* ਬਾਜ਼ਾਰ ਬੰਦ ਰਹੇ; ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਮੁੜ ਠੱਪ
* ਪਾਕਿਸਤਾਨੀ ਗੋਲੀਬਾਰੀ ’ਚ ਇਕ ਜਵਾਨ ਸ਼ਹੀਦ
ਸਥਾਨਕ ਲਾਲ ਚੌਕ ਨੇੜਿਓਂ ਬੈਰੀਕੇਡ ਹਟਾ ਕੇ ਸਨਅਤੀ ਇਲਾਕੇ ਵਿਚ 15 ਦਿਨਾਂ ਬਾਅਦ ਲੋਕਾਂ ਦੇ ਆਉਣ-ਜਾਣ ਤੇ ਆਵਾਜਾਈ ਨੂੰ ਢਿੱਲ ਦਿੱਤੀ ਗਈ। ਇਸੇ ਤਰ੍ਹਾਂ ਕੁਝ ਹੋਰ ਇਲਾਕਿਆਂ ਵਿਚ ਵੀ ਢਿੱਲ ਦਿੱਤੀ ਗਈ ਹੈ ਜਦੋਂਕਿ ਕੁਝ ਇਲਾਕਿਆਂ ਵਿਚ ਪਹਿਲਾਂ ਦੀ ਤਰ੍ਹਾਂ ਸਖ਼ਤੀ ਲਾਗੂ ਹੈ। ਇਸੇ ਦੌਰਾਨ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚ ਕੰਟਰੋਲ ਰੇਖਾ ਨੇੜਲੇ ਪਿੰਡਾਂ ਤੇ ਚੌਕੀਆਂ ’ਤੇ ਪਾਕਿਸਤਾਨੀ ਫੌਜ ਵੱਲੋਂ ਕੀਤੀ
ਗਈ ਗੋਲੀਬਾਰੀ ’ਚ ਭਾਰਤੀ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਸੋਮਵਾਰ ਨੂੰ ਸਕੂਲ ਖੁੱਲ੍ਹਣ ਦੇ ਬਾਵਜੂਦ ਬਹੁਤੇ ਪ੍ਰਾਇਮਰੀ ਸਕੂਲਾਂ ਵਿਚ ਹਾਜ਼ਰੀ ਨਾ ਦੇ ਬਰਾਬਰ ਰਹੀ ਜਦੋਂਕਿ ਸਰਕਾਰੀ ਦਫ਼ਤਰਾਂ ਵਿਚ ਹਾਜ਼ਰੀ ਵਧ ਰਹੀ ਹੈ। ਸ਼ਹਿਰ ਦੇ ਕੁਝ ਇਲਾਕੇ ਵਿਚ ਆਵਾਜਾਈ ਚੱਲਣੀ ਸ਼ੁਰੂ ਹੋ ਗਈ ਹੈ ਤੇ ਬਾਕੀ ਹਲਕਿਆਂ ’ਚ ਅਜੇ ਸਖ਼ਤੀ ਲਾਗੂ ਹੈ। ਕੁਝ ਇਲਾਕਿਆਂ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਵਧੇਰੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਵਾਦੀ ’ਚ ਬਾਜ਼ਾਰ ਬੰਦ ਰਹੇ ਤੇ ਜਨਤਕ ਟਰਾਂਸਪੋਰਟ ਸੇਵਾਵਾਂ ਵੀ ਠੱਪ ਰਹੀਆਂ। ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਮੁੜ ਠੱਪ ਕਰ ਦਿੱਤੀਆਂ ਗਈਆਂ ਹਨ ਤੇ ਲੈਂਡਲਾਈਨ ਫੋਨ ਸੇਵਾ ਵੀ ਕੁਝ ਇਲਾਕਿਆਂ ਵਿੱਚ ਬੰਦ ਹੈ।
ਪੁਲੀਸ ਵੱਲੋਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ- ਜੰਮੂ: ਜੰਮੂ ਕਸ਼ਮੀਰ ਪੁਲੀਸ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਕਰਦਿਆਂ ਅਪੀਲ ਕੀਤੀ ਹੈ ਕਿ ਸਮਾਜ ਵਿਰੋਧੀ ਕਾਰਵਾਈ ਕਰਨ ਵਾਲਿਆਂ ਦੀ ਜਾਣਕਾਰੀ ਪੁਲੀਸ ਤਕ ਪੁੱਜਦੀ ਕੀਤੀ ਜਾਵੇ। ਅਜਿਹੀਆਂ ਕਾਰਵਾਈਆਂ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਕੇ ਵੱਖ ਵੱਖ ਥਾਣਿਆਂ ਵਿਚ ਕੇਸ ਦਰਜ ਕੀਤੇ ਗਏ ਹਨ।