(ਸਮਾਜ ਵੀਕਲੀ)
ਐਂਕਰ : ਤਾਂ ਦੋਸਤੋ ਅੱਜਕੱਲ੍ਹ ਸਾਰੇ ਵਿਚਕਾਰ ਪਹੁੰਚੇ ਨੇ ਮਸ਼ਹੂਰ ਲੀਡਰ ਜਿਨ੍ਹਾਂ ਦਾ ਨਾਮ ਤਾਂ ਇੰਨਾ ਮਸ਼ਹੂਰ ਨਹੀਂ ਪਰ ਜਿਨ੍ਹਾਂ ਦੀ ਪਾਰਟੀ ਬਦਲਣ ਦੀ ਆਦਤ ਇੰਨੀ ਮਸ਼ਹੂਰ ਹੈ ਕਿ ਉਹ ਹੁਣ ਲੋਕਾਂ ਦੇ ਵਿੱਚ ਉਹ ਜਾਣੇ ਜਾਂਦੇ ਨੇ ‘ਚੱਕਮਾ ਚੁੱਲ੍ਹਾ’ ਦੇ ਨਾਮ ਨਾਲ਼। ਹੁਣੇ ਇਹ ਤਾਜ਼ੀ ਤਾਜ਼ੀ ਪਾਰਟੀ ਬਦਲ ਕੇ ਹਟੇ ਨੇ, ਆਪਣਾ ਚੱਕਮਾ ਚੁੱਲ੍ਹਾ ਨਵੀਂ ਪਾਰਟੀ ਭਾਵ ਬਹੁਕਰ ਪਾਰਟੀ ਵਿੱਚੋਂ ਪੱਟ ਕੇ ਮੁੜ ਆਪਣੀ ਪੁਰਾਣੀ ਪਾਰਟੀ ਯਾਨੀ ਕਿ ਥਪੜਾ ਪਾਰਟੀ ਵਿੱਚ ਫਿੱਟ ਕਰ ਕੇ ਹਟੇ ਨੇ। ਆਓ ਜਾਣਦੇ ਆਂ ਚੱਕਮਾ ਚੁੱਲ੍ਹਾ ਜੀ ਮੁੜ ਥਪੜਾ ਪਾਰਟੀ ਕਿਉਂ ਜੁਆਇਨ ਕੀਤੀ ? ਬਹੁਕਰ ਪਾਰਟੀ ਕਿਉਂ ਛੱਡੀ ? ਹਾਂ ਤਾਂ ਚੱਕਮਾ ਚੁੱਲ੍ਹਾ ਜੀ ਸਟੂਡੀਓ ਵਿੱਚ ਆਉਣ ‘ਤੇ ਤੁਹਾਡਾ ਬਹੁਤ ਬਹੁਤ ਸੁਆਗਤ, ਤੁਹਾਨੂੰ ਜੀ ਆਇਆ ਨੂੰ।
ਲੀਡਰ : ਬਹੁਤ ਬਹੁਤ ਸ਼ੁਕਰੀਆ ਜੀ ਜੋ ਤੁਸੀਂ ਇੰਨਾ ਮਾਣ–ਸਤਿਕਾਰ ਦਿੱਤਾ, ਨਹੀਂ ਤਾਂ ਅੱਜ ਤੱਕ ਜਿੱਥੇ ਵੀ ਗਿਆਂ, ਲੋਕਾਂ ਨੇ ਗਾਲ਼ਾਂ ਨਾਲ਼ ਨਵਾਜਿਐ ਜਾਂ ਫਿਰ ਤਾਹਨੇ–ਮਿਹਣਿਆਂ ਨਾਲ਼। ਇੱਕ ਦੋ ਥਾਵਾਂ ਤੋਂ ਤਾਂ ਛਿੱਤਰ–ਪੋਲਾ ਵੀ ਕਰਾ ਕੇ ਮੁੜਿਆਂ।
ਐਂਕਰ : ਦੇਖੋ ਜੀ, ਨੀਤ ਨੂੰ ਮੁਰਾਦਾਂ ਨੇ। ਜਿਹੋ ਜਿਹੇ ਤੁਹਾਡੇ ਲੱਛਣ ਨੇ, ਤੁਹਾਡੇ ਨਾਲ਼ ਤਾਂ ਇੰਝ ਹੋਣੀ ਹੀ ਚਾਹੀਦੀ ਐ।
ਲੀਡਰ : ਕਿਉਂ ਬਈ ਮੈਂ ਕੀ ਚੋਰੀ ਕਰਲੀ ਕਿ ਡਾਕਾ ਮਾਰ ਲਿਆ ਕਿ ਕਿਸੇ ਦੀ ਧੀ–ਭੈਣ ਛੇੜਤੀ…
ਐਂਕਰ : ਹੋਰ ਕੀ ਤੁਸੀਂ ਚਾਹੁਨੇ ਓਂ ਕਿ ਤੁਹਾਡੀ ਇਹ ਵਾਰ–ਵਾਰ ਪਾਰਟੀ ਬਦਲਣ ਦੀ ਆਦਤ ਕਰਕੇ ਲੋਕ ਤੁਹਾਡੇ ਗੇਂਦੇ ਦੇ ਫੁੱਲਾਂ ਦੇ ਹਾਰ ਪਾਉਣ ?
