ਭਾਰਤੀ ਸੀਨੀਅਰ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਨੇ ਅੱਜ ਮਹਿਲਾਵਾਂ ਦੇ ਦਸ ਮੀਟਰ ਏਅਰ ਰਾਈਫਲ ਮੁਕਾਬਲੇ ਦੀ ਰੈਂਕਿੰਗਜ਼ ਵਿੱਚ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ, ਜਦਕਿ ਹਮਵਤਨ ਅੰਜੁਮ ਮੌਦਗਿਲ ਲਗਾਤਾਰ ਚੰਗੇ ਪ੍ਰਦਰਸ਼ਨ ਦੀ ਬਦੌਲਤ ਦੂਜੇ ਸਥਾਨ ’ਤੇ ਪਹੁੰਚ ਗਈ।
ਜੈਪੁਰ ਦੀ ਰਾਈਫਲ ਨਿਸ਼ਾਨੇਬਾਜ਼ ਉਨ੍ਹਾਂ ਪੰਜ ਭਾਰਤੀ ਨਿਸ਼ਾਨਚੀਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੇ ਦੇਸ਼ ਲਈ 2020 ਓਲੰਪਿਕ ਕੋਟਾ ਹਾਸਲ ਕੀਤਾ ਹੈ। ਚੰਦੇਲਾ ਨੇ ਫਰਵਰੀ ਵਿੱਚ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ 252.9 ਦੇ ਵਿਸ਼ਵ ਰਿਕਾਰਡ ਸਕੋਰ ਨਾਲ ਸੋਨ ਤਗ਼ਮਾ ਜਿੱਤਿਆ ਸੀ। ਉਹ 2014 ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਸੀ, ਜਦੋਂਕਿ ਗੋਲਡ ਕੋਸਟ ਦੇ ਅਗਲੇ ਗੇੜ ਵਿੱਚ ਕਾਂਸੀ ਹਾਸਲ ਕੀਤੀ ਹੈ। ਬੀਤੇ ਸਾਲ ਏਸ਼ਿਆਈ ਖੇਡਾਂ ਵਿੱਚ ਚੰਦੇਲਾ ਨੇ 10 ਮੀਟਰ ਮਿਕਸਡ ਰਾਈਫਲ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਇਸ ਨਿਸ਼ਾਨੇਬਾਜ਼ ਨੇ ਇਸ ਉਪਲਬਧੀ ਦੀ ਖ਼ੁਸ਼ੀ ਟਵਿੱਟਰ ’ਤੇ ਸਾਂਝੀ ਕਰਦਿਆਂ ਟਵੀਟ ਕੀਤਾ, ‘‘ਅੱਜ ਦੁਨੀਆਂ ਦਾ ਨੰਬਰ ਇੱਕ ਸਥਾਨ ਹਾਸਲ ਕਰਕੇ ਆਪਣੇ ਨਿਸ਼ਾਨੇਬਾਜ਼ੀ ਕਰੀਅਰ ਵਿੱਚ ਉਪਲਬਧੀ ਨੂੰ ਛੂਹ ਲਿਆ।’’ 26 ਸਾਲ ਦੀ ਚੰਦੇਲਾ ਟੋਕੀਓ ਓਲੰਪਿਕ ਲਈ ਸਥਾਨ ਹਾਸਲ ਕਰ ਚੁੱਕੀ ਹੈ, ਪਰ ਉਹ ਪੇਈਚਿੰਗ ਵਿੱਚ ਹਾਲ ਹੀ ਵਿੱਚ ਖ਼ਤਮ ਹੋਏ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ 207.8 ਅੰਕ ਦੇ ਕੁੱਲ ਸਕੋਰ ਨਾਲ ਚੌਥੇ ਸਥਾਨ ’ਤੇ ਰਹੀ। ਅੰਜੁਮ ਮੌਦਗਿਲ ਨੇ ਪੇਈਚਿੰਗ ਵਿੱਚ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿੱਚ ਮਿਕਸਡ ਟੀਮ ਸੋਨ ਤਗ਼ਮਾ ਜਿੱਤਣ ਮਗਰੋਂ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਦੂਜੀ ਰੈਂਕਿੰਗ ਹਾਸਲ ਕੀਤੀ।
ਮਨੂ ਭਾਕਰ 25 ਮੀਟਰ ਪਿਸਟਲ ਮਹਿਲਾ ਵਰਗ ਵਿੱਚ ਦੁਨੀਆ ਦੀ ਦਸਵੇਂ ਨੰਬਰ ਦੀ ਨਿਸ਼ਾਨੇਬਾਜ਼ ਹੈ। ਪੁਰਸ਼ਾਂ ਵਿੱਚ ਦਿਵਿਆਂਸ਼ ਸਿੰਘ ਪੰਵਾਰ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦਸ ਮੀਟਰ ਏਅਰ ਰਾਈਫਲ ਵਰਗ ’ਚ ਦੁਨੀਆ ਦਾ ਚੌਥਾ ਸਰਵੋਤਮ ਨਿਸ਼ਾਨੇਬਾਜ਼ ਬਣ ਗਿਆ। ਦਿਵਿਆਂਸ਼ ਨੇ ਪੇਈਚਿੰਗ ਵਿਸ਼ਵ ਕੱਪ ਦੌਰਾਨ 10 ਮੀਟਰ ਏਅਰ ਰਾਈਫਲ ਦੇ ਵਿਅਕਤੀਗਤ ਅਤੇ ਮਿਕਸਡ ਟੀਮ ਮੁਕਾਬਲੇ ਵਿੱਚ ਦੋ ਸੋਨ ਤਗ਼ਮੇ ਜਿੱਤੇ ਸਨ ਅਤੇ ਨਾਲ ਹੀ 2020 ਟੋਕੀਓ ਓਲੰਪਿਕ ਦਾ ਕੋਟਾ ਹਾਸਲ ਕੀਤਾ ਸੀ।
ਇਸੇ ਟੂਰਨਾਮੈਂਟ ਦੌਰਾਨ ਸੋਨ ਤਗ਼ਮਾ ਜਿੱਤਣ ਵਾਲੇ ਅਭਿਸ਼ੇਕ ਵਰਮਾ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਵਿਸ਼ਵ ਰੈਂਕਿੰਗਜ਼ ਵਿੱਚ ਤੀਜੇ ਸਥਾਨ ’ਤੇ ਪਹੁੰਚ ਗਿਆ। ਭਾਰਤ ਦੇ ਨੌਜਵਾਨ ਨਿਸ਼ਾਨੇਬਾਜ਼ ਸੌਰਭ ਚੌਧਰੀ ਦੀ ਰੈਂਕਿੰਗ ਛੇ ਹੈ। ਭਾਰਤ ਦੇ ਪ੍ਰਤਿਭਾਸ਼ਾਲੀ ਨੌਜਵਾਨ ਨਿਸ਼ਾਨੇਬਾਜ਼ ਅਸ਼ੀਸ਼ ਭਾਨਵਾਲਾ 25 ਮੀਟਰ ਰੈਪਿਡ ਫਾਇਰ ਪਿਸਟਲ ਵਰਗ ਵਿੱਚ ਦਸਵੇਂ ਸਥਾਨ ’ਤੇ ਹੈ।
Sports ਚੰਦੇਲਾ ਦੁਨੀਆਂ ਦੀ ਅੱਵਲ ਨੰਬਰ ਨਿਸ਼ਾਨਚੀ ਬਣੀ