ਜਨ ਅੰਦੋਲਨ ਨੂੰ ਬਦਨਾਮ ਕਰਨ ਲਈ ਕਲਾਕਾਰਾਂ ਦੀ ਕਲਾ ਬੇਨਕਾਬ

ਰਮੇਸ਼ਵਰ ਸਿੰਘ

(ਸਮਾਜ ਵੀਕਲੀ)

ਕੇਂਦਰ ਸਰਕਾਰ ਨੇ ਖੇਤੀ ਨੂੰ ਲੈ ਕੇ ਤਿੰਨ ਜੋ ਕਾਲੇ ਬਿੱਲ ਬਣਾਏ ਹਨ ਉਸ ਲਈ ਸਾਡੇ ਪੰਜਾਬੀ ਕਿਸਾਨਾਂ ਨੇ ਪੰਜਾਬ ਵਿੱਚ ਧਰਨੇ ਲਾਉਣੇ ਚਾਲੂ ਕੀਤੇ ਸਨ,ਕਿਸਾਨ ਯੂਨੀਅਨਾਂ ਦੇ ਮੁਖੀਆਂ ਨੇ ਇਹਦਾ ਬਿਲਾਂ ਦੀ ਲੋਟੂ ਨੀਤੀ ਜਨਤਾ ਨੂੰ ਸਹੀ ਰੂਪ ਵਿੱਚ ਸਮਝਾਈ ਤਾਂ ਸਾਡੇ ਮਜ਼ਦੂਰ ਤੇ ਆਮ ਜਨਤਾ ਇਸ ਮੋਰਚੇ ਵਿਚ ਆ ਬੈਠੇ।ਕਿਸਾਨ ਤੇ ਮਜ਼ਦੂਰ ਯੂਨੀਅਨਾਂ ਦੇ ਨੇਤਾ ਅਜਿਹੀਆਂ ਘਟੀਆ ਨੀਤੀਆਂ ਤੇ ਕਾਨੂੰਨਾਂ ਨਾਲ ਹਮੇਸਾ ਮੱਥਾ ਲਾਉਂਦੇ ਆਏ ਹਨ।

ਸੋਸ਼ਲ ਮੀਡੀਆ ਤੇ ਉਨ੍ਹਾਂ ਦਾ ਸਹੀ ਰੂਪ ਵਿੱਚ ਪ੍ਰਚਾਰ ਸੁਣ ਕੇ ਤਾਂ ਬਾਕੀ ਰਾਜਾਂ ਦੇ ਕਿਸਾਨ ਤੇ ਮਜ਼ਦੂਰ ਇਹਦਾ ਨਾਲ ਰਾਬਤਾ ਕਰਨ ਲੱਗੇ ਜਿਸ ਵਿਚੋਂ ਮੋਰਚਾ ਕਿਸਾਨ ਮੋਰਚਾ “ਜਨ ਮੋਰਚਾ” ਬਣ ਕੇ ਦਿੱਲੀ ਦੀਆ ਜੂਹਾਂ ਤੇ ਜਾ ਕੇ ਸਥਾਪਤ ਹੋ ਗਿਆ।ਸ਼ੁਰੂ ਵਿੱਚ ਕਿਸਾਨ ਮੋਰਚਾ ਰੇਲ ਰੋਕੋ ਧਰਨਿਆਂ ਨਾਲ ਚਾਲੂ ਹੋਇਆ ਸੀ,ਤਾਂ ਕੁਝ ਕਿਸਾਨ ਮਜ਼ਦੂਰ ਵਿਰੋਧੀ ਤੇ ਸਰਕਾਰ ਦੇ ਚਮਚੇ ਸ਼ੰਭੂ ਬਾਰਡਰ ਤੇ ਆਪਣਾ ਇੱਕ ਖ਼ਾਸ ਮੋਰਚਾ ਮਨੋਰੰਜਨ ਤੇ ਬਾਕੀ ਧਰਨਿਆਂ ਤੇ ਨਿਗ੍ਹਾ ਰੱਖਣ ਲਈ ਲਗਾ ਲਿਆ ਸੀ,ਜਿਸ ਦਾ ਕਿਸਾਨੀ ਜਾਂ ਮਜ਼ਦੂਰੀ ਨਾਲ ਕੋਈ ਸਬੰਧ ਨਹੀਂ ਸੀ ਸਾਰੀ ਦੁਨੀਆਂ ਜਾਣਦੀ ਹੈ।

