ਛੱਤੀਸਗੜ੍ਹ ’ਚ ਧਮਾਕਾ; ਜਵਾਨ ਸਮੇਤ ਪੰਜ ਹਲਾਕ

ਦਾਂਤੇਵਾੜਾ ਜ਼ਿਲੇ ਵਿੱਚ ਬਾਰੂਦੀ ਸੁਰੰਗ ਧਮਾਕੇ ਨਾਲ ਕੀਤੇ ਗਏ ਇਕ ਹਮਲੇ ਵਿਚ ਸੀਆਈਐਸਐਫ ਦਾ ਇਕ ਜਵਾਨ ਤੇ ਚਾਰ ਨਾਗਰਿਕ ਮਾਰੇ ਗਏ। ਸ਼ੱਕ ਕੀਤਾ ਜਾਂਦਾ ਹੈ ਕਿ ਹਮਲਾ ਨਕਸਲੀਆਂ ਵੱਲੋਂ ਕੀਤਾ ਗਿਆ ਹੈ। ਐਸਪੀ ਦਾਂਤੇਵਾੜਾ ਅਭਿਸ਼ੇਕ ਪੱਲਵ ਨੇ ਦੱਸਿਆ ਕਿ ਹਮਲੇ ਵਿਚ ਸੀਆਈਐਸਐਫ ਦੇ ਦੋ ਜਵਾਨ ਜ਼ਖ਼ਮੀ ਹੋ ਗਏ ਹਨ। ਦਾਂਤੇਵਾੜਾ ਦੇ ਪਹਾੜੀ ਬਚੇਲੀ ਖੇਤਰ ਵਿਚ ਧਮਾਕਾ ਉਦੋਂ ਹੋਇਆ ਜਦੋਂ ਸੁਰੱਖਿਆ ਕਰਮੀ ਮੰਡੀ ’ਚੋਂ ਸਾਮਾਨ ਖਰੀਦ ਕੇ ਬੱਸ ਰਾਹੀਂ ਆਪਣੇ ਕੈਂਪ ਪਰਤ ਰਹੇ ਸਨ। ਮਰਨ ਵਾਲਿਆਂ ਵਿਚ ਧਮਾਕੇ ਦੀ ਜ਼ਦ ਵਿਚ ਆਈ ਬੱਸ ਦਾ ਡਰਾਈਵਰ, ਕੰਡਕਟਰ ਤੇ ਕਲੀਨਰ ਸ਼ਾਮਲ ਹਨ। ਛੱਤੀਸਗੜ੍ਹ ਵਿਚ 12 ਤੇ 20 ਨਵੰਬਰ ਨੂੰ ਦੋ ਪੜਾਵਾਂ ਵਿਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਪਹਿਲੇ ਗੇੜ ਦੀਆਂ ਚੋਣਾਂ ਨਕਸਲੀਆਂ ਦੇ ਪ੍ਰਭਾਵ ਹੇਠਲੇ ਬਸਤਰ ਖਿੱਤੇ ਵਿਚ ਕਰਾਈਆਂ ਜਾਣਗੀਆਂ।
ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾਂਤੇਵਾੜਾ ਤੋਂ 100 ਕਿਲੋਮੀਟਰ ਦੂਰ ਜਗਦਲਪੁਰ ਜ਼ਿਲੇ ਵਿਚ ਭਾਜਪਾ ਦੇ ਹੱਕ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਨਗੇ।
ਐਸਪੀ ਪੱਲਵ ਨੇ ਕਿਹਾ ਕਿ ਇਹ ਧਮਾਕਾ ਨਕਸਲੀਆਂ ਵਲੋਂ ਕੀਤਾ ਗਿਆ ਹੈ। ਹਮਲੇ ਵਿਚ ਮਾਰੇ ਗਏ ਸੀਆਈਐਸਐਫ ਜਵਾਨ ਦੀ ਪਛਾਣ ਹੈੱਡ ਕਾਂਸਟੇਬਲ ਡੀ ਮੁਖੋਪਾਧਿਆਏ, ਬੱਸ ਡਰਾਈਵਰ ਰਮੇਸ਼ ਪਟਕਰ, ਹੈਲਪਰ ਰੋਸ਼ਨ ਕੁਮਾਰ ਸਾਹੂ ਤੇ ਜੋਹਾਨ ਨਾਇਕ ਤੇ ਟਰੱਕ ਚਾਲਕ ਸੁਸ਼ੀਲ ਬੰਜਾਰੇ ਵਜੋਂ ਹੋਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਮਲੇ ਵਾਲੀ ਥਾਂ ’ਤੇ ਕੁਮਕ ਭੇਜੀ ਜਾ ਰਹੀ ਹੈ ਤੇ ਜ਼ਖ਼ਮੀਆਂ ਤੇ ਮ੍ਰਿਤਕਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਜਾ ਰਿਹਾ ਸੀ। ਸੁਰੱਖਿਆ ਦਸਤਿਆਂ ਨੇ ਬਾਗ਼ੀਆਂ ਖ਼ਿਲਾਫ਼ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਮਾਰਿਆ ਗਿਆ ਜਵਾਨ 502 ਬਟਾਲੀਅਨ ਦੀ ਬੀ ਕੰਪਨੀ ਨਾਲ ਸਬੰਧਤ ਸੀ ਜੋ ਚੋਣ ਡਿਊਟੀ ਲਈ ਕੋਲਕਾਤਾ ਤੋਂ ਦਾਂਤੇਵਾੜਾ ਭੇਜਿਆ ਗਿਆ ਸੀ।

Previous articleNo let-up in sanction of GST refunds: FinMin
Next articleਪੰਜਾਬ ਵਿਚ ‘ਹਰੀ ਦੀਵਾਲੀ’ ਮਨਾਉਣ ਦੇ ਸੱਦੇ ਨੂੰ ਹੁੰਗਾਰਾ