‘ਛੋਟੀਆਂ ਜਿੱਤਾਂ ਨਾਲ ਹੀ ਗ਼ਰੀਬੀ ਨੂੰ ਹਰਾ ਸਕਦੇ ਹਾਂ’

ਸਟਾਕਹੋਮ ਇਸ ਸਾਲ ਅਰਥਚਾਰੇ ਲਈ ਨੋਬੇਲ ਇਨਾਮ ਜਿੱਤਣ ਵਾਲੀਆਂ ਤਿੰਨ ਸ਼ਖ਼ਸੀਅਤਾਂ ਅਭਿਜੀਤ ਬੈਨਰਜੀ, ਐਸਟਰ ਡਫਲੋ ਤੇ ਮਾਈਕਲ ਕਰੈਮਰ ਨੂੰ ਇਸ ਪੱਕਾ ਯਕੀਨ ਹੈ ਕਿ ਗ਼ਰੀਬੀ ਤੇ ਗੁਰਬਤ ਨੂੰ ਇਕ ਵੱਡੀ ਲੜਾਈ (ਹੱਲੇ) ਦੇ ਰੂਪ ਵਿੱਚ ਨਹੀਂ ਬਲਕਿ ਲੜੀਵਾਰ ਛੋਟੀਆਂ ਜਿੱਤਾਂ ਨਾਲ ਹਰਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਲਮੀ ਪੱਧਰ ’ਤੇ ਗ਼ਰੀਬੀ ਨੂੰ ਘਟਾਉਣ ਲਈ ਯਤਨ ਵਿੱਢਣ ਮੌਕੇ ਉਨ੍ਹਾਂ ਇਹੀ ਪ੍ਰਯੋਗਿਕ ਰਸਾਈ ਅਪਣਾਈ ਸੀ। ਉਨ੍ਹਾਂ ਕਿਹਾ ਕਿ ਗ਼ਰੀਬੀ ਖ਼ਿਲਾਫ਼ ਲੜਾਈ ਕੈਂਸਰ ਨੂੰ ਖ਼ਤਮ ਕਰਨ ਲਈ ਵਿੱਢੀ ਲੜਾਈ ਵਾਂਗ ਹੈ। ਇਸ ਤਿੱਕੜੀ ਨੂੰ ਆਰਥਿਕ ਵਿਗਿਆਨ ਵਿੱਚ ਪਾਏ ਯੋਗਦਾਨ ਲਈ ਮੰਗਲਵਾਰ ਨੂੰ ਐਲਫਰੈਡ ਨੋਬੇਲ ਦੀ ਯਾਦ ਵਿੱਚ ਸ਼ੁਰੂ ਕੀਤਾ ਸਵਿਰਿਜਿਸ ਰਿਕਸਬੈਂਕਸ ਪੁਰਸਕਾਰ ਦਿੱਤਾ ਗਿਆ। ਡਫਲੋ ਨੇ ਆਪਣੇ ਸੰਬੋਧਨ ਵਿੱਚ ਕਿਹਾ, ‘ਅਸੀਂ ਇਕ ਅਜਿਹੀ ਮੁਹਿੰਮ ਦੀ ਨੁਮਾਇੰਦਗੀ ਕਰਦੇ ਹਾਂ, ਜੋ ਸਾਡੇ ਸਾਰਿਆਂ ਨਾਲੋਂ ਕਿਤੇ ਮੋਕਲੀ ਹੈ। ਅਸੀਂ ਮੰਨਦੇ ਹਾਂ ਕਿ ਇਸ ਪੁਰਸਕਾਰ ਨੇ ਨਾ ਸਿਰਫ਼ ਮੁਹਿੰਮ ਜ਼ਰੀਏ ਹਾਸਲ ਕੀਤੇ ਟੀਚੇ ਬਲਕਿ ਇਹ ਭਵਿੱਖ ਵਿੱਚ ਕੀ ਕਰ ਸਕਦੀ ਹੈ, ਨੂੰ ਵੀ ਪਛਾਣ ਦਿੱਤੀ। ਡਫਲੋ ਨੇ ਕਿਹਾ, ‘ਸਾਲ 1990 ਵਿੱਚ 19 ਲੱਖ ਲੋਕ ਅਤਿ ਦੀ ਗ਼ਰੀਬੀ ’ਚ ਜ਼ਿੰਦਗੀ ਜਿਊਂ ਰਹੇ ਸਨ। 88 ਲੱਖ ਬੱਚੇ ਅਜਿਹੇ ਸਨ, ਜਿਨ੍ਹਾਂ ਨੂੰ ਆਪਣਾ ਪਹਿਲਾ ਜਨਮਦਿਨ ਵੇਖਣਾ ਵੀ ਨਸੀਬ ਨਹੀਂ ਹੋਇਆ।’ ਉਂਜ ਡਫਲੋ ਨੇ ਆਪਣੀ ਤਕਰੀਰ ਵਿੱਚ ਉਨ੍ਹਾਂ ਦੇ ਕੰਮ ਦੀ ਹਮਾਇਤ ਕਰਨ ਵਾਲੇ ਲੋਕਾਂ ਤੇ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ। ਬੈਨਰਜੀ ਤੇ ਉਨ੍ਹਾਂ ਦੀ ਫਰੈਂਚ-ਅਮਰੀਕੀ ਪਤਨੀ ਡਫਲੋ, ਜੋ ਮਾਣਮਤੇ ਮੈਸੇਚਿਊਸਟਸ ਇੰਸਟੀਚਿਊਟ ਆਫ਼ ਤਕਨਾਲੋਜੀ ਵਿੱਚ ਕੰਮ ਕਰਦੇ ਹਨ, ਸਮਾਗਮ ਵਿੱਚ ਰਵਾਇਤੀ ਭਾਰਤੀ ਪੁਸ਼ਾਕਾਂ ਪਾ ਕੇ ਸ਼ਾਮਲ ਹੋਏ। ਤਿੰਨੋਂ ਅਰਥਸ਼ਾਸਤਰੀ ਪੁਰਸਕਾਰ ਤਹਿਤ ਮਿਲਣ ਵਾਲੀ ਨੌਂ ਮਿਲੀਅਨ ਸਵੀਡਿਸ਼ ਕਰੋਨਾ(ਲਗਪਪ 6.7 ਕਰੋੜ ਰੁਪਏ) ਦੀ ਰਾਸ਼ੀ ਨੂੰ ਆਪਸ ਵਿੱਚ ਸਾਂਝਿਆਂ ਕਰਨਗੇ। ਅਮਰੀਕੀ ਮੀਡੀਆ ਰਿਪੋਰਟ ਮੁਤਾਬਕ ਅਰਥਸ਼ਾਸਤਰੀਆਂ ਵੱਲੋਂ ਇਹ ਰਾਸ਼ੀ ਅਗਲੇ 15 ਸਾਲਾਂ ਵਿੱਚ ਕੀਤੇ ਜਾਣ ਵਾਲੀ ਆਰਥਿਕ ਖੋਜ ਦੇ ਕਾਰਜਾਂ ਲਈ ਦਾਨ ਕੀਤੀ ਜਾਵੇਗੀ।

Previous articleGoa debates renaming road after Manohar Parrikar
Next articleHappy that Sena didn’t vote for CAB: Chidambaram