ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਪ੍ਰਸ਼ਾਸਕੀ ਅਸਾਮੀਆਂ ਲਈ ਪੰਜਾਬ ਅਤੇ ਹਰਿਆਣਾ ਵਿੱਚ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਨੂੰ ਯਕੀਨੀ ਬਣਾਉਣ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਪ੍ਰਧਾਨ ਮੰਤਰੀ ਦੇ ਨਿੱਜੀ ਦਖਲ ਦੀ ਮੰਗ ਕਰਦੇ ਹੋਏ ਬੇਨਤੀ ਕੀਤੀ ਹੈ ਕਿ ਉਹ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਯੂਟੀ ਵਿੱਚ ਸਿਵਲ ਅਸਾਮੀਆਂ ਪੁਰ ਕਰਨ ਲਈ ਪੰਜਾਬ ਤੇ ਹਰਿਆਣਾ ਵਿਚਕਾਰ 60:40 ਦਾ ਅਨੁਪਾਤ ਬਣਾਈ ਰੱਖਣ ਲਈ ਜਲਦੀ ਕਦਮ ਚੁੱਕਣ ਵਾਸਤੇ ਅਧਿਕਾਰੀਆਂ ਨੂੰ ਸਲਾਹ ਦੇਣ ਕਿਉਂਕਿ ਇਹ ਸਥਿਤੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ। ਆਪਣੇ ਪੱਤਰ ਵਿੱਚ ਕੈਪਟਨ ਨੇ ਕਿਹਾ ਹੈ ਕਿ ਇਹ ਢਾਰਸ ਦੇਣ ਵਾਲੀ ਗੱਲ ਸੀ ਕਿ ਇਸ ਸਾਲ ਪਹਿਲੀ ਅਕਤੂਬਰ ਨੂੰ ਲਿਖੇ ਉਨ੍ਹਾਂ ਦੇ ਪੱਤਰ ਦੇ ਜਵਾਬ ਵਿਚ ਭਾਰਤ ਸਰਕਾਰ ਨੇ ਚੰਡੀਗੜ੍ਹ ਪੁਲੀਸ ਦੇ ਡੀਐਸਪੀਜ਼ ਦੀਆਂ ਅਸਾਮੀਆਂ ਦਾ ਦਿੱਲੀ, ਅੰਡੇਮਾਨ, ਨਿਕੋਬਾਰ ਆਈਲੈਂਡਜ਼ ਪੁਲੀਸ ਸਰਵਿਸ (ਡੀਏਐਨ ਆਈਪੀਐਸ) ਵਿੱਚ ਰਲੇਵਾਂ ਕਰਨ ਸਬੰਧੀ 25 ਸਤੰਬਰ, 2018 ਦੇ ਨੋਟੀਫਿਕੇਸ਼ਨ ’ਤੇ ਆਰਜ਼ੀ ਰੋਕ ਲਾਉਣ ’ਤੇ ਸਹਿਮਤੀ ਜਤਾਈ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮੇਂ ਚੰਡੀਗੜ੍ਹ ਪ੍ਰਸ਼ਾਸਨ ਵਿੱਚ 14 ਆਈਏਐਸ ਅਫਸਰ ਤਾਇਨਾਤ ਹਨ ਅਤੇ ਇਨ੍ਹਾਂ ਵਿੱਚੋਂ ਸਿਰਫ ਤਿੰਨ ਪੰਜਾਬ ਨਾਲ ਅਤੇ ਦੋ ਹਰਿਆਣਾ ਨਾਲ ਸਬੰਧਤ ਹਨ ਜਦਕਿ ਬਾਕੀ ਅਧਿਕਾਰੀ ਯੂਟੀ ਕਾਡਰ ਦੇ ਹਨ। ਇਸ ਤਰ੍ਹਾਂ ਹੀ ਚੰਡੀਗੜ੍ਹ ਵਿੱਚ 7 ਆਈਪੀਐਸ ਅਧਿਕਾਰੀ ਤਾਇਨਾਤ ਹਨ ਇਨ੍ਹਾਂ ਵਿੱਚੋਂ ਸਿਰਫ 1-1 ਅਧਿਕਾਰੀ ਪੰਜਾਬ ਅਤੇ ਹਰਿਆਣਾ ਨਾਲ ਸਬੰਧਤ ਹੈ ਜਦਕਿ ਬਾਕੀ 5 ਅਧਿਕਾਰੀ ਯੂ.ਟੀ ਕਾਡਰ ਦੇ ਹਨ। ਚੰਡੀਗੜ੍ਹ ਪ੍ਰਸ਼ਾਸਨ ਵਿੱਚ ਅਧਿਕਾਰੀਆਂ ਨੂੰ ਲਾਉਣ ਵਾਸਤੇ 60:40 ਦੇ ਅਨੁਪਾਤ ਨੂੰ ਬਰਕਰਾਰ ਨਹੀਂ ਰੱਖਿਆ ਜਾ ਰਿਹਾ। ਇਹੋ ਸਥਿਤੀ ਹੋਰ ਸ਼੍ਰੇਣੀਆਂ ਦੇ ਮੁਲਾਜ਼ਮਾਂ ਬਾਰੇ ਹੈ ਜਿਨ੍ਹਾਂ ਵਿੱਚ ਅਧਿਆਪਕ, ਡਾਕਟਰ ਅਤੇ ਹੋਰ ਸਿਵਲ ਅਧਿਕਾਰੀ ਸ਼ਾਮਲ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ ਦੇ 1 ਦੀ ਥਾਂ 2 ਫੀਸਦੀ ਦਰ ਨਾਲ ਸੁਕਾਈ ਦੇਣ ਦੀ ਮੰਗ ਨੂੰ ਲੈ ਕੇ ਕੇਂਦਰੀ ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਵਢਾਈ ਤੋਂ ਐਨ ਪਹਿਲਾਂ ਬੇ-ਮੌਸਮੀ ਮੀਂਹ ਅਤੇ ਗੜੇਮਾਰੀ ਕਾਰਨ ਅਜਿਹੀ ਢਿੱਲ ਮੁੱਢਲੇ ਰੂਪ ਵਿੱਚ ਬਹੁਤ ਜ਼ਰੂਰੀ ਹੈ।
HOME ਚੰਡੀਗੜ੍ਹ ’ਚ 60:40 ਦੇ ਅਨੁਪਾਤ ਨੂੰ ਖੋਰਾ ਨਾ ਲਾਇਆ ਜਾਵੇ: ਕੈਪਟਨ