ਲੀਡਰ : ਚੱਲ ਗੇਂਦੇ ਦੇ ਫੁੱਲਾਂ ਦੇ ਹਾਰ ਨਾ ਪਾਉਣ ਪਰ ਘੱਟੋ–ਘੱਟ ਛਿੱਤਰਾਂ ਦੇ ਹਾਰ ਤਾਂ ਨਾ ਪਾਉਣ।
ਐਂਕਰ : ਸ਼ੁਕਰ ਐ ਅਜੇ ਤੱਕ ਕੱਲਾ ਛਿੱਤਰਾਂ ਦਾ ਹਾਰ ਹੀ ਪਾਉਂਦੇ ਨੇ, ਜਿੱਦਣ ਉਨ੍ਹਾਂ ਛਿੱਤਰ ਚੱਕ ਲਿਆ ਫੇਰ ਤੁਸੀਂ ਭਾਲ਼ੇ ਨਹੀਂ ਥਿਆਉਣੇ…..
ਲੀਡਰ : ਚਲੋ ਜੋ ਹੈ ਸੋ ਹੈ ਪਰ ਤੁਸੀਂ ਤਾਂ ਨਾ ਇਹੋ ਜਿਹੀਆਂ ਬਲੱਡ ਘਟਾਊ ਗੱਲਾਂ ਕਰੋ !!
ਐਂਕਰ : ਫੇਰ ਤੁਸੀਂ ਵਾਰ ਵਾਰ ਪਾਰਟੀ ਨਾ ਬਦਲੋ।
ਲੀਡਰ : ਦੇਖੋ ਜੀ ਸਿਆਣਿਆਂ ਕਿਹਾ ਬਈ ਉਹੀ ਬੰਦਾ ਮਹਾਨ ਹੁੰਦੈ ਜਿਹੜਾ ਆਪਣੀ ਗਲਤੀ ਮੰਨ ਲੈਂਦੈ। ਮੈਂ ਤਾਂ ਹਰੇਕ ਵਾਰ ਗਲਤੀ ਮੰਨਦਾਂ ਪਰ ਲੋਕ ਮੈਨੂੰ ਮਹਾਨ ਸਮਝਦੇ ਈ ਨਹੀਂ !!
ਐਂਕਰ : ਐਂ ਪੈਰ ਪੈਰ ‘ਤੇ ਪਾਰਟੀ ਬਦਲ ਲੈਣਾ ਕਿਹੜੀ ਮਹਾਨਤੈ ?