ਸੋਸ਼ਲ ਮੀਡੀਆ ਤੇ ਆਮ ਵੇਖਣ ਨੂੰ ਮਨੋਰੰਜਕ ਪ੍ਰੋਗਰਾਮ ਤੇ ਮੰਦਿਰਾ ਪਾਨ ਦਾ ਦ੍ਰਿਸ਼ ਵੀ ਤਕਰੀਬਨ ਹਰ ਰੋਜ਼ ਵਿਖਾਈ ਦਿੰਦਾ ਰਹਿੰਦਾ ਸੀ। ਸ਼ੰਭੂ ਬਾਰਡਰ ਦੇ ਮੋਰਚੇ ਦਾ ਮੁੱਖੀ ਭਾਜਪਾ ਦੇ ਇੱਕ ਖ਼ਾਸ ਐੱਮ ਪੀ ਦਾ ਝੋਲੀ ਚੁੱਕ ਤੇ ਛੋਟਾ ਮੋਟਾ ਕਲਾਕਾਰ ਜਿਸ ਨੂੰ ਖੇਤੀ ਕੀ ਮੂਲੀਆਂ ਦਰੱਖਤਾਂ ਨੂੰ ਲੱਗਦੀਆਂ ਹਨ ਕਿ ਧਰਤੀ ਵਿਚ ਪੈਦਾ ਹੁੰਦੀਆਂ ਹਨ ਇਸ ਦੀ ਵੀ ਜਾਣਕਾਰੀ ਨਹੀਂ ਹੈ।ਖੇਤ ਵਿੱਚ ਜਾਣਾ ਤਾਂ ਦੂਰ ਦੀ ਗੱਲ ਕਦੇ ਕਿਸੇ ਖੇਤ ਕੋਲ ਦੀ ਮੱਝ ਦਾ ਕੱਟਾ ਲੈ ਕੇ ਵੀ ਲੰਘਿਆ ਨਹੀਂ ਹੋਵੇਗਾ,ਉਸ ਨੂੰ ਖੇਤੀ ਕਾਨੂੰਨਾਂ ਦਾ ਸੁਆਹ ਪਤਾ ਸੀ।

ਸ਼ੰਭੂ ਮੋਰਚੇ ਤੇ ਉਸ ਦੀ ਅਨੇਕਾਂ ਵਾਰ ਆਲੋਚਨਾ ਹੋਈ ਪਰ ਉਸ ਨੇ ਕਦੇ ਬੁਰਾ ਨਹੀਂ ਮਨਾਇਆ ਸੀ ਕਿਉਂਕਿ ਉਸ ਨੇ ਆਪਣੀ ਥਾਂ ਸਥਾਪਤ ਕਰ ਕੇ ਰੱਖਣੀ ਸੀ,ਰੰਗ ਵਿੱਚ ਭੰਗ ਪਾਉਣ ਦਾ ਠੇਕਾ ਲਿਆ ਸੀ। ਗਣਤੰਤਰ ਦਿਵਸ ਤੋਂ ਪਹਿਲੀ ਰਾਤ ਹੀ ਉਸ ਦੀ ਟੋਲੀ ਨੇ ਆਪਣੀ ਸਟੇਜ ਤੇ ਆਪਣੀ ਮਰਜ਼ੀ ਨਾਲ ਟਰੈਕਟਰ ਰੈਲੀ ਕਰਨ ਦਾ ਜ਼ੋਰ ਸ਼ੋਰ ਨਾਲ ਰਾਗ ਅਲਾਪਿਆ ਸੀ।ਮੈਂ ਹੈਰਾਨ ਉਥੋਂ ਕਈ ਬੁਲਾਰਿਆਂ ਦੀਆਂ ਇਹ ਗੱਲਾਂ ਸੁਣ ਕੇ ਹੈਰਾਨ ਰਹਿ ਗਿਆ ਕਿ ਜੋ ਕਹਿ ਰਹੇ ਸਨ ਮੈਂ ਫਲਾਣੇ ਪਿੰਡ ਦਾ ਰਹਿਣ ਵਾਲਾ ਹਾਂ ਮੇਰਾ ਭਾਜਪਾ ਨਾਲ ਕੋਈ ਰਿਸ਼ਤਾ ਨਾਤਾ ਨਹੀਂ,ਖ਼ੁਦ ਹੀ ਮੈਂ ਕੌਣ ਹਾਂ ?

