ਭਾਰਤੀ ਜਨਤਾ ਪਾਰਟੀ ਨੇ ਅੱਜ ਇੱਥੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਦਿਆਂ ਸੂਬੇ ਨੂੰ ਨਕਸਲ ਮੁਕਤ ਬਣਾਉਣ ਅਤੇ ਛੋਟੇ ਤੇ ਹਾਸ਼ੀਏ ’ਤੇ ਆਏ ਕਿਸਾਨਾਂ ਲਈ ਪੈਨਸ਼ਨ ਯੋਜਨਾ ਸ਼ੁਰੂ ਕਰਨ ਦਾ ਵਾਅਦਾ ਕੀਤਾ। ਇਸ ਕਬਾਇਲੀ ਸੂਬੇ ’ਚ ਲਗਾਤਾਰ ਚੌਥੀ ਜਿੱਤ ਦਰਜ ਕਰਨ ਦੀ ਕੋਸ਼ਿਸ਼ ’ਚ ਲੱਗੀ ਭਾਜਪਾ ਨੇ ਨਾਲ ਹੀ ਸੂਬੇ ਵਿੱਚ ਮਲਟੀਸਪੈਸ਼ਲਟੀ ਹਸਪਤਾਲ ਖੋਲ੍ਹਣ ਦਾ ਵੀ ਭਰੋਸਾ ਦਿਵਾਇਆ
ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਮੁੱਖ ਮੰਤਰੀ ਰਮਨ ਸਿੰਘ ਨੇ 12 ਨਵੰਬਰ ਨੂੰ ਹੋਣ ਵਾਲੀਆਂ ਪਹਿਲੇ ਗੇੜ ਦੀਆਂ ਚੋਣਾਂ ਤੋਂ ਦੋ ਦਿਨ ਪਹਿਲਾਂ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਸ੍ਰੀ ਸ਼ਾਹ ਨੇ ਕਿਹਾ ਕਿ ਪਿਛਲੇ 15 ਸਾਲਾਂ ਦੌਰਾਨ ਰਮਨ ਸਿੰਘ ਦੀ ਅਗਵਾਈ ਹੇਠ ਭਾਜਪਾ ਨੇ ਛੱਤੀਸਗੜ੍ਹ ਦੀ ਕਾਇਆ ਕਲਪ ਕੀਤੀ ਹੈ ਤੇ ਉਹ ਹੁਣ ਸੂਬੇ ਨੂੰ ਖੁਸ਼ਹਾਲੀ ਦੇ ਰਾਹ ’ਤੇ ਲਿਜਾਣਗੇ। ਭਾਜਪਾ ਮੁਖੀ ਨੇ ਛੱਤੀਸਗੜ੍ਹ ਨੂੰ ਨਕਸਲ ਮੁਕਤ ਕਰਨ ’ਤੇ ਰਮਨ ਸਿੰਘ ਸਰਕਾਰ ਦੀ ਪਿੱਠ ਥਾਪੜਦਿਆਂ ਕਿਹਾ ਕਿ ਕਾਂਗਰਸ ਨਕਸਲੀਆਂ ਨੂੰ ਕ੍ਰਾਂਤੀਕਾਰੀ ਦਸ ਰਹੀ ਹੈ ਤੇ ਇਸ ਨਾਲ ਸੂਬੇ ਦਾ ਭਲਾ ਨਹੀਂ ਹੋਣ ਵਾਲਾ। ਉਨ੍ਹਾਂ ਸੂਬੇ ਵਿੱਚ ਚੌਥੀ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਦਾ ਦਾਅਵਾ ਕਰਦਿਆਂ ਕਿਹਾ ਕਿ ਰਮਨ ਸਿੰਘ ਸਰਕਾਰ ਨੇ ਸੂਬੇ ’ਚੋਂ ਨਕਸਲਵਾਦ ਦਾ ਤਕਰੀਬਨ ਮੁਕੰਮਲ ਸਫ਼ਾਇਆ ਕਰ ਦਿੱਤਾ ਹੈ।
ਇਸੇ ਦੌਰਾਨ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਰਾਹੁਲ ਗਾਂਧੀ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਕਾਂਗਰਸ ਮੁਖੀ ਸੂਬੇ ਦੇ ਲੋਕਾਂ ਲਈ ਮਨੋਰੰਜਨ ਦਾ ਸਾਧਨ ਹਨ ਤੇ ਉਨ੍ਹਾਂ ਦੀ ਮੁਹਿੰਮ ਨਾਲ ਕਾਂਗਰਸ ਦਾ ਆਪਣਾ ਹੀ ਨੁਕਸਾਨ ਹੋ ਹੋਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਗਾਂਧੀ ਨੂੰ ਛੱਤੀਸਗੜ੍ਹ ਬਾਰੇ ਕੁਝ ਵੀ ਪਤਾ ਨਹੀਂ ਹੈ ਅਤੇ ਉਨ੍ਹਾਂ ਦੀਆਂ ਰੈਲੀਆਂ ਨਾਲ ਕਾਂਗਰਸ ਨੂੰ ਕਿਸੇ ਕਿਸਮ ਕੋਈ ਲਾਭ ਨਹੀਂ ਹੋ ਸਕਦਾ।
INDIA ਛੱਤੀਸਗੜ੍ਹ ਨੂੰ ਨਕਸਲ ਮੁਕਤ ਸੂਬਾ ਬਣਾਵਾਂਗੇ: ਭਾਜਪਾ