ਲੀਡਰ : ਕਿਉਂ ਬਈ ਘਰ ਵਾਪਸੀ ਕੋਈ ਮਾੜੀ ਗੱਲ ਐ…. ਸਿਆਣੇ ਕਹਿੰਦੇ ਆ ਬਈ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਮੁੜ ਆਵੇ ਤਾਂ ਉਹਨੂੰ ਭੁੱਲਿਆ ਨਹੀਂ ਕਹਿਣਾ ਚਾਹੀਦਾ।
ਐਂਕਰ : ਪਰ ਤੁਸੀਂ ਤਾਂ ਸ਼ਾਮ ਵੀ ਨਹੀਂ ਪੈਣ ਦਿੰਦੇ…. ਉਹਦੇ ਤੋਂ ਪਹਿਲਾਂ ਦੁਪਹਿਰ ਨੂੰ ਈ ਪਾਰਟੀ ਬਦਲ ਲੈਨੇ ਓਂ। ਓ ਇੰਨੀ ਛੇਤੀ ਤਾਂ ਜੁਆਕ ਦੇ ਡਾਈਪਰ ਵੀ ਨਹੀਂ ਬਦਲੇ ਜਾਂਦੇ, ਜਿੰਨੀ ਛੇਤੀ ਤੁਸੀਂ ਪਾਰਟੀ ਬਦਲ ਲੈਨੇ ਓਂ।
ਲੀਡਰ : ਹੋਰ ਦੱਸੋ ਮੈਂ ਕੀ ਕਰਾਂ ? ਜਿਹੜੀ ਪਾਰਟੀ ਵੀ ਮੈਂ ਜੁਆਇਨ ਕਰਦਾਂ, ਉਹ ਬਾਹਰੋਂ ਤਾਂ ਅੰਜਲੀਨਾ ਜੌਲੀ ਅਰਗੀ ਲਗਦੀ ਐ….
ਐਂਕਰ : ਤੇ ਅੰਦਰੋਂ ?
ਲੀਡਰ : ਅੰਦਰੋਂ ਚਾਚੀ ਤਾੜਕਾ ਅਰਗੀ…..
ਐਂਕਰ : ਸਿਆਣਿਆਂ ਤਾਂ ਇਹ ਵੀ ਕਿਹੈ ਬਈ ਪਹਾੜ ਤੇ ਢੋਲ ਦੂਰ ਦੇ ਈ ਸੁਹਾਵਣੇ ਲਗਦੇ ਨੇ। ਜਦੋਂ ਤੁਹਾਨੂੰ ਪਤਾ ਹੈ ਕਿ ਸਾਰੀਆਂ ਪਾਰਟੀਆਂ ਹੀ ਅੰਦਰੋਂ ਇੱਕੋ ਜਿਹੀਆਂ ਤਾਂ ਫੇਰ ਵਾਰ ਵਾਰ ਪਾਰਟੀ ਬਦਲਣ ਦਾ ਕੀ ਮਤਲਬ ?
ਲੀਡਰ : ਚਲੋ ਬੰਦਾ ਟਰਾਈ ਤਾਂ ਮਾਰਦਾ ਈ ਐ ਜੀ ? ਹੁਣ ਤੁਸੀਂ ਦੇਖੋ ਬਈ ਕਿਸੇ ਬੰਦੇ ਦਾ ਹੋਜੇ ਵਿਆਹ ਤੇ ਘਰਆਲ਼ੀ ਉਹਦੇ ਨਿੱਕਲ਼ੇ ਬਘਿਆੜੀ ਅਰਗੀ…. ਹੁਣ ਜੇ ਬੰਦਾ ਉਹਨੂੰ ਤਲਾਕ ਦੇ ਕੇ ਹੋਰ ਵਿਆਹ ਕਰ ਲਵੇ ਤਾਂ ਉਹਨੂੰ ਤੁਸੀਂ ਸਿਆਣਾ ਕਹੋਂਗੇ ਕਿ ਕਮਲ਼ਾ ?
ਐਂਕਰ : ਕੀ ਗੱਲ, ਥੋਡੀ ਹਰੇਕ ਘਰਆਲ਼ੀ ਓ ਬਘਿਆੜੀ ਅਰਗੀ ਨਿੱਕਲ਼ੀ ਐ ?
ਲੀਡਰ : ਹਾਂ ਜੀ
ਐਂਕਰ : ਹੋ ਸਕਦੈ, ਘਰਆਲ਼ੀ ਬਘਿਆੜੀ ਨਾ ਹੋਵੇ….? ਬੰਦਾ ਈ ਗਿੱਦੜ ਹੋਵੇ !
ਲੀਡਰ : ਗਿੱਦੜ ? ਓ ਮੈਂ ਤਾਂ ਸ਼ੇਰ ਆਂ ਜੀ ਸ਼ੇਰ।
ਐਂਕਰ : ਸ਼ੇਰ….. ਹਾਹਾਹਾਹਾ…. ਮੈਨੂੰ ਤਾਂ ਤੁਸੀਂ ਸਰਕਸ ਆਲ਼ੇ ਸ਼ੇਰ ਲਗਦੇ ਓਂ ਜਿਹੜਾ ਰਿੰਗ ਮਾਸਟਰ ਦੇ ਛਾਂਟੇ ‘ਤੇ ਗਿੱਝਿਆ ਹੁੰਦੈ !!