ਇਸ ਦੇ ਸਰਟੀਫਿਕੇਟ ਸਾਰੇ ਹੀ ਆਪਣੀ ਬੋਲੀ ਨਾਲ ਦੇ ਰਹੇ ਸਨ ਉਥੇ ਕਿਹੜੇ ਪੱਤਰਕਾਰ ਜਾਂ ਕਿਹੜੇ ਭੈਣ ਭਾਈ ਨੇ ਪੁੱਛਿਆ ਸੀ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਤੇ ਕਿਹੜੀ ਪਾਰਟੀ ਨਾਲ ਸਬੰਧਿਤ ਹੋ।ਆਪਣੇ ਆਪ ਨੂੰ ਉੱਚ ਕੋਟੀ ਦੇ ਕਿਸਾਨਾਂ ਦਾ ਨੇਤਾ ਦਰਸਾਉਂਦੇ ਹੋਏ ਕਹਿ ਰਹੇ ਸਨ ਕਿ ਕਿਸਾਨ ਯੂਨੀਅਨਾਂ ਦੇ ਨੇਤਾਵਾਂ ਨੂੰ ਇੱਥੇ ਬੁਲਾਓ ਜੇ ਸਾਡੀ ਗੱਲ ਮੰਨਦੇ ਹਨ ਤਾਂ ਠੀਕ ਹੈ ਨਹੀਂ ਅਸੀਂ ਉਨ੍ਹਾਂ ਨੂੰ ਲਾਂਭੇ ਕਰਾਂਗੇ।ਕਿਸਾਨ ਤੇ ਮਜ਼ਦੂਰ ਯੂਨੀਅਨਾਂ ਦੇ ਸਾਰੇ ਮੁਖੀ ਸਾਡੇ ਬਜ਼ੁਰਗ ਖੇਤੀਬਾੜੀ ਦੀ ਕੜੀ ਮਿਹਨਤ ਕਰਦੇ ਹੋਏ ਤਜਰਬਿਆਂ ਨਾਲ ਭਰਪੂਰ ਹਨ ਜਿਨ੍ਹਾਂ ਨੂੰ ਹਮੇਸ਼ਾ ਸਲਾਮ ਕਰਨਾ ਬਣਦਾ ਹੈ,ਇਹ ਕਿਹੜੇ ਬਾਗ਼ ਦੀ ਮੂਲੀ ਸਨ ਜੋ ਉਨ੍ਹਾਂ ਨੂੰ ਬਾਹਰ ਦਾ ਰਸਤਾ ਵਿਖਾਉਣ ਦਾ ਰਾਗ ਅਲਾਪ ਰਹੇ ਸਨ।

ਕਿਸਾਨ ਤੇ ਮਜ਼ਦੂਰਾਂ ਦੀਆਂ ਜੋ ਵੀ ਸਟੇਜਾਂ ਲੱਗੀਆਂ ਹੋਈਆਂ ਸਨ ਅਜਿਹੇ ਬੁਲਾਰਿਆਂ ਨੂੰ ਕਦੇ ਵੀ ਬੋਲਣ ਦਾ ਮੌਕਾ ਇਸੇ ਲਈ ਨਹੀਂ ਦਿੱਤਾ ਸੀ ਜਿਸ ਦਾ ਅਸਲੀ ਕਾਰਨ ਕੀ ਸੀ ਖ਼ੁਦ ਹੀ ਅੱਧੀ ਰਾਤ ਵੇਲੇ ਸਟੇਜ ਤੇ ਲਲਕਾਰੇ ਮਾਰ ਕੇ ਦੱਸ ਰਹੇ ਸਨ।ਜੋ ਵੀ ਦੁਨੀਆ ਦੇ ਲੋਕ ਇਸ ਜਨ ਮੋਰਚੇ ਬਾਰੇ ਜਾਣਦੇ ਹਨ ਸਭ ਨੂੰ ਪਤਾ ਸੀ ਕਿ ਇਹ ਲੋਕ ਕੌਣ ਹਨ ਤੇ ਇਨ੍ਹਾਂ ਦਾ ਕੀ ਮਨੋਰਥ ਹੈ। ਜਨ ਮੋਰਚੇ ਦੇ ਸਾਰੇ ਮੁਖੀਆਂ ਨੇ ਟਰੈਕਟਰ ਮਾਰਚ ਸਬੰਧੀ ਦਿੱਲੀ ਪੁਲੀਸ ਨਾਲ ਸਾਰਥਿਕ ਰੂਪ ਵਿਚ ਮੀਟਿੰਗ ਕਰਕੇ ਆਪਣੇ ਰਸਤੇ ਤੇ ਸਮਾਂ ਨਿਸ਼ਚਿਤ ਕਰ ਲਿਆ ਸੀ।ਜਿਸ ਬਾਰੇ ਪ੍ਰਿੰਟ ਬਿਜਲਈ ਤੇ ਸੋਸ਼ਲ ਮੀਡੀਆ ਤੇ ਪੜ੍ਹਨ ਤੇ ਸੁਣਨ ਨੂੰ ਸਭ ਨੂੰ ਮਿਲ ਰਿਹਾ ਸੀ।

