ਚੰਡੀਗੜ੍ਹ ’ਚ ਮਰੀਜ਼ਾਂ ਦੀ ਗਿਣਤੀ 68 ਹੋਈ

ਚੰਡੀਗੜ੍ਹ  (ਸਮਾਜਵੀਕਲੀ) – ਸ਼ਹਿਰ ਵਿੱਚ ਨੋਵਲ ਕਰੋਨਾਵਾਇਰਸ ਦੇ ਅੱਜ 9 ਮਰੀਜ਼ ਹੋਰ ਸਾਹਮਣੇ ਆਉਣ ਨਾਲ ਇਥੇ ਕਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 68 ਤੱਕ ਪਹੁੰਚ ਗਈ ਹੈ। ਇਸੇ ਦੌਰਾਨ ਬੀਤੀ ਦੇਰ ਰਾਤ ਤਿੰਨ ਹੋਰ ਕੇਸ ਸਾਹਮਣੇ ਆਏ ਸਨ। ਵੇਰਵਿਆਂ ਅਨੁਸਾਰ ਬਾਪੂਧਾਮ ਕਲੋਨੀ ਵਿੱਚੋਂ 9 ਕੇਸ, ਸੈਕਟਰ-38 ਵਿੱਚ ਇਕ ਕੇਸ ਤੇ ਸੈਕਟਰ-32 ਹਸਪਤਾਲ ਦੇ ਦੋ ਸਟਾਫ਼ ਮੈਂਬਰ ਕਰੋਨਾ ਪੀੜਤ ਪਾਏ ਗਏ ਸਨ।

ਯੂਟੀ ਦੇ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਬਾਪੂਧਮ ਕਲੋਨੀ ਦੇ ਦੋ ਕਰੋਨਾ ਮਰੀਜ਼ ਲੇਬਰ ਦਾ ਕੰਮ ਕਰਦੇ ਹਨ ਜਿਹੜੇ ਕਿ ਕਲੋਨੀ ਸਥਿਤ ਸਿੰਗਲ ਕਮਰਿਆਂ ਵਿੱਚ ਰਹਿੰਦੇ ਹਨ। ਇਸ ਤੋਂ ਇਲਾਵਾ ਚਾਰ ਮਰੀਜ਼ ਇਕੱਠੇ ਕਮਰਿਆਂ ਵਿੱਚ ਰਹਿੰਦੇ ਹਨ। ਕਲੋਨੀ ਦਾ ਹੀ ਵਸਨੀਕ ਇੱਕ ਮਰੀਜ਼ ਪਲੰਬਰ ਦਾ ਕੰਮ ਕਰਦਾ ਹੈ।

ਉਹ ਜਿਸ ਇਮਾਰਤ ਵਿੱਚ ਕੰਮ ਕਰਦਾ ਹੈ, ਉਸ ਇਮਾਰਤ ਵਿੱਚ 72 ਵਿਅਕਤੀ ਹੋਰ ਰਹਿੰਦੇ ਹਨ ਜਿਨ੍ਹਾਂ ਦੇ ਸੈਂਪਲ ਲਏ ਜਾ ਰਹੇ ਹਨ। ਇਨ੍ਹਾਂ ਤੋਂ ਇਲਾਵਾ ਦੋ ਪਾਜ਼ੇਟਿਵ ਮਰੀਜ਼ਾਂ ਦੀ ਉਮਰ 19 ਅਤੇ 20 ਸਾਲ ਹੈ। ਇਹ 9 ਮਰੀਜ਼ ਬਾਪੂ ਧਾਮ ਕਲੋਨੀ ਦੇ ਸਭ ਤੋਂ ਪਹਿਲੇ ਪਾਜ਼ੇਟਿਵ ਮਰੀਜ਼ ਨਰਿੰਦਰ ਦੇ ਸੰਪਰਕ ਵਿੱਚ ਆਏ ਹਨ।

ਇਸੇ ਤਰ੍ਹਾਂ ਸੈਕਟਰ 38 ਦੀ 80 ਵਰ੍ਹਿਆਂ ਦੀ ਬਿਰਧ ਔਰਤ ਬਲਜੀਤ ਕੌਰ ਵੀ ਕਰੋਨਾ ਪਾਜ਼ੇਟਿਵ ਪਾਈ ਗਈ ਹੈ। ਘਰ ਵਿੱਚ ਇਹ ਬਜ਼ੁਰਗ ਔਰਤ ਸਿਰਫ਼ ਆਪਣੇ ਪਤੀ ਨਾਲ ਹੀ ਰਹਿੰਦੀ ਹੈ। ਉਸ ਦਾ ਗੁਆਂਢੀ ਉਸ ਨੂੰ ਸੈਕਟਰ-16 ਦੇ ਹਸਪਤਾਲ ਲੈ ਕੇ ਗਿਆ ਸੀ। ਸਿਹਤ ਵਿਭਾਗ ਨੇ ਔਰਤ ਦੇ ਪਤੀ, ਗੁਆਂਢੀ ਅਤੇ ਉਸ ਦੇ ਸੰਪਰਕ ਵਿੱਚ ਆਏ 222 ਲੋਕਾਂ ਦੇ ਸੈਂਪਲ ਲੈਣੇ ਸ਼ੁਰੂ ਕਰ ਦਿੱਤੇ ਹਨ।

ਇਸ ਖੇਤਰ ਵਿੱਚ ਵਿਭਾਗ ਨੇ 33 ਘਰਾਂ ਅਤੇ ਇੱਕ ਦੁਕਾਨ ਨੂੰ ਸੀਲ ਕਰ ਦਿੱਤਾ ਹੈ। ਇਸ ਹੋਰ ਜਾਣਕਾਰੀ ਅਨੁਸਾਰ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿੱਚ ਤਾਇਨਾਤ 38 ਅਤੇ 33 ਸਾਲਾਂ ਦੇ ਦੋ ਵਿਅਕਤੀਆਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਪਹਿਲਾ ਮਰੀਜ਼ ਸੈਕਟਰ-32 ਦਾ ਵਸਨੀਕ ਹੈ ਜਦਕਿ ਦੂਸਰਾ ਮਰੀਜ਼ ਸੈਕਟਰ-33 ਦਾ ਵਸਨੀਕ ਹੈ।

ਇਸ ਹਸਪਤਾਲ ਵਿੱਚ ਤਾਇਨਾਤ ਬਾਪੂਧਾਮ ਕਲੋਨੀ ਦੇ ਵਸਨੀਕ ਸਫ਼ਾਈ ਕਰਮਚਾਰੀ ਅਤੇ ਮਹਿਲਾ ਡਾਕਟਰਾਂ ਨੂੰ ਕਰੋਨਾ ਹੋਣ ਉਪਰੰਤ ਹੋਰਨਾਂ ਸਟਾਫ਼ ਮੈਂਬਰਾਂ ਦੇ ਵੀ ਸੈਂਪਲ ਲਏ ਗਏ ਸਨ ਜਿਨ੍ਹਾਂ ਵਿੱਚੋਂ ਉਪਰੋਕਤ ਦੋਵੇਂ ਸਟਾਫ਼ ਮੈਂਬਰਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ।

Previous articleਊਧਵ ਵੱਲੋਂ ਮੋਦੀ ਕੋਲ ਅਸਥਿਰਤਾ ਫੈਲਾਉਣ ਦੀ ਸ਼ਿਕਾਇਤ
Next articleIndian-American wins Republican primary for Ohio district