ਲੀਡਰ : ਮੈਂ ਜੰਗਲੀ ਸ਼ੇਰ ਆਂ…
ਐਂਕਰ : ਫੇਰ ਹਰੇਕ ਪਾਰਟੀ ਵਿੱਚੋਂ ਪੂਛ ਜੀ ਦੱਬ ਕੇ ਕਾਹਤੋਂ ਫਰਾਰ ਹੋ ਜਾਨੇ ਓਂ ? ਜੇ ਸ਼ੇਰ ਓਂ ਤਾਂ ਪਾਰਟੀ ਵਿੱਚ ਰਹਿ ਕੇ ਮੁਸੀਬਤਾਂ ਦਾ ਸਾਹਮਣਾ ਕਰੋ। ਸ਼ੇਰ ਕਦੇ ਮੈਦਾਨ ਛੱਡ ਕੇ ਭੱਜਦੇ ਨੀ ਹੁੰਦੇ।
ਲੀਡਰ : ਉਹ ਬੇਵਕੂਫ ਸ਼ੇਰ ਹੁੰਦੇ ਆ, ਜਿਹੜੇ ਹਾਰ ਦਾ ਪਤਾ ਹੁੰਦੇ ਹੋਏ ਬਈ ਖਹਿਬਜੀ ਜਾਂਦੇ ਆ…. ਜੰਗ ਤੇ ਪਿਆਰ ‘ਚ ਸਭ ਕੁਝ ਜਾਇਜ਼ ਐ…..
ਐਂਕਰ : ਮੈਦਾਨ ਛੱਡ ਕੇ ਭੱਜਣਾ ਵੀ ਜਾਇਜ਼ ਐ ?
ਲੀਡਰ : ਸਿਆਣਾ ਸ਼ੇਰ ਉਹੀ ਆ ਜਿਹੜਾ ਜੰਗ ਦੇ ਮੈਦਾਨ ‘ਚੋਂ ਜਿਊਂਦਾ ਮੁੜ ਆਵੇ….. ਭਾਵੇਂ ਸਾਰੇ ਜੰਗਲ ਦੀ ਕੁਰਬਾਨੀ ਦੇਣੀ ਪੈਜੇ ਪਰ ਸ਼ੇਰ ਨੀ ਮਰਨਾ ਚਾਹੀਦਾ।
ਐਂਕਰ : ਫੇਰ ਤੁਸੀਂ ਆਪਣੇ ਆਪ ਨੂੰ ਸ਼ੇਰ ਨੀ ਲੂੰਬੜੀ ਕਹੋ।
ਲੀਡਰ : ਚਲੋ ਜੇ ਕਹਿਣਾ ਈ ਐ ਤਾਂ ਲੂੰਬੜ ਕਹਿਲੋ, ਊਈਂ ਕਾਹਤੋਂ ਬੈਠੇ–ਬਠਾਏ ਮੈਨੂੰ ਜਨਾਨੀ ਬਣਾਈ ਜਾਨੇ ਓਂ !!
ਐਂਕਰ : ਚਲੋ ਲੂੰਬੜ ਜੀ, ਤੁਸੀਂ ਇਹ ਦੱਸੋ ਕਿ ਤੁਸੀਂ ਹੁਣੇ ਹੁਣੇ ਤਾਜ਼ੀ ਤਾਜ਼ੀ ਇੱਕ ਪਾਰਟੀ ਛੱਡੀ ਐ ਕਿਉਂ ?