ਜਨ ਮੋਰਚੇ ਦੇ ਹਿੱਤ ਵਾਲਿਆਂ ਨੇ ਰਾਤ ਹੀ ਸੋਸ਼ਲ ਮੀਡੀਆ ਤੇ ਭਵਿੱਖਬਾਣੀ ਕਰ ਦਿੱਤੀ ਸੀ,ਕੇ ਇਹ ਸਟੇਜ ਤੇ ਰੌਲਾ ਪਾਉਣ ਵਾਲੇ ਕਿਸਾਨੀ ਮੋਰਚੇ ਵਿੱਚ ਜ਼ਰੂਰ ਰੰਗ ਵਿੱਚ ਭੰਗ ਪਾਉਣਗੇ।ਸਵੇਰੇ ਅੱਠ ਵਜੇ ਉਨ੍ਹਾਂ ਨੇ ਟਰੈਕਟਰ ਰੈਲੀ ਆਪਣੀ ਮਰਜ਼ੀ ਨਾਲ ਚਾਲੂ ਕਰ ਦਿੱਤੀ।ਜਨ ਮੋਰਚੇ ਦੇ ਮੋਢੀਆਂ ਨੇ ਇਕ ਬਹੁਤ ਸੋਹਣਾ ਸੁਝਾਅ ਦਿੱਤਾ ਸੀ ਕਿ ਆਪਣੇ ਟਰੈਕਟਰ ਉਤੇ ਕਿਸਾਨ ਯੂਨੀਅਨ ਤੋਂ ਇਲਾਵਾ ਸਾਡਾ ਰਾਸ਼ਟਰੀ ਝੰਡਾ ਵੀ ਲਗਾਉਣਾ ਜ਼ਰੂਰੀ ਹੈ ਕਿਉਂਕਿ ਗਣਤੰਤਰ ਦਿਵਸ ਹੈ।ਇਨ੍ਹਾਂ ਨੇ ਰਾਸ਼ਟਰੀ ਝੰਡਾ ਤਾਂ ਕੀ ਲਗਾਉਣਾ ਸੀ,ਸਿੱਖ ਧਰਮ ਦਾ ਨਿਸ਼ਾਨ ਸਾਹਿਬ ਲਗਾ ਕੇ ਧਰਮ ਦੇ ਨਾਲ ਜਨ ਮੋਰਚੇ ਦੀ ਵੀ ਬੇਇੱਜ਼ਤੀ ਦਾ ਸਬੂਤ ਪੇਸ਼ ਕਰ ਦਿੱਤਾ।

ਗ਼ਲਤ ਕਾਰਵਾਈ ਚਾਲੂ ਹੋਈ ਹੈ ਜੋ ਸਵੇਰੇ ਅੱਠ ਵਜੇ ਹੀ ਟਰੈਕਟਰ ਮਾਰਚ ਚਾਲੂ ਕਰ ਦਿੱਤਾ ਗਿਆ,ਦਿੱਲੀ ਪੁਲੀਸ ਦੇ ਨਾਲ ਹੋਏ ਸਮਝੌਤੇ ਦੀ ਉਲੰਘਣਾ ਹੋ ਰਹੀ ਹੈ ਪਰ ਸੜਕ ਤੇ ਖੜੇ ਪੁਲੀਸ ਕਰਮਚਾਰੀਆਂ ਨੂੰ ਵਿਖਾਈ ਨਹੀਂ ਦੇ ਰਿਹਾ ਸੀ,ਆਪਾਂ ਸਾਰੇ ਜਾਣਦੇ ਹੀ ਹਾਂ ਕਿ ਦਿੱਲੀ ਦੀ ਪੁਲੀਸ ਦੀ ਕਮਾਂਡ ਕੇਂਦਰੀ ਸਰਕਾਰ ਦੇ ਹੱਥ ਵਿੱਚ ਹੈ।ਕਿਸਾਨ ਮੋਰਚੇ ਦੇ ਨੇਤਾਵਾਂ ਦੀ ਮੀਟਿੰਗ ਵਿੱਚ ਆਪਾਂ ਨੂੰ ਖਾਲਿਸਤਾਨੀ ਅਤਿਵਾਦੀ ਦਾ ਰੁਤਬਾ ਦਿੰਦੇ ਹੀ ਰਹੇ ਹਨ ਗੋਦੀ ਮੀਡੀਆ ਤੇ ਵੀ ਇਹੋ ਹੀ ਪ੍ਰਚਾਰ ਸੀ ਹੁਣ ਸਿੱਧ ਕਰਕੇ ਵਿਖਾਉਣਾ ਹੀ ਸੀ।ਪੰਜਾਹ ਟਰੈਕਟਰ ਇੰਨਾ ਲੰਮਾ ਸਫ਼ਰ ਤੈਅ ਕਰਕੇ ਲਾਲ ਕਿਲ੍ਹੇ ਪਹੁੰਚੇ ਕੀ ਸਰਕਾਰ ਸੁੱਤੀ ਪਈ ਸੀ।

