ਜਥੇਦਾਰ ਮੰਡ ਨੇ ਨਵੀਂ ‘ਸਿਟ’ ਰੱਦ ਕੀਤੀ

ਬਠਿੰਡਾ (ਸਮਾਜ ਵੀਕਲੀ): ਪੰਜਾਬ ਸਰਕਾਰ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਬਣਾਈ ਨਵੀਂ ‘ਸਿਟ’ ਨੂੰ ਸਰਬੱਤ ਖਾਲਸਾ ਦੇ ਜਥੇਦਾਰ ਧਿਆਨ ਸਿੰਘ ਮੰਡ ਨੇ ਮੁੱਢੋਂ ਰੱਦ ਕਰਦਿਆਂ ਕੈਪਟਨ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਜਥੇਦਾਰ ਧਿਆਨ ਸਿੰਘ ਮੰਡ ਨੇ ਇੱਥੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੀ ਨਵੀਂ ਜਾਂਚ ਟੀਮ ਨੂੰ ਕੋਈ ਵਿਅਕਤੀ ਸਹਿਯੋਗ ਨਹੀਂ ਕਰੇਗਾ ਅਤੇ ਕੋਈ ਵੀ ਗਵਾਹ ਜਾਂ ਸਿੱਖ ਆਗੂ ਜਾਂਚ ਟੀਮ ਕੋਲ ਬਿਆਨ ਦਰਜ ਨਹੀਂ ਕਰਵਾਏਗਾ। ਜੇ ਕਿਸੇ ਗਵਾਹ ਜਾਂ ਸਿੱਖ ਆਗੂ ਨੇ ਨਵੀਂ ਜਾਂਚ ਟੀਮ ਨੂੰ ਸਹਿਯੋਗ ਦਿੱਤਾ ਜਾਂ ਬਿਆਨ ਦਰਜ ਕਰਵਾਏ ਤਾਂ ਸਿੱਖ ਕੌਮ ਵਿੱਚ ਉਸ ਦੀ ਕੋਈ ਥਾਂ ਨਹੀਂ ਹੋਵੇਗੀ।

ਜਥੇਦਾਰ ਮੰਡ ਨੇ ਕਿਹਾ ਕਿ ਸਿੱਖ ਕੌਮ ਲੰਮੇ ਸਮੇਂ ਤੋਂ ਇਨਸਾਫ਼ ਦੀ ਲੜਾਈ ਲੜ ਰਹੀ ਹੈ ਪਰ ਸਮੇਂ ਦੀਆਂ ਸਰਕਾਰਾਂ ਦੋਸ਼ੀਆਂ ਨੂੰ ਬਚਾ ਰਹੀਆਂ ਹਨ। ਉਨ੍ਹਾਂ ਆਖਿਆ ਕਿ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਜਾਂਚ ਨਿਰਪੱਖ ਸੀ ਪਰ ਉਸ ਦੀ ਜਾਂਚ ਰਿਪੋਰਟ ਨੂੰ ਰੱਦ ਕਰ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕੇ ਦੀ ਸਹੁੰ ਚੁੱਕ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰ ਕੇ ਸੰਗਤ ਨਾਲ ਵਿਸ਼ਵਾਸਘਾਤ ਕੀਤਾ ਹੈ। ਇਸ ਲਈ ਹੁਣ ਸਿੱਖ ਆਗੂ ਜਾਂਚ ਟੀਮਾਂ ਨੂੰ ਕੋਈ ਸਹਿਯੋਗ ਨਹੀਂ ਦੇਣਗੇ। ਉਨ੍ਹਾਂ ਦਾਅਵਾ ਕੀਤਾ ਕਿ ਬਰਗਾੜੀ ਮੋਰਚੇ ਦਾ ਦੂਜਾ ਪੜਾਅ ਇਨਸਾਫ਼ ਹਾਸਲ ਕਰ ਕੇ ਹੀ ਰਹੇਗਾ। ਇਸ ਮੌਕੇ ਸੁਰਜੀਤ ਸਿੰਘ ਅਰਾਈਆਂਵਾਲਾ ਤੇ ਰਣਜੀਤ ਸਿੰਘ ਵੀ ਹਾਜ਼ਰ ਸਨ।

Previous articleਟੌਲ ਪਲਾਜ਼ਾ ਵਰਕਰਜ਼ ਯੂਨੀਅਨ ਦੇ ਆਗੂ ਵੱਲੋਂ ਆਤਮਦਾਹ ਦੀ ਕੋਸ਼ਿਸ਼
Next articleਸੋਨੀ ਵੱਲੋਂ ਨਰਸਾਂ ਤੇ ਡਾਕਟਰਾਂ ਦੀ ਭਰਤੀ ਕਰਨ ਦਾ ਐਲਾਨ