ਲੀਡਰ : ਓ ਅੰਗੂਰ ਖੱਟੇ ਸੀ ਜੀ ਤਾਂ ਕਰਕੇ
ਐਂਕਰ : ਅੰਗੂਰ ਕਿਵੇਂ ਖੱਟੇ ਸੀ ਖੁੱਲ ਕੇ ਸਮਝਾਓ….. ਸਾਡੇ ਦਰਸ਼ਕ ਜਾਨਣਾ ਚਾਹੁੰਦੇ ਨੇ ਕਿ ਪਹਿਲਾਂ ਤੁਸੀਂ ”ਥਪੜਾ” ਪਾਰਟੀ ਨੂੰ ਛੱਡ ਕੇ ”ਬਹੁਕਰ” ਆਲ਼ੀ ਪਾਰਟੀ ‘ਚ ਵੜਗੇ ਸੀ। ਬਹੁਕਰ ਦਾ ਤੀਲਾ ਤੀਲਾ ਖੰਡਾ ਕੇ ਤੁਸੀਂ ਮੁੜ ਥਪੜਾ ਪਾਰਟੀ ‘ਚ ਆਗੇ ? ਕਿਉਂ ?
ਲੀਡਰ : ਮੈਨੂੰ ਪਹਿਲਾਂ ਲੱਗਿਆ ਸੀ ਕਿ ਬਹੁਕਰ ਪਾਰਟੀ ਵਧੀਐ ਸੋ ਮੈਂ ਥਪੜਾ ਪਾਰਟੀ ਦੇ ਥਪੜਿਆਂ ਤੋਂ ਟਲ਼ਦਾ ਬਹੁਕਰ ਪਾਰਟੀ ‘ਚ ਜਾ ਵੜਿਆ। ਓਥੇ ਜਾ ਕੇ ਦੇਖਿਆ ਕਿ ਉਹ ਤਾਂ ਪਤੰਦਰ ਸਾਰੇ ਈ, ਸਾਰੀ ਦਿਹਾੜੀ ਬਹੁਕਰ ਖੜ੍ਹੀ ਭਾਲ਼ਦੇ ਸੀ। ਮੈਂ ਸੋਚਿਆ ਮਨਾ ਆਹ ਬਹੁਕਰ ਪਾਰਟੀ ਆਲ਼ੇ ਤਾਂ ਥਪੜੇ ਸਣੇ ਜੂਤ–ਪਤਾਣ ਵੀ ਕਰਦੇ ਆ, ਡਾਂਗ–ਸੋਟੇ ਆਲ਼ਾ ਵੀ ਕੋਈ ਪਹਰੇਜ ਨੀ ਕਰਦੇ। ਜੇ ਥਪੜੇ ਈ ਖਾਣੇ ਸੀ ਤਾਂ ਪੁਰਾਣੀ ਥਪੜਾ ਪਾਰਟੀ ਕੀ ਮਾੜੀ ਸੀ !!
ਐਂਕਰ : ਤੁਸੀਂ ਬਹੁਕਰ ਪਾਰਟੀ ਆਲ਼ੇ ਡਾਂਗ–ਸੋਟੇ ‘ਤੇ ਕਿੰਤੂ ਪਰੰਤੂ ਕਰੀ ਜਾਨੇ ਓਂ, ਪਰ ਕਦੇ ਤੁਸੀਂ ਆਪਣੀ ਪੀੜ੍ਹੀ ਥੱਲੇ ਵੀ ਸੋਟਾ ਫੇਰ ਕੇ ਵੇਖਿਐ ?
ਲੀਡਰ : ਨਾ ਪੀੜ੍ਹੀ ‘ਤੇ ਬੈਠਣ ਨੂੰ ਮੇਰੇ ਕਿਹੜਾ ਵਟਣਾ ਮਲ਼ਿਆ ਜਾਣੈ…!! ਮੈਂ ਤਾਂ ਪੀੜ੍ਹੀ ‘ਤੇ ਬਹਿੰਦਾ ਈ ਨਹੀਂ।
ਐਂਕਰ : ਉਹ ਤਾਂ ਸਾਨੂੰ ਪਤੈ ਬਈ ਕੁਰਸੀ ਤੋਂ ਬਿਨਾਂ ਥੋਡਾ ਪਿਛਵਾੜਾ ਹੋਰ ਕਿਤੇ ਟਿਕਦਾ ਈ ਨਹੀਂ…. ਤਾਂ ਹੀ ਤਾਂ ਤੁਸੀਂ ਥਾਂ ਥਾਂ ਥੱਲਾ ਧਰਦੇ ਫਿਰਦੇ ਓਂ, ਇਸ ਆਸ ਨਾਲ਼ ਬਈ ਥੋਡੇ ਥੱਲੇ ਨੂੰ ਕਦੇ ਤਾਂ ਕੁਰਸੀ ਨਸੀਬ ਹੋਊ !!