ਗਣਤੰਤਰ ਦਿਵਸ ਹੋਵੇ ਤੇ ਲਾਲ ਕਿਲੇ ਦੀ ਰਾਖੀ ਕਰਨ ਵਾਲੇ ਕਮਜ਼ੋਰ ਹੀ ਹੁੰਦੇ ਹਨ,ਉਨ੍ਹਾਂ ਦੇ ਸਾਹਮਣੇ ਨਾਅਰੇ ਲਗਾਏ ਜਾ ਰਹੇ ਹਨ ਤੇ ਝੰਡੇ ਚੜ੍ਹਾਏ ਜਾ ਰਹੇ ਹਨ ਇਸ ਦਾ ਮਤਲਬ ਸਾਡੇ ਦੇਸ਼ ਦੀ ਰਾਖੀ ਕਰਨ ਵਾਲੇ ਹੀ ਕਮਜ਼ੋਰ ਹਨ।ਇਹੋ ਜਿਹੀ ਸਕਿਉਰਿਟੀ ਹੀ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੇ ਘਰਾਂ ਤੇ ਦਫ਼ਤਰਾਂ ਦੁਆਲੇ ਹੁੰਦੀ ਹੈ ਫਿਰ ਤਾਂ ਕਿਸੇ ਦੀ ਵੀ ਜਾਨ ਨੂੰ ਖਤਰਾ ਹੈ,ਕੇਂਦਰ ਸਰਕਾਰ ਨੂੰ ਚਾਹੀਦਾ ਹੈ ਪਹਿਲਾਂ ਸਾਡੇ ਦੇਸ਼ ਦੇ ਪ੍ਰਬੰਧਾਂ ਨੂੰ ਠੀਕ ਕਰ ਲੈਣ ਇਹੋ ਜਿਹੇ ਮਸਲੇ ਤਾਂ ਆਪਣੇ ਆਪ ਹੀ ਹੱਲ ਹੁੰਦੇ ਰਹਿਣਗੇ।

ਸਾਡੇ ਕੌਮੀ ਝੰਡੇ ਨਾਲ ਗਲਤ ਵਰਤਾਓ ਸਾਹਮਣੇ ਹੋ ਰਿਹਾ ਹੈ ਤੇ ਕਰਨ ਵਾਲੇ ਆਰਾਮ ਨਾਲ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ ਇਸ ਦਾ ਮਤਲਬ ਤਾਂ ਸਾਡੇ ਦੇਸ਼ ਵਿੱਚ ਕੁਝ ਵੀ ਕਰ ਲਵੋ ਪੁੱਛਣ ਵਾਲਾ ਕੋਈ ਨਹੀਂ,ਜਿਸ ਦੇਸ਼ ਦੇ ਰਾਖੀ ਕਰਨ ਵਾਲੇ ਖੜ੍ਹੇ ਤਮਾਸ਼ਾ ਵੇਖ ਰਹੇ ਹਨ ਫੇਰ ਆਮ ਜਨਤਾ ਨਾਲ ਕਦੇ ਵੀ ਕੁਝ ਹੋ ਸਕਦਾ ਹੈ। ਜਨ ਮੋਰਚੇ ਵੱਲੋਂ ਸਹੀ ਸਮੇਂ ਤੇ ਸਹੀ ਰਸਤੇ ਤੇ ਆਪਣੀ ਟਰੈਕਟਰ ਰੈਲੀ ਚਾਲੂ ਕੀਤੀ ਗਈ ਪਰ ਗੋਦੀ ਮੀਡੀਆ ਆਪਣੇ ਕੈਮਰੇ ਲਾਲ ਕਿਲੇ ਦੇ ਦੁਆਲੇ ਹੀ ਘੁਮਾ ਰਿਹਾ ਸੀ।ਜਿਸ ਤੋਂ ਸਾਫ਼ ਜ਼ਾਹਰ ਹੋ ਰਿਹਾ ਹੈ ਕੇ ਗੋਦੀ ਮੀਡੀਆ ਇਕ ਮਰਾਸੀ ਹੈ ਉਹਨਾਂ ਨੇ ਆਪਣੇ ਜਜਮਾਨਾਂ ਲਈ ਬੋਲਣਾ ਹੈ ਗ਼ਲਤ ਹੋਵੇ ਚਾਹੇ ਸਹੀ।

ਕਿਸਾਨਾਂ ਦੀ ਟਰੈਕਟਰ ਰੈਲੀ ਉੱਤੇ ਜਨਤਾ ਵੱਲੋਂ ਫੁੱਲ ਵਰਸਾਏ ਜਾ ਰਹੇ ਸਨ ਉਹ ਗੋਦੀ ਮੀਡੀਆ ਤੇ ਪ੍ਰਸਾਰ ਭਾਰਤੀ ਦੇ ਦੂਰਦਰਸ਼ਨ ਵਿਭਾਗ ਨੂੰ ਦਿਖਾਈ ਹੀ ਨਹੀਂ ਦਿੱਤੇ।ਸੰਯੁਕਤ ਮੋਰਚੇ ਨੂੰ ਢਾਹ ਲਾਉਣ ਲਈ ਕੱਲ੍ਹ ਗੋਦੀ ਮੀਡੀਆ ਨੇ ਕੋਈ ਕਸਰ ਬਾਕੀ ਨਹੀਂ ਛੱਡੀ।ਸੱਚ ਸੱਚ ਹੀ ਹੁੰਦਾ ਹੈ ਜੋ ਸਾਡੇ ਭਾਰਤ ਦੇ ਕਿਸਾਨ ਮੁਖੀਆਂ ਨੇ ਕਰਕੇ ਵਿਖਾਇਆ,ਜਿਸ ਦੀ ਪੂਰੀ ਤਸਵੀਰ ਦਿੱਲੀ ਨਿਵਾਸੀਆਂ ਤੇ ਅੰਤਰਰਾਸ਼ਟਰੀ ਮੀਡੀਆ ਕੋਲ ਮੌਜੂਦ ਹੈ।ਸ਼ਾਂਤਮਈ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਲਾਲ ਕਿਲ੍ਹਾ ਤੇ ਹੋਏ ਸਰਕਾਰੀ ਡਰਾਮੇ ਨੂੰ ਫ਼ਿਲਮਾਉਣ ਲਈ ਗੋਦੀ ਮੀਡੀਆ ਪਹਿਲਾਂ ਤੋਂ ਹੀ ਹਾਜ਼ਰ ਸੀ,ਨਿਰਮਾਤਾ ਅਮਿਤ ਸ਼ਾਹ ਨੇ ਇਸ ਦੇ ਹੀਰੋ ਤੇ ਹੋਰ ਮੁੱਖ ਅਦਾਕਾਰਾਂ ਨੂੰ ਸ਼ਾਬਾਸ਼ ਦਾ ਥਾਪੜਾ ਜ਼ਰੂਰ ਦਿੱਤਾ ਹੋਵੇਗਾ।

ਸਰਕਾਰੀ ਮਰਾਸੀਆਂ ਨੇ ਜੋ ਰਾਸ ਲੀਲਾ ਕੀਤੀ ਹੈ ਉਸ ਨਾਲ ਜਨ ਮੋਰਚੇ ਨੂੰ ਥੋੜ੍ਹਾ ਕੁ ਧੱਕਾ ਜ਼ਰੂਰ ਲੱਗਿਆ ਹੈ ਪਹਿਲਾਂ ਮੀਟਿੰਗ ਵਿਚ ਜਾ ਕੇ ਜਿਸ ਤਰ੍ਹਾਂ ਸਾਡੇ ਜਨ ਮੋਰਚਾ ਮੁਖੀ ਬਿਲ ਰੱਦ ਕਰੋ ਮੰਗ ਨੂੰ ਲੈ ਕੇ ਹਿੱਕ ਦੇ ਜ਼ੋਰ ਤੇ ਬੋਲਦੇ ਸਨ,ਉਸ ਸੁਰ ਨੂੰ ਮੱਧਮ ਪਾਉਣ ਲਈ ਸਰਕਾਰ ਕੋਲ ਇਕ ਕੰਮ ਚਲਾਊ ਜਿਹਾ ਬਹਾਨਾ ਜ਼ਰੂਰ ਆ ਗਿਆ ਹੈ।ਕਿਸੇ ਵੀ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਸਰਕਾਰਾਂ ਅਜਿਹਾ ਤਾਣਾ ਪੇਟਾ ਬੁਣਦੀਆਂ ਹੀ ਰਹਿੰਦੀਆਂ ਹਨ,ਪਰ ਇਤਿਹਾਸ ਫੋਲ ਕੇ ਵੇਖੋ ਜਿੱਤ ਹਮੇਸ਼ਾ ਸੱਚ ਦੀ ਹੀ ਹੁੰਦੀ ਹੈ।ਜਨ ਮੋਰਚੇ ਦੇ ਮੁਖੀਆਂ ਕੋਲ ਹਰ ਪੱਧਰ ਤੇ ਗੱਲਬਾਤ ਕਰਨ ਦਾ ਬਹੁਤ ਵੱਡਾ ਭੰਡਾਰ ਹਮੇਸਾ ਮੌਜੂਦ ਹੁੰਦਾ ਹੈ ਹੁਣ ਹੋਰ ਆਪਣੇ ਸ਼ਬਦਾਂ ਨੂੰ ਤਿੱਖਾ ਕਰਕੇ ਮੀਡੀਆ ਤੇ ਸਰਕਾਰ ਦੇ ਸਾਹਮਣੇ ਖੜ੍ਹੇ ਹੋਣਗੇ।ਬਜਟ ਸੈਸ਼ਨ ਆ ਰਿਹਾ ਹੈ ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਸੁਰਾਂ ਦਾ ਵੀ ਪਤਾ ਲੱਗ ਜਾਵੇਗਾ।

