ਜ਼ਿਲ੍ਹਾ ਪ੍ਰਸ਼ਾਸਨ ਨੇ ਸਾਲ 2021 ਤੱਕ ਜਲੰਧਰ ਸ਼ਹਿਰ ਵਾਸੀਆਂ ਨੂੰ 24 ਘੰਟੇ ਨਿਰਵਿਘਨ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਤਿਆਰੀ ਖਿੱਚ ਲਈ ਹੈ। ਅੱਜ ਇਥੇ ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦੇ ਨਾਲ ਨਗਰ ਨਿਗਮ ਕਮਿਸ਼ਨਰ ਸ਼੍ਰੀ ਦੀਪਰਵਾ ਲਾਕੜਾ ਨੇ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਜੋ ਲਗਾਤਾਰ ਥੱਲੇ ਡਿੱਗ ਰਿਹਾ ਹੈ, ਨੂੰ ਬਚਾਉਣ ਲਈ ਜਲੰਧਰ ਵਾਸੀਆਂ ਨੂੰ 24 ਘੰਟੇ ਪਾਣੀ ਦੀ ਸਪਲਾਈ ਆਦਮਪੁਰ ਨਹਿਰ ਤੋਂ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ 275 ਐਮਐਲਡੀ ਸਮਰੱਥਾ ਵਾਲਾ ਵਾਟਰ ਟਰੀਟਮੈਂਟ ਪਲਾਂਟ ਅਤੇ ਬਾਅਦ ਵਿੱਚ 90 ਐਮਐਲਡੀ ਸਮਰੱਥਾ ਵਾਲੇ ਪਲਾਂਟ ਦੀ ਸਥਾਪਨਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 275 ਐਮਐਲਡੀ ਵਾਲਾ ਪਲਾਂਟ ਸਾਲ 2036 ਤੱਕ ਅਤੇ 90 ਐਮਐਲਡੀ ਵਾਲਾ ਪਲਾਂਟ ਸਾਲ 2051 ਤੱਕ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰੇਗਾ।
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਨਗਰ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ ਜਲੰਧਰ ਸ਼ਹਿਰ ਵਾਸੀਆਂ ਨੂੰ 113 ਕਿਊਸਿਕ ਪਾਣੀ ਰੋਜ਼ਾਨਾ 2036 ਤੱਕ ਸਪਲਾਈ ਕੀਤਾ ਜਾਵੇਗਾ ਅਤੇ 2051 ਤੱਕ 149 ਕਿਊਸਿਕ ਪਾਣੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਾਰੇ ਪ੍ਰਾਜੈਕਟ ਦੀ ਲਾਗਤ 890 ਕਰੋੜ ਰੁਪਏ ਹੈ ਅਤੇ ਜਿਸ ਲਈ 100 ਏਕੜ ਜ਼ਮੀਨ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿੱਚ 66 ਏਕੜ ਜ਼ਮੀਨ ਅਤੇ ਦੂਜੇ ਪੜਾਅ ਵਿੱਚ 34 ਏਕੜ ਜ਼ਮੀਨ ਦੀ ਲੋੜ ਪਵੇਗੀ। ਉਨ੍ਹਾਂ ਦੱਸਿਆ ਕਿ ਇਹ ਜ਼ਮੀਨ ਵਾਟਰ ਟਰੀਟਮੈਂਟ ਪਲਾਂਟ ਬਣਾਉਣ ਵਾਸਤੇ ਅਤੇ ਦੂਜਾ ਲੋੜੀਂਦੀ ਬੁਨਿਆਦੀ ਢਾਂਚਾ ਸਥਾਪਤ ਕਰਨ ਲਈ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਤਿੰਨ ਪਿੰਡਾਂ ਦੀ ਪਛਾਣ ਵੀ ਕਰ ਲਈ ਹੈ ਅਤੇ ਜ਼ਮੀਨ ਅਧਿਗ੍ਰਹਿਣ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਜਲੰਧਰ ਨਗਰ ਨਿਗਮ ਰੋਜ਼ਾਨਾ 152844 ਘਰਾਂ ਨੂੰ 8 ਤੋਂ 12 ਘੰਟੇ ਪਾਣੀ ਦੀ ਸਪਲਾਈ ਦੇਵੇਗਾ। ਇਸ ਮੌਕੇ ਸਮਾਰਟ ਸਿਟੀ ਦੀ ਸੀਈਓ ਜੇਤਿੰਦਰ ਜੋਰਵਾਲ, ਉਪ ਮੰਡਲ ਮੈਜਿਸਟਰੇਟ ਡਾ. ਜੈਇੰਦਰ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਜਸ਼ਨਜੀਤ ਸਿੰਘ, ਮੁੱਖ ਇੰਜਨੀਅਰ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਹਰਜਿੰਦਰ ਸਿੰਘ, ਕਾਰਜਕਾਰੀ ਇੰਜੀਨੀਅਰ ਵਾਸੂਦੇਵਾ ਅਤੇ ਹੋਰ ਵੀ ਹਾਜ਼ਰ ਸਨ।
INDIA ਜਲੰਧਰ ’ਚ 24 ਘੰਟੇ ਪਾਣੀ ਦੇਣ ਦਾ ਪ੍ਰਾਜੈਕਟ ਸ਼ੁਰੂ