ਲੀਡਰ : ਫੇਰ ਇਹਦੇ ‘ਚ ਮਾੜਾ ਵੀ ਕੀ ਐ ? ਲੀਡਰ ਉਹੀ ਐ ਜਿਹਦੇ ਕੋਲ਼ ਕੁਰਸੀ ਐ, ਕੁਰਸੀ ਤੋਂ ਬਿਨਾਂ ਤਾਂ ਲੀਡਰ ਐਂ ਆ ਜਿਵੇਂ ਬਿਨਾਂ ਸਿੰਗਾਂ ਤੋਂ ਖੋਤਾ।
ਐਂਕਰ : ਮਤਲਬ ਤੁਸੀਂ ਸਿੰਗਾਂ ਆਲ਼ਾ ਖੋਤਾ ਬਣਨਾ ਚਾਹੁੰਨੇ ਓਂ ?
ਲੀਡਰ : ਖੋਤਾ ਕਿਉਂ ਜੀ ਮੈਂ ਤਾਂ ਨੁਕਰਾ ਘੋੜਾ ਬਣਨਾ ਚਾਹੁੰਨਾਂ
ਐਂਕਰ : ਪਰ ਨੁਕਰੇ ਘੋੜੇ ਦੇ ਕਿਹੜਾ ਸਿੰਗ ਹੁੰਦੇ ਆ ?
ਲੀਡਰ : (ਸੋਚ ਕੇ ) ਅੱਛਾ ਘੋੜੇ ਦੇ ਸਿੰਗ ਨਹੀਂ ਹੁੰਦੇ ? ਚਲੋ ਫੇਰ ਢੱਠਾ ਲਾ ਲੋ।
ਐਂਕਰ : ਅੱਛਾ ਤਾਂ ਤੁਸੀਂ ਸਿਆਸਤੀ ਢੱਠੇ ਓਂ !! ਜਿਹਨੂੰ ਇੱਕ ਪਾਰਟੀ ਆਲ਼ਿਆਂ ਨੇ ਦਾਗ ਕੇ ਛੱਡਤਾ ਤੇ ਉਹ ਹੁਣ ਹੋਰ ਪਾਰਟੀਆਂ ਦੀਆਂ ਬੇਗਾਨੀਆਂ ਖੁਰਲੀਆਂ ਵਿੱਚ ਮੂੰਹ ਮਾਰਦਾ ਫਿਰਦੈ।
ਲੀਡਰ : (ਸੋਚ ਕੇ ਜਿਵੇਂ ਫਸ ਗਿਆ ਹੋਵੇ) ਨਹੀਂ ਜੀ, ਨਾ ਮੈਂ ਘੋੜਾ ਨਾ ਗਧਾ, ਨਾ ਢੱਠਾ ਨਾ ਲੂੰਬੜ ਨਾ ਸ਼ੇਰ… ਮੈਂ ਹੈਗਾਂ ਬੰਦਾ…. ਸਿਆਸੀ ਬੰਦਾ
ਐਂਕਰ : ਉਹ ਸਿਆਸੀ ਬੰਦਾ ਜਿਹਦੀ ਰੱਸੇ ਚੱਬਣ ਦੀ ਆਦਤ ਅਜੇ ਵੀ ਬਰਕਰਾਰ ਐ
ਲੀਡਰ : ਤੁਸੀਂ ਜੀ ਸਾਰਿਆਂ ਨੂੰ ਇੱਕੋ ਰੱਸੇ ਨਾ ਬੰਨ੍ਹੋ।
ਐਂਕਰ : ਇੱਕੋ ਰੱਸੇ ਨਹੀਂ ਬੰਨ੍ਹਿਆ, ਬੱਸ ਆਹ ਗੱਲ ਕੀਤੀ ਐ ਬਈ ਸੌ ਹੱਥ ਰੱਸਾ ਸਿਰੇ ‘ਤੇ ਗੰਢ… ਗੱਲ ਮੁਕਾਓ, ਹੁਣ ਐਂ ਦੱਸੋ ਬਈ ਆਹ ਥਪੜਾ ਪਾਰਟੀ ਕਦੋਂ ਬਦਲਣੀ ਐ ?