ਕਿਉਂਕਿ ਸਰਕਾਰਾਂ ਅਸੀਂ ਹੀ ਚੁਣਦੇ ਹਾਂ,ਜਨ ਮੋਰਚੇ ਨੂੰ ਜਿੱਤ ਜ਼ਰੂਰ ਮਿਲੇਗੀ ਬੇਸ਼ੱਕ ਚਾਲ ਥੋੜੀ ਮੱਠੀ ਹੋ ਜਾਵੇ।ਬੰਬਈ ਦੇ ਆਜ਼ਾਦ ਮੈਦਾਨ ਵਿੱਚ ਨੰਗੇ ਪੈਰੀਂ ਆ ਕੇ ਕਿਸਾਨਾਂ ਨੇ ਆਪਣੇ ਹੱਕਾਂ ਲਈ ਬਹੁਤ ਭਾਰੀ ਇਕੱਠ ਕਰਕੇ ਦੱਸ ਦਿੱਤਾ ਹੈ ਕਿ ਸਾਰੇ ਭਾਰਤ ਦੇ ਮਜ਼ਦੂਰ ਤੇ ਕਿਸਾਨ ਇਕ ਹਨ।ਉੱਥੋਂ ਦੀ ਰਾਜਨੀਤਕ ਪਾਰਟੀ ਦੇ ਮੁਖੀ ਨੇ ਗਵਰਨਰ ਸਾਹਿਬ ਨੂੰ ਬਹੁਤ ਸੋਹਣੀ ਗੱਲ ਤੋਲ ਕੇ ਕਹੀ ਹੈ,ਕਿ ਜਨਾਬ ਕੰਗਨਾ ਨੂੰ ਮਿਲਣ ਲਈ ਤੁਹਾਡੇ ਕੋਲ ਖੁੱਲ੍ਹਾ ਸਮਾਂ ਹੁੰਦਾ ਹੈ ਕਿਸਾਨ ਤੁਹਾਡੇ ਦਰਵਾਜ਼ੇ ਤੇ ਆਏ ਸੀ ਤੁਸੀਂ ਆਪਣਾ ਘਰ ਛੱਡ ਕੇ ਹੀ ਭੱਜ ਗਏ ਇਹ ਕਿੱਥੋਂ ਦਾ ਲੋਕਰਾਜ ਹੈ।

ਜਨ ਮੋਰਚੇ ਵਾਲੇ ਸਾਡੇ ਬਜ਼ੁਰਗੋ ਭੈਣੋਂ ਭਰਾਵੋ ਬੇਟੇ ਤੇ ਬੇਟੀਓ ਆਪਣੇ ਮੋਰਚੇ ਤੇ ਡਟੇ ਰਹੋ ਅਜਿਹੇ ਡਰਾਮੇਬਾਜ਼ ਨਕਲਾਂ ਕਰਨ ਲਈ ਆਉਂਦੇ ਜਾਂਦੇ ਹੀ ਰਹਿੰਦੇ ਹਨ,ਜਿਸ ਦਿਨ ਇਹ ਮੋਰਚਾ ਸ਼ੁਰੂ ਕੀਤਾ ਗਿਆ ਸੀ ਇਨਕਲਾਬ ਸੁਨਹਿਰੀ ਅੱਖਰਾਂ ਵਿੱਚ ਕੰਧ ਉੱਤੇ ਲਿਖਿਆ ਹੋਇਆ ਸੀ,ਜਿਸ ਤੋਂ ਡਰਦੀ ਸਰਕਾਰ ਗ਼ਲਤ ਮਲਤ ਤਰੀਕੇ ਅਪਣਾ ਰਹੀ ਹੈ।”ਬਰਬਾਦ ਗੁਲਿਸਤਾਂ ਕਰਨੇ ਕੋ,ਬਸ ਏਕ ਹੀ ਉੱਲੂ ਕਾਫ਼ੀ ਥਾ। ਹਰ ਸ਼ਾਖ ਪੇ ਉੱਲੂ ਬੈਠਾ ਹੈ,ਅੰਜਾਮ ਏ ਗੁਲਿਸਤਾਂ ਕਿਆ ਹੋਗਾ।”

ਸਾਡੀ ਸਰਕਾਰ ਦੀ ਬੱਸ ਇਹੋ ਹੀ ਨੀਤੀ ਹੈ।ਪਰ ਸਾਡਾ ਹਮੇਸ਼ਾ ਇਹੋ ਹੀ ਨਾਅਰਾ ਰਿਹਾ ਹੈ “ਸਰ ਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ ਦੇਖਣਾ ਹੈ ਕਿਤਨਾ ਜ਼ੋਰ ਬਾਜ਼ੂ ਏ ਕਾਤਿਲ ਮੇਂ ਹੈ” ਡਰਾਮੇ ਬਾਜਾ ਦਾ ਡਰਾਮਾ ਖਤਮ ਹੋ ਚੁੱਕਿਆ ਹੈ ਉਸ ਤੋਂ ਜਿੱਤ ਦੇ ਤਰਾਨੇ ਹੀ ਗਾਏ ਜਾਂਦੇ ਹਨ।ਜੋ ਜਲਦੀ ਹੀ ਪੂਰੀ ਦੁਨੀਆਂ ਦੇ ਅਸਮਾਨ ਵਿੱਚ ਗੂੰਜਣਗੇ।ਮੈਂ ਇਹ ਰਚਨਾ ਲਿਖ ਹੀ ਰਿਹਾ ਸੀ ਮੇਰੇ ਪਿਆਰੇ ਦੋਸਤ ਗਾਇਕ ਤੇ ਗੀਤਕਾਰ ਦਾ ਫੋਨ ਆ ਗਿਆ ਜਦੋਂ ਮੈਂ ਉਸ ਨਾਲ ਗੱਲ ਸਾਂਝੀ ਕੀਤੀ ਉਸ ਨੇ ਕੁਝ ਕੁ ਸ਼ਬਦਾਂ ਵਿੱਚ ਜਵਾਬ ਦਿੱਤਾ ਜੋ ਤੁਹਾਡੇ ਨਾਲ ਉਨ੍ਹਾਂ ਵੱਲੋਂ ਬੋਲੇ ਸ਼ਬਦਾਂ ਦੀਆਂ ਕੁਝ ਲਾਈਨਾਂ ਸਾਂਝੀਆਂ ਕਰ ਰਿਹਾ ਹਾਂ।

ਦਲ਼ ਦੇਣ ਸਕੀਮਾਂ, ਮਿਹਨਤਾਂ ਨੂੰ,
ਆਉਂਦੇ ਜਿੱਥੇ ਵੀ ਨੇ ਵਿਚਕਾਰ ਦੱਲੇ।

‘ਢੱਠੇ ਖੂਹ ਵਿੱਚ’ ਸਮਝਣ ਭਾਈਚਾਰਾ,
ਬੱਸ ‘ਬੁਰਕੀ ‘ਤੇ ਸਿੱਟਦੇ ਲਾਰ’ ਦੱਲੇ।

ਪਾਉਂਦੇ ਰਹਿਣ ਅੜਿੱਕੇ ਨਿੱਜੀ ਹਿੱਤ ਖਾਤਰ,
ਕੰਮ ਹੋਣ ਨਾ ਦੇਵਣ ਪਾਰ ਦੱਲੇ।

ਅੰਤ ਜ਼ਾਹਿਰ ਕਰ ਔਕਾਤ ਦਿੰਦੇ,
‘ ਛਕ ਫੂਕ ਤਾਈਂ’ ਹਰ ਵਾਰ ਦੱਲੇ।

ਘੜਾਮੇਂ ਵਾਲ਼ਿਆ ਜਦੋਂ ਵੀ ਭੇਤ ਖੁੱਲ੍ਹੇ,
‘ ਉੱਤੇ ਲੱਤਾਂ ਨਾ ਝੱਲਦੇ ਭਾਰ’ ਦੱਲੇ।

ਫੇਰ ‘ਚੱਡਿਆਂ ਦੇ ਵਿੱਚ ਪੂੰਛ ਦੇ ਕੇ’,
ਖੂੰਜੇ ਲੱਗ ਜਾਂਦੇ ਆਖਿਰਕਾਰ ਦੱਲੇ।
ਰੋਮੀ ਘੜਾਮੇਂ ਵਾਲ਼ਾ।

ਜਨ ਮੋਰਚੇ ਨੂੰ ਫੇਲ੍ਹ ਕਰਨ ਲਈ ਜੋ ਘਟੀਆ ਕਾਰਵਾਈ ਕੀਤੀ ਗਈ ਇਹ ਸ਼ਬਦ ਪੂਰੀ ਉਸ ਦੀ ਤਸਵੀਰ ਦੱਸਦੇ ਹਨ।ਬਹੁਤ ਜਲਦੀ ਅਗਲਾ ਮੇਰਾ ਲੇਖ ਆਪਣੀ ਸਾਰਥਕ ਜਿੱਤ ਦੇ ਆਧਾਰਤ ਹੋਵੇਗਾ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।

ਰਮੇਸ਼ਵਰ ਸਿੰਘ

ਸੰਪਰਕ ਨੰਬਰ-9914880392

Previous articleਗਿਣਿਆ ਮਿੱਥਿਆ ਡਰਾਮਾ
Next articleFarmer protest and the sarkari response