‘ਚੰਡੀਗੜ੍ਹ ਦੀ ਅਵਾਜ਼’ ਸੰਸਥਾ ਦੇ ਮੁਖੀ ਅਵਿਨਾਸ਼ ਸਿੰਘ ਸ਼ਰਮਾ ਨੇ ਅੱਜ ਸੱਤਿਆਗ੍ਰਹਿ ਦਾ ਐਲਾਨ ਕਰਦਿਆਂ ਸੈਕਟਰ-17 ਵਿਚ ਡਿਪਟੀ ਕਮਸ਼ਿਨਰ ਦੇ ਦਫਤਰ ਨੇੜੇ ਧਰਨਾ ਦੇ ਕੇ ਮਰਨ ਵਰਤ ਸ਼ੁਰੂ ਕਰ ਦਿੱਤਾ। ਸ੍ਰੀ ਸ਼ਰਮਾ ਵੱਲੋਂ ਮਰਨ ਵਰਤ ਰੱਖਣ ਕਾਰਨ ਪੁਲੀਸ ਹਰਕਤ ਵਿਚ ਆ ਗਈ ਅਤੇ ਉਸ ਦੀ ਘੇਰਾਬੰਦੀ ਕਰ ਲਈ। ਇਸ ਮੌਕੇ ਸ੍ਰੀ ਸ਼ਰਮਾ ਨੇ ਦਾਅਵਾ ਕੀਤਾ ਕਿ ਕਈ ਸਾਲ ਪਹਿਲਾਂ ਹਾਈ ਕੋਰਟ ਨੇ ਇਕ ਮਾਮਲੇ ਵਿਚ 29 ਅਗਸਤ 2018 ਨੂੰ ਚੰਡੀਗੜ੍ਹ ਵਿਚੋਂ ਪੈਰੀਫੇਰੀ ਕੰਟਰੋਲ ਐਕਟ-1952 ਖਤਮ ਕਰ ਦਿੱਤਾ ਸੀ ਪਰ ਪ੍ਰਸ਼ਾਸਨ ਇਸ ਦੇ ਬਾਵਜੂਦ ਪਿੰਡਾਂ ਦੇ ਲਾਲ ਡੋਰੇ ਤੋਂ ਬਾਹਰ ਹੋਈਆਂ ਉਸਾਰੀਆਂ ਨੂੰ ਢਾਹ ਕੇ ਗਰੀਬਮਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਵੀ ਸੈਂਕੜੇ ਪਰਿਵਾਰਾਂ ਨੂੰ ਮਕਾਨ ਤੋੜਣ ਦੇ ਨੋਟਿਸ ਜਾਰੀ ਕਰਕੇ ਅਦਾਲਤ ਦੀ ਮਾਨਹਾਨੀ ਕੀਤੀ ਜਾ ਰਹੀ ਹੈ। ਸ੍ਰੀ ਸ਼ਰਮਾ ਨੇ ਦੋਸ਼ ਲਾਇਆ ਕਿ ਨੋਟਿਸਾਂ ਦੀ ਆੜ ਹੇਠ ਕਥਿਤ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਮੁੱਦੇ ਉਪਰ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਲੀਡਰਸ਼ਿਪ ਵੀ ਲੋਕਾਂ ਨੂੰ ਗੁੰਮਰਾਹ ਕਰਦੀ ਆ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਫੈਸਲੇ ਦੇ ਬਾਵਜੂਦ ਲਾਲ ਡੋਰੇ ਤੋਂ ਬਾਹਰ ਮਕਾਨ ਤੋੜਣ ਵਾਲੇ ਅਧਿਕਾਰੀਆਂ ਨੂੰ ਜੁਰਮਾਨੇ ਕੀਤੇ ਜਾਣ ਅਤੇ ਮਾਨਹਾਨੀ ਦੇ ਕੇਸ ਵੀ ਚਲਾਏ ਜਾਣ। ਪੁਲੀਸ ਨੇ ਬਾਅਦ ਵਿਚ ਸ੍ਰੀ ਸ਼ਰਮਾ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਸੈਕਟਰ-17 ਦੇ ਥਾਣੇ ਵਿਚ ਬੰਦ ਕਰ ਦਿੱਤਾ।