ਧੋਨੀ ਦੇ ਧਮਾਲ ਤੇ ਸਪਿੰਨਰਾਂ ਦੇ ਕਮਾਲ ਨਾਲ ਚੇਨੱਈ ਦੀ ਵੱਡੀ ਜਿੱਤ

ਕਪਤਾਨ ਮਹਿੰਦਰ ਸਿੰਘ ਧੋਨੀ ਵੱਲੋਂ ਵਿਕਟ ਦੇ ਅੱਗੇ ਤੇ ਪਿੱਛੇ ਵਿਖਾਏ ਜ਼ਬਰਦਸਤ ਪ੍ਰਦਰਸ਼ਨ ਤੇ ਇਮਰਾਨ ਤਾਹਿਰ ਦੀ ਅਗਵਾਈ ਵਿੱਚ ਸਪਿੰਨਰਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਮੇਜ਼ਬਾਨ ਚੇਨੱਈ ਸੁਪਰਕਿੰਗਜ਼ ਦੀ ਟੀਮ ਆਈਪੀਐਲ ਦੇ ਇਕ ਮੁਕਾਬਲੇ ਵਿੱਚ ਦਿੱਲੀ ਕੈਪੀਟਲਜ਼ ਦੀ ਟੀਮ ਖ਼ਿਲਾਫ਼ 80 ਦੌੜਾਂ ਦੀ ਵੱਡੀ ਜਿੱਤ ਦਰਜ ਕਰਦਿਆਂ ਆਈਪੀਐਲ 2019 ਦੀ ਅੰਕ ਸੂਚੀ ਵਿੱਚ ਸਿਖਰਲੇ ਸਥਾਨ ’ਤੇ ਪੁੱਜ ਗਈ ਹੈ। ਚੇਨੱਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚਾਰ ਵਿਕਟਾਂ ਦੇ ਨੁਕਸਾਨ ਨਾਲ 179 ਦੌੜਾਂ ਬਣਾਈਆਂ ਤੇ ਇਸ ਟੀਚੇ ਦਾ ਪਿੱਛਾ ਕਰਦਿਆਂ ਦਿੱਲੀ ਦੀ ਟੀਮ 16.2 ਓਵਰਾਂ ਵਿੱਚ 99 ਦੌੜਾਂ ’ਤੇ ਢੇਰ ਹੋ ਗਈ। ਇਸ ਜਿੱਤ ਨਾਲ ਚੇਨੱਈ ਨੇ ਲੀਗ ਗੇੜ ਵਿੱਚ ਸਿਖਰਲੀਆਂ ਦੋ ਟੀਮਾਂ ’ਚ ਥਾਂ ਪੱਕੀ ਕਰ ਲਈ ਹੈ ਤੇ ਹੁਣ ਟੀਮ ਨੂੰ ਫਾਈਨਲ ਵਿੱਚ ਦਾਖ਼ਲੇ ਲਈ ਦੋ ਮੌਕੇ ਮਿਲਣਗੇ। ਦਿੱਲੀ ਲਈ ਕਪਤਾਨ ਸ਼੍ਰੇਅਸ ਅੱਈਅਰ (44) ਤੇ ਸ਼ਿਖਰ ਧਵਨ (19) ਹੀ ਦੋਹਰੇ ਅੰਕਾਂ ਤਕ ਪੁੱਜ ਸਕੇ। ਚੇਨੱਈ ਲਈ ਲੈੱਗ ਸਪਿੰਨਰ ਰਵਿੰਦਰ ਜਡੇਜਾ ਨੇ ਨੌਂ ਦੌੜਾਂ ਬਦਲੇ ਤਿੰਨ ਵਿਕਟ ਲਏ। ਹਰਭਜਨ ਸਿੰਘ ਤੇ ਦੀਪਕ ਚਾਹਰ ਦੇ ਹਿੱਸੇ ਇਕ ਇਕ ਵਿਕਟ ਆਇਆ। ਧੋਨੀ ਨੇ ਇਕ ਕੈਚ ਤੇ ਦੋ ਖਿਡਾਰੀ ਸਟੰਪ ਕੀਤੇ। ਚੇਨੱਈ ਦੀ 13 ਮੈਚਾਂ ਵਿੱਚ ਇਹ ਨੌਵੀਂ ਜਿੱਤ ਹੈ। ਇਸ ਤੋਂ ਪਹਿਲਾਂ ਸੁਰੇਸ਼ ਰੈਣਾ ਦੇ ਨੀਮ ਸੈਂਕੜੇ ਅਤੇ ਮਹਿੰਦਰ ਸਿੰਘ ਧੋਨੀ ਦੀ ਤੇਜ਼ ਤਰਾਰ ਪਾਰੀ ਦੀ ਬਦੌਲਤ ਚੇਨੱਈ ਸੁਪਰ ਕਿੰਗਜ਼ ਨੇ ਹੌਲੀ ਸ਼ੁਰੂਆਤ ਕਰਦਿਆਂ ਦਿੱਲੀ ਕੈਪੀਟਲਜ਼ ਖ਼ਿਲਾਫ਼ ਚਾਰ ਵਿਕਟਾਂ ’ਤੇ 179 ਦੌੜਾਂ ਬਣਾਈਆਂ। ਰੈਣਾ ਨੇ 37 ਗੇਂਦਾਂ ’ਤੇ 59 ਦੌੜਾਂ ਦੀ ਪਾਰੀ ਖੇਡੀ ਅਤੇ ਫਾਫ ਡੂਪਲੇਸਿਸ (41 ਗੇਂਦਾਂ ’ਤੇ 39 ਦੌੜਾਂ) ਨਾਲ ਦੂਜੀ ਵਿਕਟ ਲਈ 83 ਦੌੜਾਂ ਦੀ ਭਾਈਵਾਲੀ ਕੀਤੀ। ਧੋਨੀ ਨੇ 22 ਗੇਂਦਾਂ ਵਿੱਚ ਚਾਰ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ ਨਾਬਾਦ 44 ਦੌੜਾਂ ਬਣਾਈਆਂ ਅਤੇ ਟੀਮ ਨੂੰ ਚੁਣੌਤੀਪੂਰਨ ਸਕੋਰ ਤੱਕ ਪਹੁੰਚਾਇਆ। ਰਵਿੰਦਰ ਜਡੇਜਾ ਨੇ ਦਸ ਗੇਂਦਾਂ ’ਤੇ 25 ਦੌੜਾਂ ਦਾ ਯੋਗਦਾਨ ਪਾਇਆ। ਚੇਨੱਈ ਨੇ ਆਖ਼ਰੀ ਛੇ ਓਵਰਾਂ ਵਿੱਚ 91 ਦੌੜਾਂ ਬਣਾਈਆਂ। ਚੇਨੱਈ ਦੇ ਕਪਤਾਨ ਧੋਨੀ ਨੇ ਟ੍ਰੈਂਟ ਬੋਲਟ ਦੀ ਪਾਰੀ ਦੇ ਆਖ਼ਰੀ ਦੋ ਗੇਂਦਾਂ ’ਤੇ ਛੱਕੇ ਮਾਰੇ। ਬੋਲਟ ਨੇ ਸ਼ੁਰੂ ਵਿੱਚ ਖੱਬੇ ਹੱਥ ਦੇ ਸਪਿੰਨਰ ਜੇ ਸੁਚਿਤ (28 ਦੌੜਾਂ ਦੇ ਕੇ ਦੋ ਵਿਕਟਾਂ) ਨਾਲ ਬੇਹੱਦ ਕਸਵੀਂ ਗੇਂਦਬਾਜ਼ੀ ਕੀਤੀ। ਪਾਵਰਪਲੇਅ ਤੱਕ ਚੇਨੱਈ ਦਾ ਸਕੋਰ ਇੱਕ ਵਿਕਟ ’ਤੇ 27 ਦੌੜਾਂ ਅਤੇ ਦਸ ਓਵਰਾਂ ਮਗਰੋਂ ਇੱਕ ਵਿਕਟ ’ਤੇ 53 ਦੌੜਾਂ ਸੀ। ਇਸ ਦਾ ਪ੍ਰਮੁੱਖ ਕਾਰਨ ਡੂਪਲੇਸਿਸ ਦੀ ਹੌਲੀ ਬੱਲੇਬਾਜ਼ੀ ਸੀ, ਜੋ ਸਪਿੰਨਰਾਂ ਸਾਹਮਣੇ ਅਸਹਿਜ ਨਜ਼ਰ ਆ ਰਿਹਾ ਸੀ। ਬਿਮਾਰ ਹੋਣ ਕਾਰਨ ਪਿਛਲੇ ਮੈਚ ਤੋਂ ਬਾਹਰ ਰਹੇ ਧੋਨੀ ਨੇ ਅੱਜ ਆਖ਼ਰੀ ਓਵਰਾਂ ਵਿੱਚ ਲੰਮੇ ਸ਼ਾਟ ਲਾਉਣ ਦੀ ਆਪਣੀ ਸਮਰੱਥਾ ਵਿਖਾਈ। ਕ੍ਰਿਸ ਮੌਰਿਸ (47 ਦੌੜਾਂ ਦੇ ਕੇ) ਅਤੇ ਅਕਸ਼ਰ ਪਟੇਲ (31 ਦੌੜਾਂ ਦੇ ਕੇ) ਨੇ ਇੱਕ-ਇੱਕ ਵਿਕਟ ਲਈ।

Previous articleਚੰਦੇਲਾ ਦੁਨੀਆਂ ਦੀ ਅੱਵਲ ਨੰਬਰ ਨਿਸ਼ਾਨਚੀ ਬਣੀ
Next articleIndia, Pakistan trade fire on LoC in Poonch