” ਚੰਨ ਕੱਲਾ ਦਿਸਦਾ

ਹਰਕਮਲ ਧਾਲੀਵਾਲ

(ਸਮਾਜ ਵੀਕਲੀ)

ਟੁੱਟ ਗਏ ਨੇ ਤਾਰੇ,
ਨੇਂ ਪਾਣੀ ਹਵਾ ਹੋਏ
ਬੱਦਲ ਲੁੱਟ ਨੇਂ ਸਾਰੇ;
ਅੰਬਰਾਂ ਨੂੰ ਜ਼ਖ਼ਮ ਜਦ
ਦਿੱਤਾ ਹਵਾ ਨੇਂ,
ਅੰਬਰੋਂ ਵੀ ਹੰਝੂ
 ਹੁਣ ਰਿਸਦੇ ਪਏ ਨੇਂ,
ਉਝੜੇ ਜੇ’ ਪਿੰਡਾਂ ਦੇ
ਮਿਟ ਗਏ ਸਿਰਨਾਵੇਂ;
ਹੋ ਬੰਦ ਪਏ ਬੂਹੇ
ਹੁਣ ਦਿਸਦੇ ਪਏ ਨੇ…;
ਉਹ ਕੋਰੇ ਦਿਨਾਂ ਨੂੰ
ਰੰਗ ਸੀ ਜੋ ਚੜ੍ਹਦੇ,
ਉਹ ਰੁੱਖਾਂ ਦੀ ਬੋਲੀ
ਜੋ ਚਾਅ ਨਾ’ ਸੀ ਪੜ੍ਹਦੇ;
ਹੋ ਖੇਤਾਂ ਦੇ ਸਾਵੇਂ,
ਉਹ ਡੁੱਬਦੀਆਂ ਰਾਤਾਂ,
ਹੁਣ ਚੜ੍ਹਦੇ ਉਹ ਚਾਨਣ
ਨਾਂ ਦਿਸਦੇ ਪਏ ਨੇਂ….;
ਉਹ ਬੋਹੜਾਂ ਦੀ ਛਾਵੇਂ
ਮੇਲੇ ਸੀ ਲੱਗਦੇ,
ਉਹ ਟਾਹਲੀ ਦੇ ਪੱਤ
ਜਦ ਧੇਲੇ ਸੀ ਲੱਗਦੇ;
ਉਹ ਸੁੱਕ ਗਈ ਏ ਟਾਹਲੀ
ਕੁਮਲਾ ਗਏ ਨੇ ਪੱਤਰੇ,
ਬੋਹੜਾਂ ‘ਚ ਹੰਝੂ ਜੋ
ਰਿਸਦੇ ਪਏ ਨੇ;
ਹੋ ਬੰਦ ਪਏ ਬੂਹੇ
ਹੁਣ ਦਿਸਦੇ ਪਏ ਨੇ….;
ਗੁੱਡੀਆਂ ਪਟੋਲੇ ਦੇ
ਵਿਆਹਾਂ ਦਾ ਚਾਅ ਸੀ,
ਹੋ ਬਾਣੀ ਦੇ ਵਰਗੀ
ਲੱਗਦੀ ਜੋ ਮਾਂ ਸੀ;
ਉਹ ਮਾਂ ਦੀ ਦੁਆ ਸੀ
ਜਿਉਂ ਆਇਤ ਖ਼ੁਦਾ ਦੀ,
ਉਹ ਆਇਤ ਜੋ ਅੱਲ੍ਹਾ
ਵੀ ਲਿਖਦੇ ਪਏ ਨੇਂ;
ਹੋ ਬੰਦ ਪਏ ਬੂਹੇ
ਹੁਣ ਦਿਸਦੇ ਪਏ ਨੇ….;
ਉਹ ਤੀਆਂ ਦੇ ਮੇਲੇ
ਗੁੰਮ ਗਏ ਨੇ ਜਦ ਦੇ,
ਉਹ ਕੁੜੀਆਂ ਦੇ ਚਾਅ
ਵੀ ਮਰ ਗਏ ਨੇ ਤਦ ਦੇ;
ਆ ਪਿੱਪਲਾਂ ਦੀ ਛਾਵੇਂ
ਰਲ਼ ਪੀਂਘਾਂ ਪਾਈਏ,
ਟੁੱਟ ਗਏ ਵੰਗਾ ਦੇ ਟੋਟੇ
ਇਹ ਕਿਸਦੇ ਪਏ ਨੇਂ;
ਹੋ ਬੰਦ ਪਏ ਬੂਹੇ
ਹੁਣ ਦਿਸਦੇ ਪਏ ਨੇ….;
ਉਹ ਸੱਥਾਂ ਚ ਸਾਵੇਂ
ਬਜ਼ੁਰਗਾਂ ਦੇ ਬਹੀਏ,
ਇਹ ਥੇਹਾਂ ਦੀ ਬੋਲੀ
ਨੂੰ ਫਿਰ ਸੁਣ ਲਈਏ;
ਉਹ ਫਿੱਕੜੇ ਜੇ’ ਪਰਨੇ,
ਉਹ ਚੁੰਨੀਆਂ ਦੇ ਟੋਟੇ
ਉਹ ਪਾਟੇ ਹੋਏ
ਮੈਨੂੰ ਦਿਸਦੇ ਪਏ ਨੇ;
ਹੋ ਬੰਦ ਪਏ ਬੂਹੇ
ਹੁਣ ਦਿਸਦੇ ਪਏ ਨੇ,
ਉਝੜੇ ਜੇ’ ਪਿੰਡਾਂ ਦੇ
ਮਿਟ ਗਏ ਸਿਰਨਾਵੇਂ;
ਹੋ ਬੰਦ ਪਏ ਬੂਹੇ….;
ਪੱਗ ਚੱਲ ਆਈ
ਟੋਪੀ ਨੂੰ ਛੱਡਕੇ,
ਵੱਖ ਹੋਏ ਭਾਈ
ਜ਼ਮੀਨਾਂ ਨੂੰ ਵੰਡਕੇ,
ਜੇ ਵੰਡਣਾ ਹੀ ਸੀ ਤਾਂ
ਮੁਹੱਬਤਾਂ ਨੂੰ ਵੰਡਦੇ,
ਵੰਡ ਦਿੰਦੇ ਹਾਸੇ
ਰੱਬ ਤਾਂ ਨਾਂ ਵੰਡਦੇ;
ਵੰਡੀਆਂ ਦੇ ਫ਼ੱਟ
ਹੁਣ ਰਿਸਦੇ ਪਏ ਨੇੰ;
ਹੋ ਬੰਦ ਪਏ ਬੂਹੇ
ਹੁਣ ਦਿਸਦੇ ਪਏ ਨੇ,
ਉਝੜੇ ਜੇ’ ਪਿੰਡਾਂ ਦੇ
ਮਿਟ ਗਏ ਸਿਰਨਾਵੇਂ;
ਹੋ ਬੰਦ ਪਏ ਬੂਹੇ….!!”
ਹਰਕਮਲ ਧਾਲੀਵਾਲ
ਸੰਪਰਕ:-8437403720
Previous article14 ਦੀ ਕਿਸਾਨ ਮਹਾਰੈਲੀ ਲਈ ਬੂਲਪੁਰ ਦੇ ਕਿਸਾਨਾਂ ਨੂੰ ਕੀਤਾ ਗਿਆ ਪ੍ਰੇਰਿਤ
Next articleCases with UK Covid variant found in Indonesia