ਮਮਤਾ ਵਲੋਂ ਸ਼ਾਹ ਦੀ ਰੱਥ ਯਾਤਰਾ ਨੂੰ ਪ੍ਰਵਾਨਗੀ ਦੇਣ ਤੋਂ ਨਾਂਹ

ਪੱਛਮੀ ਬੰਗਾਲ ਸਰਕਾਰ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਕੂਚ ਬਿਹਾਰ ਤੋਂ ਸ਼ੁਰੂ ਹੋਣ ਵਾਲੀ ‘ਰੱਥ ਯਾਤਰਾ’ ਨੂੰ ਇਸ ਆਧਾਰ ’ਤੇ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਇਸ ਕਾਰਨ ਫਿਰਕੂ ਤਣਾਅ ਪੈਦਾ ਹੋ ਸਕਦਾ ਹੈ। ਰਾਜ ਦੇ ਐਡਵੋਕੇਟ ਜਨਰਲ ਕਿਸ਼ੋਰ ਦੱਤਾ ਨੇ ਵੀਰਵਾਰ ਨੂੰ ਕੋਲਕਾਤਾ ਹਾਈ ਕੋਰਟ ਵਿਚ ਵਿਚ ਇਹ ਜਾਣਕਾਰੀ ਦਿੱਤੀ ਹੈ। ਇਸ ਦੌਰਾਨ, ਕੋਲਕਾਤਾ ਹਾਈ ਕੋਰਟ ਨੇ ਕਿਹਾ ਕਿ ਉਹ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੀ ਰੱਥ ਯਾਤਰਾ ਨੂੰ ਇਸ ਪੜਾਅ ’ਤੇ ਪ੍ਰਵਾਨਗੀ ਨਹੀਂ ਦੇ ਸਕਦੀ। ਉਧਰ, ਭਾਜਪਾ ਨੇ ਇਸ ਫ਼ੈਸਲੇ ਖਿਲਾਫ਼ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਕੋਲ ਪਹੁੰਚ ਕਰਨ ਦਾ ਫ਼ੈਸਲਾ ਕੀਤਾ ਹੈ। ਜਸਟਿਸ ਤਪਬ੍ਰਤ ਚਕਰਬਰਤੀ ਨੇ ਕਿਹਾ ਕਿ ਉਹ ਭਾਜਪਾ ਵਲੋਂ ਇਸ ਪੜਾਅ ’ਤੇ ਰਥ ਯਾਤਰਾ ਲਈ ਪ੍ਰਵਾਨਗੀ ਨਹੀਂ ਦੇ ਸਕਦੇ। ਅਮਿਤ ਸ਼ਾਹ ਵਲੋਂ ਪਾਰਟੀ ‘ਲੋਕਤੰਤਰ ਬਚਾਓ ਰੈਲੀ’ ਸਮੇਤ ਰਥ ਯਾਤਰਾਵਾਂ ਕੱਢਣ ਦੀ ਯੋਜਨਾ ਸੀ। ਰਾਜ ਸਰਕਾਰ ਨੇ ਆਖਿਆ ਕਿ ਇਸ ਰੱਥ ਯਾਤਰਾ ਕਾਰਨ ਜ਼ਿਲੇ ਵਿਚ ਫਿਰਕੂ ਮਾਹੌਲ ਖਰਾਬ ਹੋ ਸਕਦਾ ਹੈ। ਸ੍ਰੀ ਦੱਤਾ ਨੇ ਕਿਹਾ ਕਿ ਇਸ ਜ਼ਿਲੇ ਵਿਚ ਫਿਰਕੂ ਮੁੱਦਿਆਂ ਕਾਰਨ ਤਣਾਅ ਪੈਦਾ ਹੋਣ ਦਾ ਇਤਿਹਾਸ ਰਿਹਾ ਹੈ ਤੇ ਅਜਿਹੇ ਮਾਹੌਲ ਵਿਚ ਕੁਝ ਸ਼ਰਾਰਤੀ ਅਨਸਰ ਸਰਗਰਮ ਹੋ ਸਕਦੇ ਹਨ।

Previous articleਗੰਨਾ ਕਾਸ਼ਤਕਾਰਾਂ ਪ੍ਰਤੀ ਬੇਰੁਖ਼ੀ ਕੈਪਟਨ ਸਰਕਾਰ ਨੂੰ ਮਹਿੰਗੀ ਪਈ
Next article‘ਚੰਡੀਗੜ੍ਹ ਦੀ ਅਵਾਜ਼’ ਸੰਸਥਾ ਦੇ ਮੁਖੀ ਵੱਲੋਂ ਮਰਨ ਵਰਤ