ਚੰਦਰਯਾਨ-2 ਦੀ ਨਾਕਾਮੀ ਤੋਂ ਨਿਰਾਸ਼ ਹੋਣ ਦੀ ਲੋੜ ਨਹੀਂ: ਮੋਦੀ

ਚੰਦਰਯਾਨ-2 ਦੇ ਲੈਂਡਰ ‘ਵਿਕਰਮ’ ਦੇ ਚੰਦਰਮਾ ਦੀ ਸਤਹਿ ’ਤੇ ਉੱਤਰਨ ਤੋਂ ਕੁਝ ਮਿੰਟ ਪਹਿਲਾਂ ਜ਼ਮੀਨੀ ਸਟੇਸ਼ਨ ਨਾਲ ਉਸ ਦਾ ਸੰਪਰਕ ਟੁੱਟਣ ਗਿਆ। ਮਹਿਜ਼ 2.1 ਕਿਲੋਮੀਟਰ ਪਹਿਲਾਂ ਲੈਂਡਰ ਦਾ ਇਸਰੋ ਨਾਲ ਸੰਪਰਕ ਟੁੱਟਣ ਕਰਕੇ ਭਾਰਤ ਇਤਿਹਾਸ ਬਣਾਉਣ ਤੋਂ ਖੁੰਝ ਗਿਆ। ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਨਿਰਾਸ਼ ਹੋਏ ਵਿਗਿਆਨੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਹ ਦਿਲ ਛੋਟਾ ਨਾ ਕਰਨ ਕਿਉਂਕਿ ‘ਨਵੀਂ ਸਵੇਰ ਹੋਵੇਗੀ ਅਤੇ ਬਿਹਤਰ ਕੱਲ ਹੋਵੇਗਾ।’ ਮਿਸ਼ਨ ਦੇ ਅਧੂਰੇ ਰਹਿਣ ਮਗਰੋਂ ਸ੍ਰੀ ਮੋਦੀ ਨੇ ਭਾਸ਼ਨ ’ਚ ਆਸ, ਇਕਜੁੱਟਤਾ ਅਤੇ ਉਮੀਦ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਵਿਗਿਆਨੀਆਂ ’ਤੇ ਮਾਣ ਹੈ ਅਤੇ ਪੂਰਾ ਮੁਲਕ ਉਨ੍ਹਾਂ ਨਾਲ ਖੜ੍ਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ,‘‘ਅਸੀਂ ਬਹੁਤ ਨੇੜੇ ਪਹੁੰਚ ਗਏ ਸੀ ਪਰ ਸਾਨੂੰ ਅਜੇ ਹੋਰ ਅੱਗੇ ਜਾਣਾ ਹੋਵੇਗਾ। ਅੱਜ ਮਿਲੀ ਸਿੱਖਿਆ ਸਾਨੂੰ ਹੋਰ ਮਜ਼ਬੂਤ ਅਤੇ ਬਿਹਤਰ ਬਣਾਏਗੀ। ਮੁਲਕ ਨੂੰ ਆਪਣੇ ਪੁਲਾੜ ਪ੍ਰੋਗਰਾਮਾਂ ਅਤੇ ਵਿਗਿਆਨਿਕਾਂ ’ਤੇ ਮਾਣ ਹੈ। ਅਸੀਂ ਪੁਲਾੜ ਪ੍ਰੋਗਰਾਮ ’ਚ ਅਜੇ ਸਰਬੋਤਮ ਬਣਨਾ ਹੈ।’’ ਉਨ੍ਹਾਂ ਕਿਹਾ ਕਿ ਚੰਦਰਮਾ ਨੂੰ ਛੂਹਣ ਦੀ ਖਾਹਿਸ਼ ਹੁਣ ਹੋਰ ਮਜ਼ਬੂਤ ਅਤੇ ਤੇਜ਼ ਹੋ ਗਈ ਹੈ। ‘ਤੁਹਾਡੀਆਂ ਅੱਖਾਂ ਨੇ ਕਾਫੀ ਕੁਝ ਬਿਆਨ ਕਰ ਦਿੱਤਾ ਹੈ ਅਤੇ ਮੈਂ ਤੁਹਾਡੇ ਚਿਹਰੇ ਦੀ ਨਿਰਾਸ਼ਾ ਨੂੰ ਪੜ੍ਹ ਸਕਦਾ ਹਾਂ। ਮੈਂ ਵੀ ਤੁਹਾਡੇ ਨਾਲ ਉਨ੍ਹਾਂ ਪਲਾਂ ਨੂੰ ਮਹਿਸੂਸ ਕੀਤਾ ਹੈ।’’ ਸ੍ਰੀ ਮੋਦੀ ਨੇ ਕਿਹਾ ਕਿ ਉਹ ਭਾਸ਼ਨ ਨਹੀਂ ਦੇਣਾ ਚਾਹੁੰਦੇ ਸਗੋਂ ਉਨ੍ਹਾਂ ਨੂੰ ਪ੍ਰੇਰਿਤ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ,‘‘ਇਸਰੋ ਦੇ ਵਿਗਿਆਨੀ ਮੱਖਣ ’ਤੇ ਨਹੀਂ ਸਗੋਂ ਪੱਥਰ ’ਤੇ ਲਕੀਰ ਮਾਰਨ ਵਾਲੇ ਲੋਕ ਹਨ। ਜਿੰਨਾ ਹੋ ਸਕਦਾ ਸੀ ਤੁਸੀਂ ੳਨਾ ਹੀ ਕਰੀਬ ਆਏ। ਹੁਣ ਅੱਗੇ ਵੱਲ ਦੇਖੋ। ਸਾਡਾ ਜਜ਼ਬਾ ਨਹੀਂ ਟੁੱਟਿਆ ਹੈ।’’ ਚੰਦਰਯਾਨ-2 ਮਿਸ਼ਨ ਲਈ ਪ੍ਰਧਾਨ ਮੰਤਰੀ ਤੋਂ ਇਲਾਵਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਹੋਰ ਆਗੂਆਂ ਨੇ ਇਸਰੋ ਦੇ ਵਿਗਿਆਨੀਆਂ ਨਾਲ ਇਕਜੁੱਟਤਾ ਦਿਖਾਈ ਹੈ। ਸ੍ਰੀਮਤੀ ਸੋਨੀਆ ਗਾਂਧੀ ਨੇ ਕਿਹਾ ਕਿ ਮੁਲਕ ਇਸਰੋ ਦਾ ਰਿਣੀ ਹੈ ਜਿਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਨਾਲ ਭਾਰਤ ਨੇ ਪੁਲਾੜ ’ਚ ਆਪਣਾ ਸਥਾਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਚੰਦਰਯਾਨ-2 ਨੇ ਵੱਡੀਆਂ ਪੁਲਾਘਾਂ ਦੀ ਨੀਂਹ ਪਾ ਦਿੱਤੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਕਾਂਗਰਸ ਆਗੂ ਰਾਹੁਲ ਗਾਂਧੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਮੇਤ ਹੋਰ ਆਗੂਆਂ ਨੇ ਇਸਰੋ ਦੇ ਵਿਗਿਆਨੀਆਂ ’ਤੇ ਮਾਣ ਮਹਿਸੂਸ ਕਰਦਿਆਂ ਉਨ੍ਹਾਂ ਨੂੰ ਹੌਸਲਾ ਨਾ ਛੱਡਣ ਲਈ ਕਿਹਾ ਹੈ।

Previous articleਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਲਈ ਆਈ. ਸੀ. ਆਈ. ਸੀ. ਆਈ. ਬੈਂਕ ਵਲੋ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੂੰ 1000 ਮੱਛਰਦਾਨੀਆਂ ਸੌਪੀਆਂ ਗਈਆਂ
Next articleਪਾਕਿ ਕੋਵਿੰਦ ਲਈ ਹਵਾਈ ਖੇਤਰ ਨਹੀਂ ਖੋਲ੍ਹੇਗਾ