(ਸਮਾਜ ਵੀਕਲੀ)
ਸ਼੍ਰੋਮਣੀ ਅਕਾਲੀ ਦਲ ਦੀ ਹਮੇਸ਼ਾਂ ਇਹ ਤਰਾਸਦੀ ਰਹੀ ਹੈ ਕਿ ਇਸ ਦੇ ਪਰਚਾਰ ਵਿਭਾਗ ਨੇ ਪਰਚਾਰ ਦੇ ਲੋੜੀਂਦੇ ਸਾਧਨ ਨਾਂ ਹੋਣ ਕਰਕੇ ਹਮੇਸ਼ਾਂ ਹੀ ਪਾਰਟੀ ਦੀਆ ਨੀਤੀਆਂ ਤੇ ਪਰੋਗਰਾਮਾਂ ਨੂੰ ਪਰਚਾਰਨ ਵਿਚ ਹਮੇਸ਼ਾਂ ਹੀ ਕੋਈ ਸਫਲਤਾ ਹਾਸਲ ਨਹੀਂ ਕੀਤੀ। ਇਸ ਲਈ ਅਕਾਲੀ ਦਲ ਕਿਸੇ ਵੀ ਮੋਰਚੇ ਜਾਂ ਜਦੋਜਹਿਦ ਵਿਚ ਕੇਂਦਰ ਸਰਕਾਰ ਦੀਆਂ ਪੰਜਾਬ ਮਾਰੂ ਨੀਤੀਆਂ ਦਾ ਸ਼ਿਕਾਰ ਹੋ ਕੇ ਸਰਕਾਰ ਵਿਰੁਧ ਆਰੰਭ ਕੀਤੀ ਆਪਣੀ ਜਦੋਜਹਿਦ ਵਿਚ ਕੋਈ ਖਾਸ ਪਰਾਪਤੀ ਨਹੀਂ ਕਰ ਸਕਿਆ।
ਇਹੋ ਹੀ ਕਾਰਣ ਸੀ ਕਿ ਕੇਂਦਰ ਸਰਕਾਰ ਵਲੋਂ ਦਿਲੀ ਸਿੱਖ ਗੁਰੂਦੁਆਰਾ ਪਰਬੰਧਕ ਕਮੇਟੀ ਭੰਗ ਕਰਨ ਦੀ ਕਾਰਵਾਈ ਨੂੰ ਸ਼੍ਰੋਮਣੀ ਅਕਾਲੀ ਦਲ ਦੁਨੀਆਂ ਦੇ ਲੋਕਾਂ ਵਿਚ ਚੰਗੀ ਤਰਾਂ ਪਰਚਾਰ ਨਹੀਂ ਸਕਿਆ ਜਿਸ ਕਾਰਣ ਅਕਾਲੀ ਦਲ ਨੂੰ ਲੋਕਾਂ ਦੀ ਸਰਕਾਰ ਦੀ ਇਸ ਧਕੇਸ਼ਾਹੀ ਵਿਰੁਧ ਹਿਮਾਇਤ ਹਾਸਲ ਕਰਨ ਵਿਚ ਕਾਫੀ ਸਮਾਂ ਲਗਾ। ਜਿਸ ਕਾਰਣ ਅਕਾਲੀ ਦਲ ਦੀ ਸ਼ਕਤੀ ਦਾ ਬਹੁਤ ਨੁਕਸਾਨ ਹੋਇਆ।
ਉਸ ਵਕਤ ਭਾਰਤ ਪਾਕਿਸਤਾਨ ਦੇ ਆਪਸੀ ਸਬੰਧ ਸੁਖਾਵੇਂ ਨਾ ਹੋਣ ਕਾਰਣ ਲਾਹੌਰ ਰੇਡੀਉ ਦਾ ਦੇਸ਼ ਪੰਜਾਬ ਪਰੋਗਰਾਮ ਆਪਣੇ ਪਰੋਗਰਾਮ ਦੇ ਪੂਰੇ ਸਮੇਂ ਲਈ ਅਕਾਲੀ ਦਲ ਦੀਆਂ ਮੰਗਾਂ ਬਾਰੇ ਜਿਥੇ ਜਿਕਰ ਕਰਦਾ ਰਹਿੰਦਾ ਸੀ ਉਥੇ ਭਾਰਤ ਅੰਦਰ ਕੇਂਦਰ ਦੀ ਸਰਕਾਰ ਵਲੋਂ ਸਿੱਖ ਕੌਮ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਨੂੰ ਵਧਾ ਚੜਾ ਕੇ ਪੇਸ਼ ਕਰਦਾ ਰਹਿੰਦਾ ਸੀ। ਭਾਰਤ ਸਰਕਾਰ ਵਲੋਂ ਭਾਵੇਂ ਪਾਕਿਸਤਾਨ ਸਰਕਾਰ ਦਾ ਕੋਈ ਵੀ ਰੇਡੀਉ ਪਰੋਗਰਾਮ ਸੁਣਨ ਉਤੇ ਮੁਕੰਮਲ ਪਾਬੰਧੀ ਸੀ ਪਰ ਲੋਕ ਚੋਰੀ ਛੁਪੇ ਇਸ ਪਰੋਗਰਾਮ ਨੂੰ ਪੂਰੀ ਦਿਲਚਸਪੀ ਨਾਲ ਹਮੇਸ਼ਾਂ ਸੁਣਦੇ ਰਹਿੰਦੇ ਸਨ ਜਿਸ ਕਾਰਣ ਲੋਕਾਂ ਨੂੰ ਕਾਫੀ ਜਾਣਕਾਰੀ ਮਿਲਦੀ ਰਹਿੰਦੀ ਸੀ।
ਜਿਸ ਵਕਤ ਦਿੱਲੀ ਵਿਚ ਅਕਾਲੀ ਦਲ ਦਾ ਕੇਂਦਰ ਸਰਕਾਰ ਵਿਰੁਧ ਮੋਰਚਾ ਸ਼ੁਰੂ ਹੋਇਆ ਤਾਂ ਕਿਸੇ ਵੀ ਰੋਜਾਨਾ ਅਖਬਾਰ ਨੇ ਅਕਾਲੀ ਦਲ ਦੀਆਂ ਮੰਗਾਂ ਦੀ ਹਿਮਾਇਤ ਵਿਚ ਨਹੀਂ ਲਿਖਿਆ। ਉਸ ਵਕਤ ਜੇਲ ਅੰਦਰ ਬੈਠੀ ਅਕਾਲੀ ਲੀਡਰਸ਼ਿਪ ਨੂੰ ਇਸ ਗਲ ਦਾ ਅਹਿਸਾਸ ਹੋਇਆ ਕਿ ਅਕਾਲੀ ਦਲ ਨੂੰ ਇਕ ਰੋਜਾਨਾ ਅਖਬਾਰ ਪਰਕਾਸ਼ਤ ਕਰਨ ਦੀ ਬਹੁਤ ਲੋੜ ਹੈ। ਜਦ ਅਕਾਲੀਆ ਦਾ ਇਹ ਮੋਰਚਾ ਪੂਰੀ ਤਰਾਂ ਭਖ ਗਿਆ ਤਾਂ ਅੰਗਰੇਜੀ ਦੇ ਰੋਜਾਨਾ ਅਖਬਾਰ ਸਟੇਟਸਮੈਨ ਦੇ ਉਸ ਵੇਲੇ ਦੇ ਸੰਪਾਦਕ ਕੁਲਦੀਪ ਨਈਅਰ ਨੇ ਅਕਾਲੀ ਦਲ ਦੀਆ ਮੰਗਾਂ ਦੀ ਹਿਮਾਇਤ ਵਿਚ ਇਕ ਐਡੀਟੋਰੀਅਲ ਨੋਟ ਲਿਖਿਆ ਜਿਸ ਨਾਲ ਅਕਾਲੀ ਦਲ ਨੂੰ ਕਾਫੀ ਤਾਕਤ ਮਿਲੀ। ਉਸ ਵਕਤ ਕੁਲਦੀਪ ਨਈਅਰ ਬਾਰੇ ਕੋਈ ਜਾਣਕਾਰੀ ਨਾ ਹੋਣ ਕਰਕੇ ਮੈਂ ਕੁਲਦੀਪ ਨਈਅਰ ਦੇ ਇਸ ਐਡੀਟੋਰੀਅਲ ਬਾਰੇ ਸੀਨੀਆਰ ਅਕਾਲੀ ਲੀਡਰਾਂ ਨੂੰ ਜਦ ਪੁਛ ਗਿਛ ਕੀਤੀ ਕਿ ਕੁਲਦੀਪ ਨਈਅਰ ਵਾਂਗ ਦੂਸਰੇ ਅਖਬਾਰਾਂ ਦੇ ਐਡੀਟਰਾਂ ਨੇ ਅਕਾਲੀ ਮੋਰਚੇ ਦੀ ਹਿਮਾਇਤ ਵਿਚ ਕਿਉਂ ਕੁਝ ਨਹੀਂ ਲਿਖਿਆਂ। ਮੈਂਨੂੰ ਦਸਿਆ ਗਿਆ ਕਿ ਕਿਉਂਕਿ ਕੁਲਦੀਪ ਨਈਅਰ ਪੰਜਾਬੀ ਹੋਣ ਕਰਕੇ ਅਤੇ ਪੰਜਾਬ ਦੇ ਸਾਬਕਾ ਮੁਖ ਮੰਤਰੀ ਸ੍ਰੀ ਭੀੰਮ ਸੈਨ ਸੱਚਰ ਦਾ ਜਵਾਈ ਹੋਣ ਕਰਕੇ ਸਿੱਖ ਭਾਈਚਾਰੇ ਨਾਲ ਕੇਂਦਰ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਬਾਰੇ ਪੂਰੀ ਜਾਣਕਾਰੀ ਰਖਦਾ ਹੈ ਇਸ ਲਈ ਉਸਨੇ ਆਪਣੀ ਜੁਮੇਵਾਰੀ ਨੂੰ ਮਹਿਸੂਸ ਕਰਦਿਆ ਅਕਾਲੀ ਮੋਰਚੇ ਦੇ ਹੱਕ ਵਿਚ ਇਹ ਐਡੀਟੋਰੀਅਲ ਲਿਖਿਆ ਹੈ।
ਜੇਲ ਵਿਚ ਬੈਠੇ ਸਾਰੇ ਅਕਾਲੀ ਆਗੂ ਕੁਲਦੀਪ ਨਈਅਰ ਦੇ ਇਸ ਸਟੈਂਡ ਲਈ ਉਸ ਦੀਆਂ ਸਿਫਤਾਂ ਕਰਦੇ ਨਹੀਂ ਸਨ ਥਕਦੇ । ਉਧਰ ਰੇਡੀਉ ਲਾਹੌਰ ਦਾ ਪਰੋਗਰਾਮ ਦੇਸ਼ ਪੰਜਾਬ ਪੂਰੇ ਜੋਰ ਸ਼ੋਰ ਨਾਲ ਭਾਰਤ ਅੰਦਰ ਸਿੱਖ ਕੌਮ ਨਾਲ ਹੋ ਰਹੀਆਂ ਵਧੀਕੀਆਂ ਨੂੰ ਵਧਾ ਚੜਾ ਕੇ ਪੇਸ਼ ਕਰਨ ਲਈ ਅੱਡੀ ਚੋਟੀ ਦਾ ਜੋਰ ਲਗਾ ਰਿਹਾ ਸੀ। ਲੇਕਿਨ ਮੇਰੀ ਜਾਣਕਾਰੀ ਸੀਮਤ ਹੋਣ ਕਰਕੇ ਮੈਨੂੰ ਇਸ ਗਲ ਦਾ ਪਤਾ ਨਹੀਂ ਸੀ ਲਗਦਾ ਕਿ ਆਖਿਰ ਰੇਡੀਉ ਲਾਹੌਰ ਦੀ ਜਾਣਕਾਰੀ ਦੇ ਸਾਧਨ ਕੀ ਸਨ। ਇਹਨਾਂ ਦਿਨਾਂ ਵਿਚ ਦਿੱਲੀ ਵਿਚ ਗਿਆਨੀ ਭਜਨ ਸਿੰਘ ਜੀ ਦੀ ਦੇਖ ਰੇਖ ਹੇਠਾਂ ਪੰਜਾਬੀ ਦਾ ਇਕ ਰੋਜਾਨਾ ਅਖਬਾਰ “ਨਤੀਜਾ” ਦੀ ਪਰਕਾਸ਼ਨਾ ਆਰੰਭ ਹੋ ਗਈ।
ਇਸ ਦੀ ਪਰਕਾਸ਼ਨਾਂ ਤੇ ਮੈਟਰ ਦੇਖ ਕਿ ਇਸ ਤਰਾਂ ਮਹਿਸੂਸ ਹੁੰਦਾ ਸੀ ਕਿ ਇਹ ਅਖਬਾਰ ਕੇਵਲ ਥੋੜੇ ਚਿਰ ਲਈ ਸ਼ੁਰੂ ਕੀਤਾ ਗਿਆ ਸੀ। ਲਗਭਗ ਇਸ ਅਖਬਾਰ ਵਿਚ ਛਪਣ ਵਾਲੀਆਂ ਕਾਫੀ ਖਬਰਾਂ ਜੇਲ ਵਿਚੋਂ ਮੇਰੇ ਵਲੌ ਵਖ ਵਖ ਅਕਾਲੀ ਲੀਡਰਾਂ ਦੇ ਬਿਆਨਾਂ ਤੇ ਅਧਾਰਤ ਖਬਰਾਂ ਹੁੰਦੀਆਂ ਸਨ। ਮੇਰੀ ਹੈਰਾਨਗੀ ਦੀ ਉਸ ਵਕਤ ਕੋਈ ਹਦ ਨਹੀਂ ਸੀ ਰਹਿੰਦੀ ਜਦੋਂ ਮੁਲਾਕਾਤ ਲਈ ਆਏ ਹੋਏ ਲੋਕ ਸਾਨੂੰ ਇਹ ਗਲ ਦਸਦੇ ਸਨ ਕਿ ਕਲ ਰਾਤ ਲਾਹੌਰ ਰੇਡੀਉ ਤੋਂ “ਨਤੀਜਾ” ਅਖਬਾਰ ਵਿਚ ਪਰਕਾਸ਼ਤ ਤੁਹਾਡੀ ਖਬਰ ਦਾ ਹਵਾਲਾ ਦੇ ਕਿ ਇਹ ਦਸਣ ਦਾ ਯਤਨ ਕੀਤਾ ਗਿਆ ਸੀ ਕਿ ਭਾਰਤ ਦੀ ਕੇਂਦਰ ਸਰਕਾਰ ਕਿਸ ਤਰਾਂ ਸਿੱਖਾਂ ਨਾਲ ਸਲੂਕ ਕਰ ਰਹੀ ਹੈ।
ਲੇਕਿਨ ਇਹ ਗਲ ਉਸ ਵਕਤ ਮੇਰੀ ਸਮਝ ਤੋਂ ਬਾਹਰ ਸੀ ਕਿ ਆਖਿਰ ਲਾਹੌਰ ਰੇਡੀਉ ਇਹ ਸਾਰੀ ਜਾਣਕਾਰੀ ਕਿਸ ਤਰਾਂ ਪਰਾਪਤ ਕਰਦਾ ਹੈ ਕਿਉਕਿ ਸੰਚਾਰ ਸਾਧਨਾਂ ਦੀ ਘਾਟ ਕਾਰਣ ਇਹ ਕੰਮ ਇਤਨਾ ਅਸਾਨ ਨਹੀਂ ਸੀ। ਉਧਰ ਇਕ ਪਾਸੇ ਨਤੀਜਾ ਅਖਬਾਰ ਵਿਚ ਅਕਾਲੀ ਲੀਡਰਾਂ ਦੇ ਸਰਕਾਰ ਵਿਰੋਧੀ ਬਿਆਨ ਛਪਦੇ ਸਨ ਤੇ ਦੂਸਰੇ ਦਿਨ ਸ਼ਾਮ ਨੂੰ ਲਾਹੌਰ ਰੇਡੀਉ ਦੇ ਦੇਸ ਪੰਜਾਬ ਪਰੋਗਰਾਮ ਵਿਚ ਇਹਨਾਂ ਅਕਾਲੀ ਲੀਡਰਾਂ ਦੇ ਬਿਆਨਾਂ ਦਾ ਹਵਾਲਾ ਦੇ ਕਿ ਇਹ ਰੇਡੀਉ ਸਟੇਸ਼ਨ ਦੁਨੀਆਂ ਦੇ ਲੋਕਾਂ ਨੂੰ ਦਸ ਰਿਹਾ ਹੁੰਦਾ ਸੀ ਕਿ ਭਾਰਤ ਵਿਚ ਸਿੱਖ ਕੌਮ ਨਾਲ ਕਿਸ ਤਰਾਂ ਮਤਰੇਈ ਮਾਂ ਵਰਗਾ ਸਰਕਾਰ ਸਲੂਕ ਕਰ ਰਹੀ ਹੈ।
ਜਦ ਮੈਂ ਲਾਹੌਰ ਰੇਡੀਉ ਦੇ ਇਸ ਪਰੋਗਰਾਮ ਦੇ ਜਾਣਕਾਰੀ ਪਰਾਪਤ ਕਰਨ ਦੇ ਸਾਧਨਾਂ ਬਾਰੇ ਸ: ਆਤਮਾ ਸਿੰਘ ਨਾਲ ਗਲ ਕੀਤੀ ਤਾਂ ਉਹਨਾਂ ਨੇ ਦਸਿਆ ਕਿ ਹੋ ਸਕਦਾ ਹੈ ਕਿ ਲਾਹੌਰ ਰੇਡੀਉ ਇਹ ਸਾਰੀ ਜਾਣਕਾਰੀ ਭਾਰਤ ਸਥਿਤ ਪਾਕਿਸਤਾਨੀ ਸਫਾਰਤਖਾਨੇ ਪਾਸੋਂ ਪਰਾਪਤ ਕਰਦਾ ਹੋਵੇ। ਖੈਰ ਲਾਹੌਰ ਰੇਡੀਉ ਦੇ ਇਹ ਸਾਧਨ ਕੁਝ ਵੀ ਹੁੰਦੇ ਹੋਣ ਇਸ ਰੇਡੀਉ ਪਰੋਗਰਾਮ ਨੇ ਭਾਰਤ ਸਰਕਾਰ ਦੇ ਸਿੱਖ ਵਿਰੋਧੀ ਰਵਈਏ ਨੂੰ ਪਰਚਾਰਨ ਲਈ ਅਹਿਮ ਭੂਮਿਕਾ ਨਿਭਾਈ ।