ਭਾਜਪਾ ਵਲੋਂ ਮੱਧ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਨਾਮਜ਼ਦ;
ਕਾਂਗਰਸ ਨੂੰ ਹਕੀਕਤ ਮੰਨਣ ਤੋਂ ਇਨਕਾਰੀ ਦੱਸਿਆ;
ਮੋਦੀ ਦੀ ‘ਕਾਬਲੀਅਤ ਤੇ ਸਮਰਪਣ’ ਦਾ ਗੁਣਗਾਨ ਕੀਤਾ
ਨਵੀਂ ਦਿੱਲੀ- ਕਾਂਗਰਸ ਪਾਰਟੀ ਛੱਡਣ ਤੋਂ ਅਗਲੇ ਹੀ ਦਿਨ ਜਯੋਤਿਰਦਿੱਤਿਆ ਸਿੰਧੀਆ ਨੇ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਮੂਲੀਅਤ ਕਰ ਲਈ। ਭਾਜਪਾ ਪ੍ਰਧਾਨ ਜੇ.ਪੀ. ਨੱਡਾ ਦੀ ਮੌਜੂਦਗੀ ਵਿੱਚ ਭਗਵਾਂ ਪਾਰਟੀ ਵਿੱਚ ਸ਼ਾਮਲ ਹੋਏ ਸਿੰਧੀਆ ਨੇ ਕਾਂਗਰਸ ’ਤੇ ‘ਹਕੀਕਤ ਤੋਂ ਇਨਕਾਰੀ’ ਹੋਣ ਅਤੇ ਨਵੀਂ ਸੋਚ ਤੇ ਨਵੇਂ ਆਗੂਆਂ ਦੀ ‘ਨਾ ਮੰਨਣ’ ਦੇ ਦੋਸ਼ ਲਾਏ। ਇਸੇ ਦੌਰਾਨ ਸਿੰਧੀਆ ਨੂੰ ਭਾਜਪਾ ਨੇ ਮੱਧ ਪ੍ਰਦੇਸ਼ ਤੋਂ ਆਪਣਾ ਰਾਜ ਸਭਾ ਉਮੀਦਵਾਰ ਨਾਮਜ਼ਦ ਕਰ ਦਿੱਤਾ ਹੈ।
ਸਾਲ 2002 ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਸਿੰਧੀਆ ਕਾਂਗਰਸ ਵਿੱਚ ਅਤੇ ਪਾਰਟੀ ਦੀ ਮੱਧ ਪ੍ਰਦੇਸ਼ ਸਰਕਾਰ ਵਿੱਚ ਅਹਿਮ ਅਹੁਦਿਆਂ ’ਤੇ ਰਹੇ। ਉਨ੍ਹਾਂ ਕਾਂਗਰਸ ਦੀ ਕੌਮੀ ਲੀਡਰਸ਼ਿਪ ਪ੍ਰਤੀ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਬਲੀਅਤ ਦੇ ਸੋਹਲੇ ਗਾਏ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਹੁਣ ਉਹ ਪਾਰਟੀ ਨਹੀਂ ਰਹਿ ਗਈ ਹੈ, ਜੋ ਪਹਿਲਾਂ ਹੋਇਆ ਕਰਦੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਿਲ ਦੁਖਿਆ ਹੈ ਕਿਉਂਕਿ ਉਨ੍ਹਾਂ ਦਾ ਪਾਰਟੀ ਰਾਹੀਂ ਲੋਕਾਂ ਦੀ ਸੇਵਾ ਕਰਨ ਦਾ ਮਕਸਦ ਪੂਰਾ ਨਹੀਂ ਹੋ ਸਕਿਆ।ਉਨ੍ਹਾਂ ਕਿਹਾ, ‘‘ਉਨ੍ਹਾਂ ਨੇ ਆਲਮੀ ਪੱਧਰ ’ਤੇ ਭਾਰਤ ਦਾ ਵੱਕਾਰ ਵਧਾਇਆ ਹੈ। ਉਨ੍ਹਾਂ ਵਿਚ ਸਕੀਮਾਂ ਲਾਗੂ ਕਰਨ ਅਤੇ ਭਵਿੱਖੀ ਚੁਣੌਤੀਆਂ ਨੂੰ ਸਮਝਣ ਦੀ ਸਮਰੱਥਾ ਹੈ; ਉਨ੍ਹਾਂ ਦੀ ਕਾਬਲੀਅਤ ਅਤੇ ਪੂਰਨ-ਸਮਰਪਣ….ਭਾਰਤ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੱਥਾਂ ਵਿੱਚ ਹੈ।’’ ਸਿੰਧੀਆ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ‘ਭਾਰਤ ਮਾਤਾ’ ਦੀ ਸੇਵਾ ਕਰਨਾ ਹੈ। ਉਨ੍ਹਾਂ ਆਪਣੇ ਪਿਤਾ ਮਾਧਵਰਾਓ ਸਿੰਧੀਆ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਵਲੋਂ ਕਾਂਗਰਸ ਛੱਡੇ ਜਾਣ ਵਾਲੇ ਦਿਨ (ਮੰਗਲਵਾਰ) ਉਨ੍ਹਾਂ ਦੇ ਪਿਤਾ ਨੇ 75 ਵਰ੍ਹਿਆਂ ਦੇ ਹੋ ਜਾਣਾ ਸੀ। ਮੰਚ ’ਤੇ ਸਿੰਧੀਆ ਨਾਲ ਭਾਜਪਾ ਦੇ ਸੀਨੀਅਰ ਆਗੂ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਅਤੇ ਜਨਰਲ ਸਕੱਤਰ ਅਨਿਲ ਜੈਨ ਤੇ ਅਰੁਣ ਸਿੰਘ ਵੀ ਮੌਜੂਦ ਸਨ।