ਲੀਡਰ : ਹੁਣ ਨਹੀਂ ਬਦਲਣੀ ਜੀ, ਇਹ ਮੇਰੀ ਮਾਂ ਪਾਰਟੀ ਐ।
ਐਂਕਰ : ਇਹ ਗੱਲ ਤਾਂ ਤੁਸੀਂ ਹਰੇਕ ਪਾਰਟੀ ਜੁਆਇਨ ਕਰ ਕੇ, ਹਰੇਕ ਪਾਰਟੀ ਬਾਰੇ ਈ ਕਹਿਨੇ ਓਂ।
ਲੀਡਰ : ਉਹ ਮੇਰਾ ਭੁਲੇਖਾ ਸੀ ਉਹ ਨਿੱਕਲ਼ ਗਿਆ, ਹੁਣ ਮੈਂ ਤਾਅ ਉਮਰ ਥਪੜਾ ਪਾਰਟੀ ਨਾਲ਼ ਈ ਜੁੜ ਕੇ ਰਹਿਣੈ….
ਐਂਕਰ : ਸਾਡੇ ਕੋਲ਼ ਹੁਣੇ ਨਿਊਜ ਪਹੁੰਚੀ ਐ ਬਈ ਥਪੜਾ ਪਾਰਟੀ ਨੇ ਅਗਲੀ ਚੋਣਾਂ ਵਿੱਚ ਤੁਹਾਡੇ ਇਲਾਕੇ ਤੋਂ ਹੋਰ ਬੰਦੇ ਨੂੰ ਟਿਕਟ ਦੇ ਦਿੱਤੀ ਐ
ਲੀਡਰ : (ਹੈਰਾਨ ਪਰੇਸ਼ਾਨ ਪਰ ਰਤਾ ਕੁ ਸੰਭਲ਼ ਕੇ) ਕੋਈ ਨਾ ਜੀ, ਪਾਰਟੀ ਦਾ ਫੈਸਲਾ ਸਿਰ ਮੱਥੇ, ਉਹ ਮੈਨੂੰ ਹੋਰ ਥਾਏਂ ਟਿਕਟ ਦੇਦੂ।
ਐਂਕਰ : ਨਹੀਂ ਜੀ, ਸਾਰੇ ਹਲਕਿਆਂ ਵਿੱਚ ਟਿਕਟਾਂ ਦੀ ਵੰਡ ਪਹਿਲਾਂ ਈ ਹੋਗੀ ਸੀ, ਤੁਹਾਨੂੰ ਤਾਂ ਹੁਣ ਟਿਕਟ ਪ੍ਰਾਪਤੀ ਲਈ 5 ਸਾਲ ਵੇਟ ਕਰਨੀ ਪਊ।
ਡਰ : (ਚਿੰਤਾ ਜਿਹੀ ਨਾਲ਼) ਅੱਛਾ ਜੀ, ਥੱਪੜਾ ਪਾਰਟੀ ਨੇ ਸਾਰੀਆਂ ਟਿਕਟਾਂ ਵੰਡ ਵੀ ਦਿੱਤੀਆਂ ? ਮੇਰੇ ਹਿੱਸੇ ਕੋਈ ਹਲਕਾ ਨ੍ਹੀਂ ਆਇਆ ?
ਐਂਕਰ : ਨਹੀਂ ਜੀ
ਲੀਡਰ : ਚਲੋ ਕੋਈ ਨਾ ਮੈਂ ਬਹੁਕਰ ਪਾਰਟੀ ਨੂੰ ਪੁੱਛ ਕੇ ਦੇਖਦਾਂ…. ਜੇ ਮੇਰੀ ਮੁੜ ਘਰ ਵਾਪਸੀ ਕਰਾ ਲੈਣ ਤਾਂ…. ਨਾਲ਼ੇ ਹਜੇ ਤਾਂ ਸ਼ਾਮ ਵੀ ਨਹੀਂ ਹੋਈ, ਹੋ ਸਕਦੈ ਭੁੱਲੇ ਭਟਕੇ ਨੂੰ ਕੋਈ ਪਾਰਟੀ ਟਿਕਟ ਦੇ ਈ ਦੇਵੇ… !!!
ਡਾ. ਸਵਾਮੀ ਸਰਬਜੀਤ
ਪਟਿਆਲ਼ਾ
98884 01328
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly