ਰਾਜਪੁਰਾ (ਸਮਾਜ ਵੀਕਲੀ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਰਾਜਪੁਰਾ ਨੇੜਲੇ ਪਿੰਡ ਘੱਗਰ ਸਰਾਏ ’ਚ ਸ਼ਰਾਬ ਮਾਫ਼ੀਏ ਖਿਲਾਫ਼ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਘਨੌਰ ਤੇ ਰਾਜਪੁਰਾ ਦੇ ਕਾਂਗਰਸੀ ਵਿਧਾਇਕਾਂ ਮਦਨ ਲਾਲ ਜਲਾਲਪੁਰ ਅਤੇ ਹਰਦਿਆਲ ਕੰਬੋਜ ਖਿਲਾਫ਼ ਸ਼ਰਾਬ ਅਤੇ ਰੇਤ ਮਾਫ਼ੀਆ ਚਲਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ।
ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਿਧਾਇਕਾਂ ਨੂੰ ਅਜਿਹੇ ਧੰਦੇ ਚਲਾਉਣ ਦੀ ਪੂਰੀ ਖੁੱਲ੍ਹ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਕਾਂਗਰਸੀਆਂ ਵੱਲੋਂ ਗੈਰਕਾਨੂੰਨੀ ਧੰਦਿਆਂ ਜ਼ਰੀਏ ਬਣਾਈਆਂ ਜਾਇਦਾਦਾਂ ਦੀ ਰਿਕਵਰੀ ਕਰ ਕੇ ਇਹ ਰਾਸ਼ੀ ਸਬੰਧਤ ਹਲਕਿਆਂ ਦੇ ਵਿਕਾਸ ਕਾਰਜਾਂ ’ਤੇ ਖ਼ਰਚ ਕੀਤੀ ਜਾਵੇਗੀ। ਧਰਨੇ ਨੂੰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਐੱਨ.ਕੇ. ਸ਼ਰਮਾ ਸਮੇਤ ਹੋਰਾਂ ਨੇ ਵੀ ਸੰਬੋਧਨ ਕੀਤਾ। ਧਰਨੇ ’ਚ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ, ਸਾਬਕਾ ਵਿਧਾਇਕ ਹਰਪ੍ਰੀਤ ਕੌਰ ਮੁਖਮੈਲਪੁਰ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ, ਸਰਕਲ ਪ੍ਰਧਾਨ ਰਣਜੀਤ ਸਿੰਘ ਰਾਣਾ ਅਤੇ ਮਹਿੰਦਰ ਕੁਮਾਰ ਪੱਪੂ ਵੀ ਹਾਜ਼ਰ ਸਨ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਕਿਹਾ ਕਿ ਹਲਕਾ ਘਨੌਰ ਵਿੱਚੋਂ ਫੜੀ ਗਈ ਨਕਲੀ ਸ਼ਰਾਬ ਦੀ ਫੈਕਟਰੀ ਅਤੇ ਗੈਰਕਾਨੁੂੰਨੀ ਮਾਈਨਿੰਗ ਨੂੰ ਸਿੱਧੇ ਰੂਪ ਵਿਚ ਵਿਧਾਇਕ ਜਲਾਲਪੁਰ ਦੀ ਸਰਪ੍ਰਸਤੀ ਹਾਸਲ ਹੈ। ਸ੍ਰੀ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸੂਬੇ ਦਾ ਵਿਕਾਸ ਕਰਨ ਦੀ ਥਾਂ ’ਤੇ ਵਿਨਾਸ਼ ਹੀ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦਾ ਖਜ਼ਾਨਾ ਖਾਲੀ ਨਹੀਂ ਸਗੋਂ ਕਾਂਗਰਸ ਦੀ ਨੀਅਤ ਖ਼ਰਾਬ ਹੈ।