ਸਿੰਧੀਆ ਦੀ ਭਾਜਪਾ ਵਿੱਚ ਸ਼ਮੂਲੀਅਤ ਸਬੰਧੀ ਸਮਾਗਮ ਮੌਕੇ ਨੱਡਾ ਨੇ ਵਿਜੈ ਰਾਜੇ ਸਿੰਧੀਆ ਨੂੰ ਯਾਦ ਕੀਤਾ, ਜੋ ਭਾਜਪਾ ਦੇ ਬਾਨੀਆਂ ਵਿੱਚੋਂ ਇੱਕ ਸਨ ਅਤੇ ਜਯੋਤਿਰਦਿੱਤਿਆ ਦੀ ਦਾਦੀ ਸਨ। ਉਨ੍ਹਾਂ ਸਿੰਧੀਆ ਦਾ ‘ਪਰਿਵਾਰ’ ਵਿੱਚ ਸਵਾਗਤ ਕਰਨ ਮੌਕੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਲਈ ਇਹ ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਉਨ੍ਹਾਂ (ਵਿਜੈ ਰਾਜੇ) ਦਾ ਪੋਤਾ ਇਸ ਵਿੱਚ ਸ਼ਾਮਲ ਹੋ ਰਿਹਾ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਮਾਧਵਰਾਓ ਸਿੰਧੀਆ ਨੇ ਵੀ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਜਨਸੰਘ ਦੇ ਸੰਸਦ ਮੈਂਬਰ ਵਜੋਂ ਕੀਤੀ ਸੀ। ਬਾਅਦ ਵਿੱਚ ਭਾਜਪਾ ਨੇ 49 ਵਰ੍ਹਿਆਂ ਦੇ ਗਵਾਲੀਅਰ ਦੇ ਸ਼ਾਹੀ ਪਰਿਵਾਰ ਦੇ ਇਸ ਵਾਰਿਸ ਨੂੰ ਮੱਧ ਪ੍ਰਦੇਸ਼ ਤੋਂ ਪਾਰਟੀ ਦਾ ਰਾਜ ਸਭਾ ਲਈ ਉਮੀਦਵਾਰ ਨਾਮਜ਼ਦ ਕਰ ਦਿੱਤਾ। ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਵਲੋਂ ਹਾਸ਼ੀਏ ’ਤੇ ਲਿਆਂਦੇ ਜਾਣ ਤੋਂ ਨਾਰਾਜ਼ ਸਿੰਧੀਆ ਨੇ ਮੰਗਲਵਾਰ ਨੂੰ ਪਾਰਟੀ ਛੱਡ ਦਿੱਤੀ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਭਾਜਪਾ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਸਿੰਧੀਆ ਨੇ ਕਿਹਾ, ‘‘ਅੱਜ ਦੀ ਕਾਂਗਰਸ ਉਹ ਨਹੀਂ ਰਹੀ, ਜੋ ਉਹ ਪਹਿਲਾਂ ਹੋਇਆ ਕਰਦੀ ਸੀ। ਪਾਰਟੀ ਹਕੀਕਤ ਮੰਨਣ ਤੋਂ ਇਨਕਾਰੀ ਹੈ। ਨਵੀਂ ਸੋਚ, ਨਵੀਂ ਵਿਚਾਰਧਾਰਾ ਅਤੇ ਨਵੇਂ ਆਗੂਆਂ ਦੀ ਨਹੀਂ ਮੰਨੀ ਜਾ ਰਹੀ। ਇਹ ਹਾਲ ਤਾਂ ਕੌਮੀ ਪੱਧਰ ’ਤੇ ਹੈ, ਅਤੇ ਮੱਧ ਪ੍ਰਦੇਸ਼ ਵਿੱਚ 18 ਮਹੀਨੇ ਪਹਿਲਾਂ ਅਸੀਂ ਜੋ ਸੁਫ਼ਨਾ ਦੇਖਿਆ ਸੀ, ਉਹ ਟੁੱਟ ਗਿਆ ਹੈ।’’ ਮੋਦੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਲਗਾਤਾਰ ਦੋ ਵਾਰ ਜੋ ਬਹੁਮੱਤ ਹਾਸਲ ਕੀਤਾ ਹੈ ਸ਼ਾਇਦ ਅੱਜ ਤੱਕ ਉਹ ਕਿਸੇ ਸਰਕਾਰ ਨੂੰ ਨਹੀਂ ਮਿਲਿਆ।