਣਤੀ ’ਚ ਲੱਗੇ ਹੋਏ ਹਨ। ਇਨ੍ਹਾਂ ਬੋਰਡਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਰਾਜਸੀ ਪਾਰਟੀਆਂ ਦੇ ਸਾਰੇ ਛੋਟੇ-ਵੱਡੇ ਆਗੂਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਸੜਕ ਦੇ ਦੋਵਾਂ ਕਿਨਾਰਿਆਂ ’ਤੇ ਭਜਨ ਮੰਡਲੀਆਂ ਵੱਲੋਂ ਵੀ ਸ਼ਬਦ ਗਾਇਨ ਕਰਨ ਲਈ ਮੰਚ ਤਿਆਰ ਕੀਤੇ ਹੋਏ ਹਨ।
ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰੀ ਸਮਾਗਮ ਵੀ ਇਸ ਵਾਰ ਜਲੰਧਰ ਵਿਚ ਮਨਾਇਆ ਜਾ ਰਿਹਾ ਹੈ। ਹਲਕਾ ਕਰਤਾਰਪੁਰ ਦੇ ਕਾਂਗਰਸੀ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮ ਦੇ ਪ੍ਰਬੰਧਾਂ ਦੀਆਂ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਚੌਧਰੀ ਸੁਰਿੰਦਰ ਸਿੰਘ ਨੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਦੱਸਿਆ ਕਿ ਸ਼ੋਭਾ ਯਾਤਰਾ ਵਿਚ ਸ਼ਹਿਰ ਦੇ ਨਾਲ ਨਾਲ ਆਲੇ ਦੁਆਲੇ ਦੇ ਪਿੰਡਾਂ ਵਿਚੋਂ ਵੀ ਵੱਡੀ ਗਿਣਤੀ ’ਚ ਸ਼ਰਧਾਲੂ ਝਾਕੀਆਂ ਲੈ ਕੇ ਸ਼ਾਮਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਦੇਸ਼ ਦੇ ਲੋਕਾਂ ਨੂੰ ਜਾਤ ਤੇ ਧਰਮ ਦੇ ਨਾਂ ’ਤੇ ਵੰਡਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੀ ਹੋਈ ਹੈ ਪਰ ਲੋਕ ਭਾਜਪਾ ਸਰਕਾਰ ਦੀਆਂ ਇਨ੍ਹਾਂ ਚਾਲਾਂ ਵਿਚ ਨਹੀਂ ਆਉਣਗੇ। ਇਸ ਮੌਕੇ ਗੁਰੂ ਰਵਿਦਾਸ ਭਵਨ ਟਰੱਸਟ ਦੇ ਚੇਅਰਮੈਨ ਸੇਵਾਮੁਕਤ ਆਈਏਐਸ ਕਪਿਲ ਦੇਵ, ਮਾਲ ਅਫਸਰ ਮਨੋਹਰ ਲਾਲ, ਪ੍ਰਿੰਸੀਪਲ ਆਰਐਲ ਸ਼ੈਲੀ, ਪ੍ਰੋ. ਐਸਕੇ ਮਿੱਢਾ, ਹਰੀ ਸਿੰਘ ਥਿੰਦ, ਸੋਹਣ ਲਾਲ, ਮੁਲਕ ਰਾਜ ਮੱਲ੍ਹਣ ਤੇ ਦਰਸ਼ਨ ਲੇਖ ਸਮੇਤ ਹੋਰ ਆਗੂ ਹਾਜ਼ਰ ਸਨ।
INDIA ਜਲੰਧਰ ਵਿੱਚ ਗੁਰੂ ਰਵਿਦਾਸ ਪ੍ਰਕਾਸ਼ ਪੁਰਬ ਦੀਆਂ ਰੌਣਕਾਂ