ਫਾਜ਼ਿਲਕਾ (ਸਮਾਜ ਵੀਕਲੀ) : ਨਗਰ ਕੌਂਸਲ ਚੋਣਾਂ ਕਾਰਨ ਫਾਜ਼ਿਲਕਾ ਦੇ ਵਿਧਾਨ ਸਭਾ ਹਲਕਾ ਜਲਾਲਾਬਾਦ ’ਚ ਸਥਿਤੀ ਤਣਾਅਪੂਰਨ ਹੈ। ਅੱਜ ਹਾਲਾਤ ਉਸ ਵੇਲੇ ਵਿਗੜ ਗਏ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਆਪਣੇ ਵਰਕਰਾਂ ਨੂੰ ਨਾਲ ਲੈ ਕੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਤਹਿਸੀਲ ਕੰਪਲੈਕਸ ਵਿੱਚ ਦਾਖ਼ਲ ਹੋਏ ਅਤੇ ਕਾਂਗਰਸੀਆਂ ਨੇ ਇਸ ਦਾ ਵਿਰੋਧ ਕੀਤਾ। ਇਸ ਕਾਰਨ ਪੱਥਰਅ ਸ਼ੁਰੂ ਹੋ ਗਿਆ ਤੇ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ।
ਇਸ ਦੌਰਾਨ ਖੁੱਲ੍ਹ ਕੇ ਗੋਲੀਆਂ ਚੱਲੀਆਂ ਤੇ ਤਹਿਸੀਲ ਕੰਪਲੈਕਸ ਵਿੱਚ ਦਹਿਸ਼ਤ ਫੈਲ ਗਈ। ਕੰਪਲੈਕਸ ਵਿੱਚ ਮੋਟਰਸਾਈਕਲ, ਗੱਡੀਆਂ ਅਤੇ ਕਈ ਹੋਰ ਵਾਹਨਾਂ ਨੂੰ ਸ਼ਰ੍ਹੇਆਮ ਤੋੜਿਆ ਗਿਆ। ਉਧਰ ਅਕਾਲੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਤਿੰਨ ਵਰਕਰ ਜ਼ਖ਼ਮੀ ਹੋਏ ਹਨ। ਪੁਲੀਸ ਦੇ ਅਧਿਕਾਰੀਆਂ ਵੱਲੋਂ ਹੋਰ ਫੋਰਸ ਬੁਲਾਈ ਗਈ ਹੈ ਪਰ ਦੋਵਾਂ ਧਿਰਾਂ ਵਿਚਾਲੇ ਤਣਾਅ ਕਾਫੀ ਵਧਿਆ ਹੋਇਆ ਹੈ। ਪਤਾ ਚੱਲਿਆ ਹੈ ਕਿ ਰਮਿੰਦਰ ਆਵਲਾ ਵੱਲੋਂ ਮਾਮਲੇ ਨੂੰ ਗੱਲਬਾਤ ਰਾਹੀਂ ਸੁਲਝਾਉਣ ਦੀ ਪੇਸ਼ਕਸ਼ ਕੀਤੀ ਗਈ ਸੀ,ਪ੍ਰੰਤੂ ਦੋਨਾਂ ਪਾਸੋਂ ਸੱਦੀ ਭੀੜ ਨੇ ਪੱਥਰਬਾਜ਼ੀ ਅਤੇ ਗੋਲੀਬਾਰੀ ਦੀ ਨੌਬਤ ਲਿਆ ਦਿੱਤੀ। ਬਾਦਲ ਦੇ ਸੁਰੱਖਿਆ ਕਰਮੀਆਂ ਨੇ ਹਵਾਈ ਫਾਇਰਿੰਗ ਕਰਕੇ ਸ਼ਰਾਰਤੀ ਅਨਸਰਾਂ ਨੂੰ ਖਦੇੜਿਆ।